ਜਲੰਧਰ: ਸ਼ਹਿਰ ਦੇ ਭਾਰਗੋ ਕੈਂਪ ਥਾਣਾ ਖੇਤਰ ਵਿੱਚ ਮੰਗਲਵਾਰ ਦੁਪਹਿਰ ਨੂੰ ਉਸ ਸਮੇਂ ਵੱਡਾ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਤਿੰਨ ਹਥਿਆਰਬੰਦ ਲੁਟੇਰਿਆਂ ਨੇ ‘ਵਿਜੇ ਜਿਊਲਰੀ’ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਲੁਟੇਰੇ ਪਿਸਤੌਲ ਅਤੇ ਦਾਤਰ ਨਾਲ ਲੈਸ ਸਨ ਅਤੇ ਮਹਿਜ਼ ਦੋ ਮਿੰਟਾਂ ਵਿੱਚ ਹੀ ਸੋਨੇ ਦੇ ਗਹਿਣੇ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ।
ਪੁਲਿਸ ਸੂਤਰਾਂ ਅਨੁਸਾਰ, ਦੁਪਹਿਰ ਬਾਅਦ ਕਾਰਵਾਈ ਕਰਦੇ ਹੋਏ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਦੀ ਪਛਾਣ ਕੁਸ਼ਲ ਵਜੋਂ ਹੋਈ ਹੈ, ਜੋ ਭਾਰਗੋ ਕੈਂਪ ਦਾ ਹੀ ਰਹਿਣ ਵਾਲਾ ਹੈ, ਜਦੋਂਕਿ ਦੂਜਾ ਮੁਲਜ਼ਮ ਵੀ ਨੇੜਲੇ ਇਲਾਕੇ ਦਾ ਵਾਸੀ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਤੀਸਰੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ ਹੈ।
ਦਹਿਸ਼ਤ ਦੇ ਦੋ ਮਿੰਟ: ਸੀਸੀਟੀਵੀ ਵਿੱਚ ਕੈਦ ਵਾਰਦਾਤ ਘਟਨਾ ‘ਵਿਜੇ ਜਿਊਲਰੀ’ ਦੀ ਦੁਕਾਨ ਵਿੱਚ ਸਵੇਰੇ 10:49 ਵਜੇ ਵਾਪਰੀ। ਤਿੰਨ ਲੁਟੇਰੇ ਗਾਹਕ ਬਣ ਕੇ ਅੰਦਰ ਦਾਖ਼ਲ ਹੋਏ ਅਤੇ ਫਿਰ ਗੰਨ ਪੁਆਇੰਟ ‘ਤੇ ਦੁਕਾਨ ‘ਤੇ ਮੌਜੂਦ ਦੀਪਕ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਸੀਸੀਟੀਵੀ ਫੁਟੇਜ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਇੱਕ ਲੁਟੇਰੇ ਨੇ ਕਾਊਂਟਰ ਦਾ ਸ਼ੀਸ਼ਾ ਤੋੜ ਦਿੱਤਾ, ਜਦੋਂਕਿ ਬਾਕੀ ਦੋ ਨਕਦੀ ਅਤੇ ਗਹਿਣੇ ਇੱਕ ਬੈਗ ਵਿੱਚ ਇਕੱਠੇ ਕਰਨ ਲੱਗ ਪਏ।
ਜਦੋਂ ਦੀਪਕ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ, ਤਾਂ ਲੁਟੇਰਿਆਂ ਨੇ ਉਸ ਨੂੰ ਪਿਸਤੌਲ ਦਿਖਾ ਕੇ ਮਾਰਨ ਦੀ ਧਮਕੀ ਦਿੱਤੀ। ਲੁਟੇਰਿਆਂ ਨੇ ਤਿਜੋਰੀ ਖੋਲ੍ਹਣ ਲਈ ਮਜਬੂਰ ਕੀਤਾ ਅਤੇ ਉੱਥੋਂ ਲਗਭਗ ਦੋ ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਲਏ। ਜਾਂਦੇ ਸਮੇਂ, ਮੁਲਜ਼ਮਾਂ ਨੇ ਬਾਹਰ ਇਕੱਠੇ ਹੋਏ ਲੋਕਾਂ ਵੱਲ ਹਵਾ ਵਿੱਚ ਪਿਸਤੌਲ ਲਹਿਰਾਏ ਅਤੇ ਗਾਲ੍ਹਾਂ ਕੱਢਦੇ ਹੋਏ ਫ਼ਰਾਰ ਹੋ ਗਏ। ਪ੍ਰਤੱਖਦਰਸ਼ੀਆਂ ਅਨੁਸਾਰ, ਇੱਕ ਲੁਟੇਰੇ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਫਾਇਰ ਮਿਸ ਹੋ ਗਿਆ।
ਪੁਲਿਸ ਜਾਂਚ ਅਤੇ ਵਪਾਰੀਆਂ ਦਾ ਰੋਸ
ਘਟਨਾ ਦੀ ਸੂਚਨਾ ਮਿਲਦਿਆਂ ਹੀ ਏ.ਸੀ.ਪੀ. ਅਤੇ ਭਾਰਗੋ ਕੈਂਪ ਥਾਣੇ ਦੀ ਟੀਮ ਮੌਕੇ ‘ਤੇ ਪਹੁੰਚ ਗਈ ਅਤੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਲਈ। ਫੁਟੇਜ ਦੇ ਆਧਾਰ ‘ਤੇ ਪੁਲਿਸ ਨੇ ਸ਼ੱਕ ਜਤਾਇਆ ਹੈ ਕਿ ਲੁਟੇਰਿਆਂ ਨੇ ਵਾਰਦਾਤ ਤੋਂ ਪਹਿਲਾਂ ਦੁਕਾਨ ਦੀ ਰੇਕੀ ਕੀਤੀ ਸੀ, ਕਿਉਂਕਿ ਉਨ੍ਹਾਂ ਨੇ ਕੇਵਲ ਦੋ ਮਿੰਟਾਂ ਵਿੱਚ ਹੀ ਬਹੁਤ ਸੁਚੱਜੇ ਢੰਗ ਨਾਲ ਲੁੱਟ ਨੂੰ ਅੰਜਾਮ ਦਿੱਤਾ, ਜਿਸ ਤੋਂ ਸਾਫ਼ ਹੈ ਕਿ ਉਹ ਦੁਕਾਨ ਨਾਲ ਭੇਤੀ ਸਨ। ਘਟਨਾ ਤੋਂ ਬਾਅਦ ਸੁਨਿਆਰਾ ਬਾਜ਼ਾਰ ਦੇ ਵਪਾਰੀ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਅਤੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਸਖ਼ਤ ਰੋਸ ਪ੍ਰਗਟ ਕੀਤਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਬਾਜ਼ਾਰ ਬੰਦ ਕਰਕੇ ਧਰਨਾ ਪ੍ਰਦਰਸ਼ਨ ਕਰਨਗੇ।
ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਇਸ ਘਟਨਾ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਸ਼ਹਿਰ ਵਿੱਚ ‘ਲਾਅ ਐਂਡ ਆਰਡਰ’ ਦਾ ਜਨਾਜ਼ਾ ਨਿਕਲ ਚੁੱਕਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਅਜਿਹੀਆਂ ਵਾਰਦਾਤਾਂ ਕਰਨ ਵਾਲਿਆਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ।
