ਜਲੰਧਰ: ਡੀ.ਏ.ਵੀ. ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (DAVIET), ਜਲੰਧਰ ਵਿਖੇ 75ਵੀਂ ਪੰਜਾਬ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਖੇਡ ਮਹਾਕੁੰਭ ਦੇ ਉਦਘਾਟਨੀ ਸਮਾਰੋਹ ਵਿੱਚ ਜ਼ਿਲ੍ਹੇ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਪੁਲਿਸ ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ, ਡਾ. ਨਵਜੋਤ ਸਿੰਘ ਦਾਹੀਆ (ਪ੍ਰੈਸੀਡੈਂਟ, ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ), ਸਰਦਾਰ ਪਰਮਿੰਦਰ ਸਿੰਘ ਹੀਰ (ਐਸ.ਪੀ. ਅਤੇ ਸਕੱਤਰ, ਬਾਸਕਟਬਾਲ ਐਸੋਸੀਏਸ਼ਨ ਜਲੰਧਰ), ਗੁਰਕਿਰਪਾਲ ਸਿੰਘ (ਡੀ.ਐਸ.ਪੀ. ਅਤੇ ਖ਼ਜ਼ਾਨਚੀ, ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਜਲੰਧਰ), ਸੁਖਦੇਵ ਸਿੰਘ (ਰਿਟਾਇਰਡ ਐਸ.ਪੀ.) ਅਤੇ ਸਰਦਾਰ ਹੈਪੀ ਸੰਧੂ (ਟਰੱਕ ਉਪਰੇਟਰ ਪੰਜਾਬ ਪ੍ਰਧਾਨ) ਨੇ ਪੁਲਿਸ ਕਮਿਸ਼ਨਰ ਜਲੰਧਰ, ਮੈਡਮ ਧਨਪ੍ਰੀਤ ਕੌਰ (ਆਈ.ਪੀ.ਐਸ.) ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।
ਮੈਡਮ ਧਨਪ੍ਰੀਤ ਕੌਰ ਦਾ ਨੌਜਵਾਨਾਂ ਨੂੰ ਸੁਨੇਹਾ
ਮੁੱਖ ਮਹਿਮਾਨ ਵਜੋਂ ਪਹੁੰਚੇ ਮੈਡਮ ਧਨਪ੍ਰੀਤ ਕੌਰ ਜੀ ਨੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਖੇਡਾਂ ਦੀ ਮਹੱਤਤਾ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਖੇਡਾਂ ਨਾ ਸਿਰਫ਼ ਸਰੀਰਕ ਅਤੇ ਮਾਨਸਿਕ ਤੌਰ ‘ਤੇ ਮਜ਼ਬੂਤ ਬਣਾਉਂਦੀਆਂ ਹਨ, ਸਗੋਂ ਉਨ੍ਹਾਂ ਨੂੰ ਨਸ਼ਾ ਮੁਕਤ ਜੀਵਨ ਜੀਊਣ ਅਤੇ ਸਮਾਜ ਵਿੱਚ ਇੱਕ ਚੰਗਾ ਤੇ ਉਸਾਰੂ ਯੋਗਦਾਨ ਪਾਉਣ ਲਈ ਵੀ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਨੇ ਇਸ ਸਮਾਰੋਹ ਨੂੰ ਸਫ਼ਲ ਬਣਾਉਣ ਲਈ ਕਾਲਜ ਪ੍ਰਸ਼ਾਸਨ, ਪੁਲਿਸ ਵਿਭਾਗ ਅਤੇ ਸਾਰੇ ਮੌਜੂਦ ਅਧਿਕਾਰੀਆਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।
ਮੌਜੂਦ ਸ਼ਖ਼ਸੀਅਤਾਂ
ਇਸ ਮੌਕੇ ਜ਼ਿਲ੍ਹੇ ਦੇ ਕਈ ਰਿਟਾਇਰਡ ਬਾਸਕਟਬਾਲ ਖਿਡਾਰੀ ਅਤੇ ਪੁਲਿਸ ਟੀਮ ਦੇ ਖਿਡਾਰੀ ਵੀ ਸ਼ਾਮਲ ਹੋਏ, ਜਿਨ੍ਹਾਂ ਨੇ ਆਪਣੇ ਤਜਰਬੇ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕੀਤਾ। ਇਸਦੇ ਨਾਲ ਹੀ, ਸ਼ਹਿਰ ਦੇ ਕਈ ਪਤਵੰਤੇ ਸੱਜਣ ਵੀ ਇਸ ਸਮਾਰੋਹ ਵਿੱਚ ਮੌਜੂਦ ਰਹੇ, ਜਿਸ ਨੇ ਸਮਾਰੋਹ ਦੀ ਸ਼ਾਨ ਨੂੰ ਹੋਰ ਵਧਾ ਦਿੱਤਾ। ਇਹ ਚੈਂਪੀਅਨਸ਼ਿਪ ਪੰਜਾਬ ਵਿੱਚ ਬਾਸਕਟਬਾਲ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।
