ਨਕੋਦਰ/ਜਲੰਧਰ: ਜਲੰਧਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਨਵਜਾਤ ਬੱਚਿਆਂ ਦੀ ਖਰੀਦੋ-ਫਰੋਖਤ ਅਤੇ ਤਸਕਰੀ ਕਰਨ ਵਾਲੇ ਇੱਕ ਸਰਗਰਮ ਅੰਤਰ-ਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਥਾਣਾ ਸਦਰ ਨਕੋਦਰ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਇਸ ਗਿਰੋਹ ਦੇ ਕੁੱਲ ਅੱਠ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਪਾਸੋਂ ਤਸਕਰੀ ਕੀਤਾ ਜਾ ਰਿਹਾ ਇੱਕ ਨਵਜਾਤ ਬੱਚਾ (ਲੜਕਾ) ਵੀ ਸੁਰੱਖਿਅਤ ਬਰਾਮਦ ਕਰ ਲਿਆ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਗੋਰਖਧੰਦੇ ਵਿੱਚ ਇੱਕ ਆਸ਼ਾ ਵਰਕਰ, ਇੱਕ ਅਦਾਲਤੀ ਕਰਮਚਾਰੀ ਅਤੇ ਇੱਕ ‘ਐੱਗ ਡੋਨਰ’ ਮਹਿਲਾ ਵੀ ਸ਼ਾਮਲ ਸੀ।
ਇਸ ਤਰ੍ਹਾਂ ਵਿਛਾਇਆ ਗਿਆ ਜਾਲ: ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਵੀਜ਼ਨ ਨਕੋਦਰ ਦੇ ਉੱਪ ਪੁਲਿਸ ਕਪਤਾਨ (DSP) ਸ਼੍ਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਬੀਤੀ 22 ਨਵੰਬਰ ਨੂੰ ਚੌਕੀ ਉੱਗੀ ਦੇ ਇੰਚਾਰਜ ASI ਅੰਗਰੇਜ ਸਿੰਘ ਨੂੰ ਗੁਪਤ ਇਤਲਾਹ ਮਿਲੀ ਸੀ ਕਿ ਲੁਧਿਆਣਾ ਦੇ ਮਨਜੀਤ ਨਗਰ ਦੇ ਰਹਿਣ ਵਾਲੇ ਜਗਜੀਤ ਸਿੰਘ ਅਤੇ ਉਸਦੀ ਮਾਤਾ ਰਣਜੀਤ ਕੌਰ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ। ਇਹ ਗਿਰੋਹ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਥੋੜ੍ਹੇ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਦੇ ਨਵਜਾਤ ਬੱਚੇ ਖਰੀਦ ਲੈਂਦਾ ਸੀ ਅਤੇ ਫਿਰ ਅੱਗੇ ਅਮੀਰ ਬੇ-ਔਲਾਦ ਜੋੜਿਆਂ ਨੂੰ ਲੱਖਾਂ ਰੁਪਏ ਵਿੱਚ ਵੇਚ ਦਿੰਦਾ ਸੀ।
ਇਤਲਾਹ ‘ਤੇ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਪਾਰਟੀ ਨੇ ਅੱਡਾ ਚੂਹੜ ਵਿਖੇ ਨਾਕਾਬੰਦੀ ਕੀਤੀ। ਇਸ ਦੌਰਾਨ ਇੱਕ ਇਨੋਵਾ ਕਾਰ (ਨੰਬਰ PB-11-CC-0717) ਨੂੰ ਰੋਕਿਆ ਗਿਆ, ਜਿਸ ਵਿੱਚ ਜਗਜੀਤ ਸਿੰਘ ਅਤੇ ਉਸਦੀ ਮਾਤਾ ਰਣਜੀਤ ਕੌਰ ਸਵਾਰ ਸਨ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ ਇੱਕ ਨਵਜਾਤ ਬੱਚਾ ਬਰਾਮਦ ਹੋਇਆ, ਜਿਸ ਨੂੰ ਉਹ ਮੋਗਾ ਸਾਈਡ ਤੋਂ ਖਰੀਦ ਕੇ ਸੰਘਿਆਂ ਵੱਲ ਵੇਚਣ ਲਈ ਲਿਜਾ ਰਹੇ ਸਨ। ਪੁਲਿਸ ਨੇ ਤੁਰੰਤ ਦੋਵਾਂ ਨੂੰ ਕਾਬੂ ਕਰਕੇ ਬੱਚੇ ਨੂੰ ਰੈਸਕਿਊ ਕੀਤਾ ਅਤੇ ਥਾਣਾ ਸਦਰ ਨਕੋਦਰ ਵਿਖੇ BNS ਅਤੇ ਜੁਵੇਨਾਇਲ ਜਸਟਿਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ।
ਰਿਮਾਂਡ ਦੌਰਾਨ ਹੋਏ ਵੱਡੇ ਖੁਲਾਸੇ: ਪੁਲਿਸ ਰਿਮਾਂਡ ਦੌਰਾਨ ਕੀਤੀ ਗਈ ਸਖ਼ਤੀ ਨਾਲ ਪੁੱਛਗਿੱਛ ਵਿੱਚ ਦੋਸ਼ੀਆਂ ਨੇ ਕਬੂਲਿਆ ਕਿ ਉਨ੍ਹਾਂ ਨੇ ਇਹ ਬੱਚਾ ਮੋਗਾ ਦੀ ਇੱਕ ਆਸ਼ਾ ਵਰਕਰ ਰਜਨੀ ਦੀ ਮਾਰਫਤ ਬਲਜੀਤ ਸਿੰਘ ਵਾਸੀ ਘੋਲੀਆ ਖੁਰਦ (ਮੋਗਾ) ਕੋਲੋਂ 4 ਲੱਖ 10 ਹਜ਼ਾਰ ਰੁਪਏ ਵਿੱਚ ਖਰੀਦਿਆ ਸੀ ਅਤੇ ਇਸਨੂੰ ਅੱਗੇ ਭਾਰੀ ਮੁਨਾਫਾ ਕਮਾ ਕੇ ਵੇਚਣਾ ਸੀ। ਉਨ੍ਹਾਂ ਨੇ ਆਪਣੇ ਗਿਰੋਹ ਦੇ ਹੋਰ ਮੈਂਬਰਾਂ ਦੇ ਨਾਵਾਂ ਦਾ ਵੀ ਖੁਲਾਸਾ ਕੀਤਾ।
ਛਾਪੇਮਾਰੀ ਦੌਰਾਨ ਬਾਕੀ ਮੈਂਬਰ ਗ੍ਰਿਫਤਾਰ: ਇਨ੍ਹਾਂ ਖੁਲਾਸਿਆਂ ਤੋਂ ਬਾਅਦ, ਥਾਣਾ ਸਦਰ ਨਕੋਦਰ ਦੇ ਮੁੱਖ ਅਫਸਰ SI ਦਿਲਬਾਗ ਸਿੰਘ ਅਤੇ ASI ਅੰਗਰੇਜ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਤੁਰੰਤ ਛਾਪੇਮਾਰੀ ਕਰਕੇ ਗਿਰੋਹ ਦੇ ਬਾਕੀ ਮੈਂਬਰਾਂ—ਬਲਜੀਤ ਸਿੰਘ, ਆਸ਼ਾ ਵਰਕਰ ਰਜਨੀ, ਗਗਨਦੀਪ ਕੌਰ, ਰੀਨਾ, ਕੁਲਵਿੰਦਰ ਕੌਰ ਉਰਫ ਮਨੀ ਅਤੇ ਅਮਰਜੀਤ ਕੌਰ ਨੂੰ ਵੀ ਗ੍ਰਿਫਤਾਰ ਕਰ ਲਿਆ।
ਪੁਲਿਸ ਅਨੁਸਾਰ, ਗ੍ਰਿਫਤਾਰ ਦੋਸ਼ੀ ਕੁਲਵਿੰਦਰ ਕੌਰ ਉਰਫ ਮਨੀ (ਵਾਸੀ ਕੁੱਸਾ, ਮੋਗਾ) ਇੱਕ ਆਦਤਨ ਅਪਰਾਧੀ ਹੈ, ਜਿਸਦੇ ਖਿਲਾਫ ਪਹਿਲਾਂ ਵੀ ਅਗਸਤ 2024 ਵਿੱਚ ਥਾਣਾ ਕੋਤਵਾਲੀ ਪਟਿਆਲਾ ਵਿਖੇ ਬੱਚਾ ਤਸਕਰੀ ਦਾ ਮਾਮਲਾ ਦਰਜ ਹੈ ਅਤੇ ਉਹ ਜ਼ਮਾਨਤ ‘ਤੇ ਬਾਹਰ ਸੀ।
ਦੋ ਦੋਸ਼ੀ ਹਾਲੇ ਵੀ ਫਰਾਰ: DSP ਸੁਖਪਾਲ ਸਿੰਘ ਨੇ ਦੱਸਿਆ ਕਿ ਇਸ ਗਿਰੋਹ ਦੇ ਦੋ ਹੋਰ ਅਹਿਮ ਮੈਂਬਰ, ਮਨਪ੍ਰੀਤ ਕੌਰ ਵਾਸੀ ਪ੍ਰਤਾਪ ਨਗਰ (ਲੁਧਿਆਣਾ) ਅਤੇ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਵਾਸੀ ਕੋਟ ਗੁਰੂ (ਬਠਿੰਡਾ), ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ, ਜਿਨ੍ਹਾਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਜਾਰੀ ਹੈ। ਗ੍ਰਿਫਤਾਰ ਦੋਸ਼ੀਆਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਰੈਕੇਟ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
