ਨਕੋਦਰ: ਨਕੋਦਰ ਸ਼ਹਿਰ ਦੇ ਦਿਲ ਵਿੱਚ ਸਥਿਤ ਨਗਰ ਕੌਂਸਲ ਦਫ਼ਤਰ ਦੇ ਬਿਲਕੁਲ ਸਾਹਮਣੇ ਕਾਨੂੰਨ-ਵਿਵਸਥਾ ਦਾ ਜੋ ਹਾਲ ਹੈ, ਉਹ ਪ੍ਰਸ਼ਾਸਨ ਦੇ ਸੁਰੱਖਿਆ ਦਾਅਵਿਆਂ ਦੀ ਫੂਕ ਕੱਢ ਰਿਹਾ ਹੈ। ਸ਼ਹਿਰ ਦੇ ਸਭ ਤੋਂ ਰੌਣਕਦਾਰ ਅਤੇ ਪ੍ਰਸ਼ਾਸਨਿਕ ਖੇਤਰ ਵਿੱਚ ਸ਼ਾਮ ਹੁੰਦਿਆਂ ਹੀ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਜਿਸ ਕਾਰਨ ਸਥਾਨਕ ਨਿਵਾਸੀਆਂ ਖਾਸ ਕਰਕੇ ਔਰਤਾਂ ਵਿੱਚ ਭਾਰੀ ਰੋਸ ਅਤੇ ਡਰ ਪਾਇਆ ਜਾ ਰਿਹਾ ਹੈ।
ਸੜਕਾਂ ਬਣੀਆਂ ‘ਓਪਨ ਬਾਰ’, ਪ੍ਰਸ਼ਾਸਨ ਬੇਖ਼ਬਰ
ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਸਥਿਤ ਸ਼ਰਾਬ ਦੇ ਠੇਕੇ ਦੇ ਆਲੇ-ਦੁਆਲੇ ਦਾ ਮਾਹੌਲ ਬੇਹੱਦ ਚਿੰਤਾਜਨਕ ਬਣ ਚੁੱਕਾ ਹੈ। ਸ਼ਾਮ ਦੇ ਸਮੇਂ ਲੋਕ ਠੇਕੇ ਤੋਂ ਸ਼ਰਾਬ ਖਰੀਦ ਕੇ ਕਿਸੇ ਅਹਾਤੇ ਜਾਂ ਘਰ ਜਾਣ ਦੀ ਬਜਾਏ, ਸੜਕ ਕਿਨਾਰੇ ਖੜ੍ਹੀਆਂ ਰੇਹੜੀਆਂ ਅਤੇ ਫੁੱਟਪਾਥਾਂ ‘ਤੇ ਹੀ ਮਹਿਫ਼ਲਾਂ ਸਜਾ ਲੈਂਦੇ ਹਨ। ਕਾਨੂੰਨ ਮੁਤਾਬਕ ਜਨਤਕ ਥਾਵਾਂ ‘ਤੇ ਸ਼ਰਾਬ ਪੀਣਾ ਸਖ਼ਤ ਮਨ੍ਹਾ ਹੈ, ਪਰ ਇੱਥੇ ਨਿਯਮਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾ ਰਹੀ।
ਪਰਿਵਾਰਾਂ ਅਤੇ ਮਹਿਲਾਵਾਂ ਲਈ ਮੁਸੀਬਤ ਬਣਿਆ ‘ਫੂਡ ਹੱਬ’
ਜ਼ਿਕਰਯੋਗ ਹੈ ਕਿ ਇਹ ਇਲਾਕਾ ਸ਼ਾਮ ਵੇਲੇ ਫੂਡ ਕਾਰਨਰਾਂ ਕਾਰਨ ਸ਼ਹਿਰ ਦਾ ਮੁੱਖ ਆਕਰਸ਼ਣ ਹੁੰਦਾ ਹੈ। ਵੱਡੀ ਗਿਣਤੀ ਵਿੱਚ ਪਰਿਵਾਰ, ਬੱਚੇ ਅਤੇ ਲੜਕੀਆਂ ਇੱਥੇ ਖਾਣ-ਪੀਣ ਲਈ ਪਹੁੰਚਦੇ ਹਨ। ਪਰ ਨਸ਼ੇ ਵਿੱਚ ਧੁੱਤ ਵਿਅਕਤੀਆਂ ਵੱਲੋਂ ਕੀਤੀ ਜਾਂਦੀ ਹੁਲੜਬਾਜ਼ੀ, ਉੱਚੀ ਆਵਾਜ਼ ਵਿੱਚ ਗਾਲੀ-ਗਲੋਚ ਅਤੇ ਲੰਘਦੀਆਂ ਔਰਤਾਂ ‘ਤੇ ਕੀਤੀਆਂ ਜਾਂਦੀਆਂ ਅਸ਼ਲੀਲ ਟਿੱਪਣੀਆਂ ਨੇ ਸ਼ਰੀਫ਼ ਲੋਕਾਂ ਦਾ ਇੱਥੋਂ ਲੰਘਣਾ ਮੁਸ਼ਕਲ ਕਰ ਦਿੱਤਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਸ਼ਰਾਬੀਆਂ ਵਿਚਾਲੇ ਹੋਣ ਵਾਲੇ ਆਪਸੀ ਝਗੜੇ ਕਿਸੇ ਵੀ ਸਮੇਂ ਕਿਸੇ ਵੱਡੀ ਵਾਰਦਾਤ ਦਾ ਸਬੱਬ ਬਣ ਸਕਦੇ ਹਨ।
ਪੁਲਿਸ ਦੀ ਮੌਜੂਦਗੀ ‘ਤੇ ਉੱਠੇ ਗੰਭੀਰ ਸਵਾਲ
ਹੈਰਾਨੀ ਦੀ ਗੱਲ ਇਹ ਹੈ ਕਿ ਇਸੇ ਇਲਾਕੇ ਵਿੱਚ ਅਕਸਰ ਪੁਲਿਸ ਦੀ ਨਾਕਾਬੰਦੀ ਅਤੇ ਗਸ਼ਤ ਹੁੰਦੀ ਹੈ। ਪੁਲਿਸ ਮੁਲਾਜ਼ਮਾਂ ਦੀ ਨਜ਼ਰ ਦੇ ਬਿਲਕੁਲ ਸਾਹਮਣੇ ਚੱਲ ਰਹੀ ਇਸ ਗੈਰ-ਕਾਨੂੰਨੀ ਗਤੀਵਿਧੀ ‘ਤੇ ਕੋਈ ਕਾਰਵਾਈ ਨਾ ਹੋਣਾ ਕਈ ਸਵਾਲ ਖੜ੍ਹੇ ਕਰਦਾ ਹੈ। ਕੀ ਪੁਲਿਸ ਪ੍ਰਸ਼ਾਸਨ ਕਿਸੇ ਅਣਹੋਣੀ ਘਟਨਾ ਦੇ ਵਾਪਰਨ ਦੀ ਉਡੀਕ ਕਰ ਰਿਹਾ ਹੈ? ਕੀ ਸ਼ਹਿਰ ਦੀਆਂ ਧੀਆਂ-ਭੈਣਾਂ ਦੀ ਸੁਰੱਖਿਆ ਨਾਲੋਂ ਹੁਲੜਬਾਜ਼ਾਂ ਦੀਆਂ ਮਹਿਫ਼ਲਾਂ ਵੱਧ ਜ਼ਰੂਰੀ ਹਨ?
ਜਨਤਾ ਦੀ ਮੰਗ: ਹੋਵੇ ਸਖ਼ਤ ਕਾਰਵਾਈ
ਨਕੋਦਰ ਦੇ ਵਸਨੀਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਮੁਖੀ ਤੋਂ ਮੰਗ ਕੀਤੀ ਹੈ ਕਿ ਨਗਰ ਕੌਂਸਲ ਦਫ਼ਤਰ ਦੇ ਸਾਹਮਣੇ ਅਤੇ ਸ਼ਹਿਰ ਦੀਆਂ ਹੋਰ ਜਨਤਕ ਥਾਵਾਂ ‘ਤੇ ਸ਼ਰਾਬ ਪੀਣ ਵਾਲਿਆਂ ਵਿਰੁੱਧ ਤੁਰੰਤ ਸਖ਼ਤ ਮੁਹਿੰਮ ਚਲਾਈ ਜਾਵੇ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜਲਦ ਹੀ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ, ਤਾਂ ਮਾਹੌਲ ਹੋਰ ਵੀ ਖ਼ਰਾਬ ਹੋ ਸਕਦਾ ਹੈ।
