ਜਲੰਧਰ: ਕਮਿਸ਼ਨਰੇਟ ਪੁਲਿਸ ਜਲੰਧਰ ਨੇ ਭਾਰਗੋ ਕੈਂਪ ਸਥਿਤ ਵਿਜੇ ਜਿਊਲਰਜ਼ ਵਿੱਚ ਦਿਨ-ਦਿਹਾੜੇ ਹੋਈ ₹96 ਲੱਖ ਸੋਨੇ ਅਤੇ ₹2 ਲੱਖ ਨਕਦੀ ਦੀ ਸਨਸਨੀਖੇਜ਼ ਡਕੈਤੀ ਦੇ ਮਾਮਲੇ ਨੂੰ ਹੱਲ ਕਰਦੇ ਹੋਏ ਤਿੰਨੋਂ ਫ਼ਰਾਰ ਮੁਲਜ਼ਮਾਂ ਨੂੰ ਰਾਜਸਥਾਨ ਦੇ ਅਜਮੇਰ ਸ਼ਰੀਫ਼ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਨੂੰ ਪਨਾਹ ਦੇਣ ਵਾਲੇ ਇੱਕ ਵਿਅਕਤੀ ਸਮੇਤ ਕੁੱਲ ਚਾਰ ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ।
ਪੁਲਿਸ ਕਮਿਸ਼ਨਰ (ਸੀ.ਪੀ.) ਧਨਪ੍ਰੀਤ ਕੌਰ ਨੇ ਸੋਮਵਾਰ ਦੇਰ ਸ਼ਾਮ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਇਸ ਸਫ਼ਲਤਾ ਦਾ ਖੁਲਾਸਾ ਕੀਤਾ। ਉਨ੍ਹਾਂ ਦੱਸਿਆ ਕਿ ਡਕੈਤਾਂ ਦੀ ਗ੍ਰਿਫ਼ਤਾਰੀ ਲਈ ਡੀ.ਸੀ.ਪੀ. (ਜਾਂਚ) ਮਨਪ੍ਰੀਤ ਸਿੰਘ ਢਿੱਲੋਂ ਅਤੇ ਏ.ਡੀ.ਸੀ.ਪੀ. (ਸਿਟੀ 2) ਹਰਿੰਦਰ ਸਿੰਘ ਗਿੱਲ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਅਤੇ ਭਾਰਗੋ ਕੈਂਪ ਥਾਣੇ ਦੀਆਂ ਟੀਮਾਂ ਸਮੇਤ 20 ਤੋਂ ਵੱਧ ਤਕਨੀਕੀ ਟੀਮਾਂ ਤਾਇਨਾਤ ਕੀਤੀਆਂ ਗਈਆਂ ਸਨ।
ਅਪਰਾਧ ਮਗਰੋਂ ‘ਮਾਫ਼ੀ’ ਲਈ ਦਰਗਾਹ ਦਾ ਸਫ਼ਰ
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਤਕਨੀਕੀ ਜਾਂਚ ਦੇ ਆਧਾਰ ‘ਤੇ ਇਹ ਹੈਰਾਨੀਜਨਕ ਤੱਥ ਸਾਹਮਣੇ ਆਇਆ ਕਿ ਤਿੰਨੇ ਲੁਟੇਰੇ – ਕੁਸ਼ਲ (ਟੁੰਡਾ), ਗਗਨ ਭਈਆ ਅਤੇ ਕਰਨ ਬੱਚਾ – ਅਪਰਾਧ ਕਰਨ ਤੋਂ ਬਾਅਦ ਆਪਣੇ ਗੁਨਾਹਾਂ ਦੀ ਮਾਫ਼ੀ ਮੰਗਣ ਲਈ ਅਜਮੇਰ ਸ਼ਰੀਫ਼ ਦਰਗਾਹ ਗਏ ਸਨ, ਜਿੱਥੇ ਉਨ੍ਹਾਂ ਦੀ ਅਥਾਹ ਸ਼ਰਧਾ ਸੀ। ਜਲੰਧਰ ਪੁਲਿਸ ਨੇ ਤਕਨੀਕੀ ਜਾਂਚ ਰਾਹੀਂ ਲੋਕੇਸ਼ਨ ਦਾ ਪਤਾ ਲਗਾਇਆ ਅਤੇ ਸਥਾਨਕ ਪੁਲਿਸ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਆਪਰੇਸ਼ਨ ਚਲਾ ਕੇ ਤਿੰਨਾਂ ਮੁਲਜ਼ਮਾਂ ਨੂੰ ਇੱਕ ਹੋਟਲ ਦੇ ਕਮਰੇ ਵਿੱਚੋਂ ਫੜ੍ਹ ਲਿਆ। ਉਨ੍ਹਾਂ ਨੂੰ ਪਨਾਹ ਦੇਣ ਵਾਲਾ ਗੌਰਵ, ਵਾਸੀ ਹਾਥੀ ਬਾਟਾ, ਅਜਮੇਰ (ਰਾਜਸਥਾਨ), ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੁੱਖ ਸਾਜ਼ਿਸ਼ਘਾੜਾ ਅਤੇ ਬਰਾਮਦਗੀ
ਸੀ.ਪੀ. ਧਨਪ੍ਰੀਤ ਕੌਰ ਨੇ ਖੁਲਾਸਾ ਕੀਤਾ ਕਿ ਇਸ ਡਕੈਤੀ ਦੀ ਸਾਰੀ ਸਾਜ਼ਿਸ਼ ਮੁੱਖ ਮੁਲਜ਼ਮ ਕੁਸ਼ਲ ਟੁੰਡਾ ਨੇ ਰਚੀ ਸੀ, ਜੋ ਕਿ ਵਿਜੇ ਜਿਊਲਰਜ਼ ਤੋਂ ਥੋੜ੍ਹੀ ਦੂਰੀ ‘ਤੇ ਰਹਿੰਦਾ ਸੀ। ਇਸ ਕਾਰਨ ਉਹ ਜਿਊਲਰਜ਼ ਦੇ ਮਾਲਕਾਂ ਦੇ ਰੋਜ਼ਾਨਾ ਦੇ ਰੁਟੀਨ ਅਤੇ ਦੁਕਾਨ ਦੇ ਅੰਦਰੂਨੀ ਪ੍ਰਬੰਧਾਂ (ਜਿਵੇਂ ਕਿ ਅਸਲੀ ਸੋਨਾ ਨਕਲੀ ਡੱਬਿਆਂ ਵਿੱਚ ਰੱਖਣ) ਤੋਂ ਚੰਗੀ ਤਰ੍ਹਾਂ ਜਾਣੂ ਸੀ। ਪੁਲਿਸ ਨੇ ਦੱਸਿਆ ਕਿ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਲੁਟੇਰੇ ਸੋਨਾ ਅਤੇ ਅਪਰਾਧ ਵਿੱਚ ਵਰਤਿਆ ਗਿਆ ਗ਼ੈਰ-ਕਾਨੂੰਨੀ ਪਿਸਤੌਲ ਭਾਰਗੋ ਕੈਂਪ ਵਿੱਚ ਹੀ ਲੁਕਾ ਗਏ ਸਨ ਅਤੇ ਆਪਣੇ ਨਾਲ ਸਿਰਫ਼ ₹2 ਲੱਖ ਦੀ ਨਕਦੀ ਹੀ ਲੈ ਗਏ ਸਨ। ਪੁਲਿਸ ਨੇ ਮੁਲਜ਼ਮਾਂ ਤੋਂ ਕੁਝ ਨਕਦੀ ਬਰਾਮਦ ਕੀਤੀ ਹੈ, ਅਤੇ ਉਨ੍ਹਾਂ ਨੂੰ ਅਦਾਲਤ ਤੋਂ ਪੁਲਿਸ ਰਿਮਾਂਡ ‘ਤੇ ਲੈ ਕੇ ਪੂਰੀ ਬਰਾਮਦਗੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਫੜ੍ਹੇ ਗਏ ਤਿੰਨੋਂ ਡਕੈਤਾਂ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਹਮਲਾ ਕਰਨ ਅਤੇ ਹੱਥ-ਪੈਰ ਤੋੜਨ ਸਮੇਤ ਹੋਰ ਕਈ ਧਾਰਾਵਾਂ ਤਹਿਤ ਮਾਮਲੇ ਦਰਜ ਹਨ।

