ਜਲੰਧਰ/ਨਕੋਦਰ: ਜ਼ਿਲ੍ਹਾ ਜਲੰਧਰ ਦਿਹਾਤੀ ਅਤੇ ਸਬ-ਡਿਵੀਜ਼ਨ ਨਕੋਦਰ ਅਧੀਨ ਭਲਕੇ (17 ਦਸੰਬਰ) ਨੂੰ ਹੋਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪਰਿਸ਼ਦ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ। ਸੀਨੀਅਰ ਪੁਲਿਸ ਕਪਤਾਨ (SSP) ਹਰਵਿੰਦਰ ਸਿੰਘ ਵਿਰਕ ਦੇ ਦਿਸ਼ਾ-ਨਿਰਦੇਸ਼ਾਂ ਹੇਠ ਗਿਣਤੀ ਕੇਂਦਰਾਂ ਦੀ ਸੁਰੱਖਿਆ ਲਈ ਵਿਸ਼ੇਸ਼ ਅਤੇ ਸਖ਼ਤ ਪ੍ਰਬੰਧ ਕੀਤੇ ਗਏ ਹਨ। SSP ਵਿਰਕ ਨੇ ਸਪੱਸ਼ਟ ਕੀਤਾ ਹੈ ਕਿ ਵੋਟਾਂ ਦੀ ਗਿਣਤੀ ਦੌਰਾਨ ਕਿਸੇ ਵੀ ਕਿਸਮ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਕਾਨੂੰਨ-ਵਿਵਸਥਾ ਨੂੰ ਹਰ ਹਾਲ ਵਿੱਚ ਕਾਇਮ ਰੱਖਿਆ ਜਾਵੇਗਾ।
ਅਧਿਕਾਰੀਆਂ ਵੱਲੋਂ ਕਾਊਂਟਿੰਗ ਸੈਂਟਰਾਂ ਦਾ ਦੌਰਾ:
ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਸ਼੍ਰੀ ਸਰਬਜੀਤ ਰਾਏ (ਐਸ.ਪੀ. ਇਨਵੈਸਟੀਗੇਸ਼ਨ), ਸ਼੍ਰੀਮਤੀ ਮਨਜੀਤ ਕੌਰ (ਐਸ.ਪੀ. ਪੀ.ਬੀ.ਆਈ), ਡੀ.ਐਸ.ਪੀ ਉਂਕਾਰ ਸਿੰਘ ਬਰਾੜ (ਸਬ-ਡਿਵੀਜ਼ਨ ਨਕੋਦਰ) ਅਤੇ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ ਨੈਸ਼ਨਲ ਕਾਲਜ ਨਕੋਦਰ ਅਤੇ ਦੁਆਬਾ ਆਰੀਆ ਸੀਨੀਅਰ ਸੈਕੈਂਡਰੀ ਸਕੂਲ, ਨੂਰਮਹਿਲ ਵਿਖੇ ਬਣਾਏ ਗਏ ਕਾਊਂਟਿੰਗ ਸੈਂਟਰਾਂ ਦਾ ਵਿਸਤ੍ਰਿਤ ਦੌਰਾ ਕੀਤਾ ਗਿਆ।
ਸੁਰੱਖਿਆ ਦੇ ਮੁੱਖ ਨੁਕਤੇ:
- ਨਿਗਰਾਨੀ: ਸੈਂਟਰਾਂ ਦੇ ਅੰਦਰੂਨੀ ਅਤੇ ਬਾਹਰੀ ਹਿੱਸਿਆਂ ਵਿੱਚ ਸੀ.ਸੀ.ਟੀਵੀ. ਕੈਮਰਿਆਂ ਰਾਹੀਂ ਤਿੱਖੀ ਨਜ਼ਰ ਰੱਖੀ ਜਾਵੇਗੀ।
- ਨਾਕੇਬੰਦੀ: ਐਂਟਰੀ-ਏਗਜ਼ਿਟ ਪੌਇੰਟਸ ‘ਤੇ ਸਖ਼ਤ ਬੈਰੀਕੇਡਿੰਗ ਕੀਤੀ ਗਈ ਹੈ ਤਾਂ ਜੋ ਅਣਅਧਿਕਾਰਤ ਵਿਅਕਤੀ ਦਾ ਦਾਖਲਾ ਰੋਕਿਆ ਜਾ ਸਕੇ।
- 24 ਘੰਟੇ ਤੈਨਾਤੀ: ਅੱਜ ਤੋਂ ਹੀ ਪੁਲਿਸ ਫੋਰਸ ਦੀ 24 ਘੰਟੇ ਤੈਨਾਤੀ ਯਕੀਨੀ ਬਣਾਈ ਗਈ ਹੈ।
ਜਲੰਧਰ ਦਿਹਾਤੀ ਪੁਲਿਸ ਦੇ ਸਮੂਹ ਮੁੱਖ ਅਫ਼ਸਰ (ਨਕੋਦਰ ਸਿਟੀ, ਸਦਰ, ਨੂਰਮਹਿਲ ਅਤੇ ਮਹਿਤਪੁਰ) ਆਪਣੇ-ਆਪਣੇ ਇਲਾਕਿਆਂ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ। ਪੁਲਿਸ ਦਾ ਮੁੱਖ ਉਦੇਸ਼ ਚੋਣ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸ਼ਾਂਤੀਪੂਰਵਕ, ਨਿਰਪੱਖ ਅਤੇ ਬਿਨਾਂ ਕਿਸੇ ਰੁਕਾਵਟ ਦੇ ਨੇਪਰੇ ਚਾੜ੍ਹਨਾ ਹੈ।
