ਨਕੋਦਰ: ਨਕੋਦਰ ਸ਼ਹਿਰ ਦੇ ਇੱਕ ਖ਼ਸਤਾ ਹਾਲਤ ਰੋਡ ‘ਤੇ ਕੈਮੀਕਲ ਵਾਲੀ ਸੁਆਹ ਪਾਉਣ ਕਾਰਨ ਇਲਾਕਾ ਨਿਵਾਸੀਆਂ ਦਾ ਜੀਵਨ ਮੁਹਾਲ ਹੋ ਗਿਆ ਹੈ, ਜਿਸ ਤੋਂ ਬਾਅਦ ਬਹੁਜਨ ਸਮਾਜ ਪਾਰਟੀ (ਬਸਪਾ) ਨੇ ਸ਼ਹਿਰ ਵਾਸੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਬਸਪਾ ਦੇ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਦੱਸਿਆ ਕਿ ਲੋਕ ਆਪਣੀ ਅਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਪਿਛਲੇ ਤਿੰਨ ਮਹੀਨਿਆਂ ਤੋਂ ਐੱਸ.ਡੀ.ਐੱਮ. ਸਾਹਿਬ ਨੂੰ ਮੰਗ ਪੱਤਰ ਸੌਂਪ ਰਹੇ ਹਨ, ਪਰ ਵਾਰ-ਵਾਰ ਕਹਿਣ ਦੇ ਬਾਵਜੂਦ ਕੋਈ ਸੁਣਵਾਈ ਨਹੀਂ ਹੋਈ।
ਸਿਹਤ ਅਤੇ ਸੁਰੱਖਿਆ ਦਾ ਸੰਕਟ:
ਆਗੂਆਂ ਨੇ ਦੱਸਿਆ ਕਿ ਰੋਡ ਦੀ ਖ਼ਸਤਾ ਹਾਲਤ ਕਾਰਨ ਪਹਿਲਾਂ ਹੀ ਤਿੰਨ ਮੌਤਾਂ ਹੋ ਚੁੱਕੀਆਂ ਹਨ। ਹੁਣ ਇੱਕ ਮਹੀਨੇ ਤੋਂ ਇਸ ਰੋਡ ‘ਤੇ ਕੈਮੀਕਲ ਵਾਲੀ ਸੁਆਹ ਪਾ ਕੇ ਲੋਕਾਂ ਦਾ ਜੀਣਾ ਮੁਸ਼ਕਿਲ ਕੀਤਾ ਹੋਇਆ ਹੈ। ਸ਼ਾਮ-ਸਵੇਰੇ ਰੋਟੀ ਬਣਾਉਣ ਸਮੇਂ ਕੱਪੜੇ, ਮੂੰਹ, ਸਿਰ ਅਤੇ ਅੱਖਾਂ ਸੁਆਹ ਨਾਲ ਭਰ ਜਾਂਦੀਆਂ ਹਨ, ਅਤੇ ਖਾਣ-ਪੀਣ ਵਾਲੀਆਂ ਵਸਤੂਆਂ ਵੀ ਖਰਾਬ ਹੋ ਰਹੀਆਂ ਹਨ। ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਇਸੇ ਰੋਡ ‘ਤੇ ਤਿੰਨ-ਚਾਰ ਸਕੂਲ, ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਇੱਕ ਆਈ.ਟੀ.ਆਈ. ਸਥਿਤ ਹੈ, ਜਿੱਥੇ ਜਾਣ ਵਾਲੇ ਬੱਚੇ ਸਕਿਨ ਦੀਆਂ ਬਿਮਾਰੀਆਂ ਸਮੇਤ ਕਈ ਹੋਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਪੀੜਤਾਂ ‘ਤੇ ਪਰਚੇ ਦਰਜ ਕਰਨ ਦਾ ਇਲਜ਼ਾਮ:
ਮਲਕੀਤ ਚੁੰਬਰ ਨੇ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸਨ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਸੁਆਹ ਕੌਣ ਪਾ ਗਿਆ ਅਤੇ ਕਿਸ ਦੇ ਕਹਿਣ ‘ਤੇ ਪਾਈ ਗਈ। ਉਨ੍ਹਾਂ ‘ਤੇ ਪਰਚਾ ਦਰਜ ਕਰਨ ਦੀ ਵਜਾਏ ਪੁਲਿਸ ਨੇ ਪੀੜਤ ਲੋਕਾਂ ‘ਤੇ ਹੀ ਝੂਠੇ ਪਰਚੇ ਦਰਜ ਕਰ ਦਿੱਤੇ ਹਨ। ਬਸਪਾ ਆਗੂ ਨੇ ਕਿਹਾ ਕਿ ਪਾਰਟੀ ਸ਼ਹਿਰ ਦੇ ਪੀੜਤ ਲੋਕਾਂ ਦੀ ਬਾਂਹ ਫੜੇਗੀ। ਅੱਜ ਇਸ ਸਬੰਧੀ ਐੱਸ.ਡੀ.ਐੱਮ. ਨੂੰ ਮੰਗ ਪੱਤਰ ਸੌਂਪਿਆ ਗਿਆ ਹੈ ਅਤੇ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਪੁਲਿਸ ਪ੍ਰਸ਼ਾਸਨ ਝੂਠੇ ਪਰਚੇ ਰੱਦ ਨਹੀਂ ਕਰਦਾ, ਤਾਂ ਬਹੁਤ ਛੇਤੀ ਪੁਲਿਸ ਪ੍ਰਸ਼ਾਸਨ ਦੇ ਖਿਲਾਫ਼ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਮੌਕੇ ਮਲਕੀਤ ਚੁੰਬਰ ਸਾਬਕਾ ਪ੍ਰਧਾਨ, ਰਵੀ ਮਹਿਰਾ ਜਰਨਲ ਸੈਕਟਰੀ, ਰਾਮ ਸਰਪੰਚ ਮਾਹੂੰਵਾਲ, ਵਿਜੈ ਮਡਾਸ ਸ਼ਹਿਰੀ ਪ੍ਰਧਾਨ ਨਕੋਦਰ, ਅਤੇ ਨਛੱਤਰ ਰਾਮ ਸਿੱਧਵਾਂ ਸਟੇਸ਼ਨ ਹਾਜ਼ਰ ਸਨ।
