ਜਲੰਧਰ: ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਨੂਸੀ (ਜਲੰਧਰ) ਅਤੇ ਪ੍ਰਭ ਆਸ਼ਰਮ ਹਰਚੋਵਾਲ ਅਸੀਸ ਪਬਲਿਕ ਟਰੱਸਟ (ਗੁਰਦਾਸਪੁਰ) ਵਿਚਾਲੇ ਇੱਕ ਸਾਂਝੀ ਮੀਟਿੰਗ ਹੋਈ, ਜਿਸ ਵਿੱਚ ਸਮਾਜ ਭਲਾਈ ਦੇ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਗਈ ਅਤੇ ਭਵਿੱਖੀ ਰਣਨੀਤੀ ਬਣਾਈ ਗਈ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਨਾਰੀ ਸ਼ਕਤੀ ਦੀ ਪ੍ਰਧਾਨ ਅੰਮ੍ਰਿਤ ਪਾਲ ਕੌਰ ਨੇ ਦੱਸਿਆ ਕਿ ਇਸ ਸਾਂਝੀ ਮੀਟਿੰਗ ਵਿੱਚ ਪ੍ਰਧਾਨ ਮਨਿੰਦਰ ਸਿੰਘ, ਜਨਰਲ ਸੈਕਟਰੀ ਅਤੇ ਕੈਸ਼ੀਅਰ ਭਾਜੀ ਜਸਪ੍ਰੀਤ ਕੌਰ, ਅਮਨਪ੍ਰੀਤ ਕੌਰ ਵੀ ਸ਼ਾਮਲ ਸਨ। ਮੀਟਿੰਗ ਵਿੱਚ ਹੇਠ ਲਿਖੇ ਅਹਿਮ ਫੈਸਲੇ ਕੀਤੇ ਗਏ:
ਮੁੱਖ ਉਦੇਸ਼:
- ਬੇਸਹਾਰਾ ਲੋਕਾਂ ਦੀ ਸਾਂਭ-ਸੰਭਾਲ: ਪਿੰਡਾਂ ਵਿੱਚ ਬੇਸਹਾਰਾ ਲੋਕਾਂ ਦੀ ਹੈਲਪ, ਸਾਂਭ-ਸੰਭਾਲ, ਬੇਸਹਾਰਾ ਔਰਤਾਂ, ਮਾਪਿਆਂ (ਜਿਨ੍ਹਾਂ ਨੂੰ ਉਨ੍ਹਾਂ ਦੀ ਔਲਾਦ ਘਰੋਂ ਕੱਢ ਦਿੰਦੀ ਹੈ) ਅਤੇ ਮੈਂਟਲੀ ਅਪਸੈੱਟ ਲੋਕਾਂ ਨੂੰ ਸਹਾਰਾ ਦੇਣਾ। ਇਨ੍ਹਾਂ ਨੂੰ ਵਧੀਆ ਸਿਹਤ ਸਹੂਲਤਾਂ, ਖਾਣਾ ਅਤੇ ਰਿਹਾਇਸ਼ ਮੁਹੱਈਆ ਕਰਵਾਉਣਾ।
- ਨਿਕੰਮੀ ਔਲਾਦ ‘ਤੇ ਸਖ਼ਤ ਕਾਰਵਾਈ ਦੀ ਮੰਗ: ਪ੍ਰਧਾਨ ਅੰਮ੍ਰਿਤ ਪਾਲ ਕੌਰ ਨੇ ਕਿਹਾ ਕਿ ਅੱਜ ਕੱਲ੍ਹ ਦੀ ਜੋ ਨਿਕੰਮੀ ਔਲਾਦ ਆਪਣੇ ਮਾਂ-ਬਾਪ ਨੂੰ ਘਰੋਂ ਕੱਢ ਦਿੰਦੀ ਹੈ ਅਤੇ ਉਨ੍ਹਾਂ ਦੀਆਂ ਕਮਾਈਆਂ ‘ਤੇ, ਜਾਇਦਾਦਾਂ ਤੇ ਕੋਠੀਆਂ ‘ਤੇ ਕਬਜ਼ਾ ਕਰ ਲੈਂਦੀ ਹੈ, ਇਹ ਉਨ੍ਹਾਂ ਬੱਚਿਆਂ ‘ਤੇ ਬਹੁਤ ਵੱਡਾ ਕਲੰਕ ਹੈ। ਉਨ੍ਹਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਅਜਿਹੇ ਬੱਚਿਆਂ ‘ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
- ਬੇਰੁਜ਼ਗਾਰਾਂ ਨੂੰ ਰੁਜ਼ਗਾਰ: ਬੇਰੁਜ਼ਗਾਰਾਂ ਨੂੰ ਕੰਮ ਦੇਣ ਲਈ ਸੰਸਥਾਵਾਂ ਵੱਲੋਂ ਉਪਰਾਲੇ ਕੀਤੇ ਜਾਣਗੇ।
- ਵਾਤਾਵਰਣ ਦੀ ਸੰਭਾਲ: ਵਾਤਾਵਰਣ ਨੂੰ ਸਾਫ਼ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਉਣਾ ਅਤੇ ਪਿੰਡਾਂ ਦੇ ਆਲੇ-ਦੁਆਲੇ ਦੀ ਸਾਫ਼-ਸਫਾਈ ਯਕੀਨੀ ਬਣਾਉਣਾ।
- ਨਸ਼ਾ ਮੁਕਤ ਸਮਾਜ: ਪਿੰਡਾਂ ਵਿੱਚੋਂ ਨਸ਼ਾ ਖਤਮ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਉਣਾ।
- ਬੱਚਿਆਂ ਦੀ ਪੜ੍ਹਾਈ ਅਤੇ ਸੰਸਕਾਰ: ਬੱਚਿਆਂ ਦੀ ਪੜ੍ਹਾਈ-ਲਿਖਾਈ, ਉਨ੍ਹਾਂ ਨੂੰ ਕੀਰਤਨ ਕਰਨਾ ਸਿਖਾਉਣਾ ਅਤੇ ਸਮਾਜ ਭਲਾਈ ਦੇ ਕੰਮਾਂ ਲਈ ਪ੍ਰੇਰਿਤ ਕਰਨਾ।
ਇਹ ਸਾਰੇ ਉਪਰਾਲੇ ਅਸੀਸ ਪਬਲਿਕ ਟਰੱਸਟ ਪ੍ਰਭ ਆਸ਼ਰਮ ਗੁਰਦਾਸਪੁਰ ਅਤੇ ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਵੱਲੋਂ ਰਲ ਕੇ ਚੁੱਕੇ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੀਟਿੰਗ ਵਿੱਚ ਮਨਿੰਦਰ ਸਿੰਘ, ਜਸਪ੍ਰੀਤ ਕੌਰ, ਅੰਮ੍ਰਿਤ ਪਾਲ ਕੌਰ, ਅਮਨਪ੍ਰੀਤ ਕੌਰ ਆਦਿ ਸ਼ਾਮਲ ਸਨ। ਇਹ ਸਾਂਝਾ ਉਪਰਾਲਾ ਸਮਾਜ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਅਤੇ ਲੋੜਵੰਦਾਂ ਦੀ ਮਦਦ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
