ਮੋਰਿੰਡਾ: ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਵਿਚਕਾਰ ਕਾਂਗਰਸ ਹਾਈਕਮਾਂਡ ਵੱਲੋਂ ਜਾਰੀ ਕੀਤੀ ਗਈ ਨਵੀਂ ਸੰਗਠਨਾਤਮਕ ਸੂਚੀ ਨੇ ਪਾਰਟੀ ਅੰਦਰ ਇੱਕ ਵੱਡੀ ਸਿਆਸੀ ਬਗਾਵਤ ਨੂੰ ਜਨਮ ਦੇ ਦਿੱਤਾ ਹੈ। ਮੋਰਿੰਡਾ ਵਿਖੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ‘ਤੇ ਪੰਜਾਬ ਕਾਂਗਰਸ ਦੇ ਦਿੱਗਜ ਆਗੂਆਂ, ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਦੀ ਇੱਕ ਹੰਗਾਮੀ ਮੀਟਿੰਗ ਹੋਈ, ਜਿਸ ਨੇ ਸੂਬੇ ਦੀ ਸਿਆਸਤ ਵਿੱਚ ਨਵੀਂ ਹਲਚਲ ਪੈਦਾ ਕਰ ਦਿੱਤੀ ਹੈ। ਸੰਗਠਨਾਤਮਕ ਫੇਰਬਦਲ ਤੋਂ ਬਾਅਦ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਭਾਵੇਂ ਖੁੱਲ੍ਹ ਕੇ ਨਹੀਂ, ਪਰ ਲਗਾਤਾਰ ਦੂਜੇ ਦਿਨ ਇਕੱਠੇ ਹੋ ਕੇ ਆਪਣੀ ਤਿੱਖੀ ਨਾਰਾਜ਼ਗੀ ਦਾ ਇਜ਼ਹਾਰ ਕੀਤਾ ਹੈ।
ਹਾਈਕਮਾਨ ਦਾ ਫੈਸਲਾ ਅਤੇ ਸੁਲਗਦੀ ਨਾਰਾਜ਼ਗੀ
ਦਰਅਸਲ, ਕਾਂਗਰਸ ਹਾਈਕਮਾਨ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸੰਗਠਨ ਵਿੱਚ ਫੇਰਬਦਲ ਕੀਤਾ ਹੈ, ਜਿਸ ਵਿੱਚ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਉਨ੍ਹਾਂ ਦੇ ਅਹੁਦਿਆਂ ‘ਤੇ ਬਰਕਰਾਰ ਰੱਖਿਆ ਗਿਆ ਹੈ। ਸਾਰੇ ਧੜਿਆਂ ਨੂੰ ਇਕੱਠੇ ਕਰਨ ਲਈ ਚਾਰ ਨਵੀਆਂ ਕਮੇਟੀਆਂ ਵੀ ਬਣਾਈਆਂ ਗਈਆਂ ਹਨ। ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਇਸ ਵਾਰ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਪਰ ਹਾਈਕਮਾਨ ਨੇ ਉਨ੍ਹਾਂ ਨੂੰ ਸਿਰਫ਼ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ। ਹਾਈਕਮਾਨ ਦੇ ਇਸ ਫੈਸਲੇ ਨੇ ਆਗੂਆਂ ਵਿੱਚ ਇੰਨੀ ਜਿਆਦਾ ਨਾਰਾਜ਼ਗੀ ਪੈਦਾ ਕਰ ਦਿੱਤੀ ਹੈ ਕਿ ਨਵੀਆਂ ਕਮੇਟੀਆਂ ਵਿੱਚ ਸ਼ਾਮਲ ਜ਼ਿਆਦਾਤਰ ਆਗੂਆਂ ਨੇ ਅਜੇ ਤੱਕ ਜਨਤਕ ਤੌਰ ‘ਤੇ ਹਾਈਕਮਾਨ ਦਾ ਧੰਨਵਾਦ ਨਹੀਂ ਕੀਤਾ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਕੋਈ ਵੀ ਧੜਾ ਇਸ ਪੁਨਰਗਠਨ ਤੋਂ ਸੰਤੁਸ਼ਟ ਨਹੀਂ ਹੈ।
ਦਿੱਗਜਾਂ ਦੀ ਸਿੱਧੀ ਬਗਾਵਤ ਅਤੇ ਨਵੀਂ ਰਣਨੀਤੀ
ਚੰਨੀ ਦੇ ਨਿਵਾਸ ਸਥਾਨ ‘ਤੇ ਹੋਈ ਇਸ ਮੀਟਿੰਗ ਤੋਂ ਬਾਅਦ ਇਹ ਵੱਡਾ ਐਲਾਨ ਕੀਤਾ ਗਿਆ ਕਿ ਸਰਬ ਸੰਮਤੀ ਨਾਲ ਇੱਕ ਵਿਸ਼ੇਸ਼ ਕਮੇਟੀ ਬਣਾਈ ਗਈ ਹੈ, ਜੋ ਕਾਂਗਰਸ ਹਾਈਕਮਾਨ ਨਾਲ ਸਿੱਧਾ ਵਿਚਾਰ-ਵਟਾਂਦਰਾ ਕਰੇਗੀ ਅਤੇ ਆਪਣੇ ਵਿਚਾਰ ਪਹੁੰਚਾਏਗੀ, ਜਿਸ ਦੇ ਮੈਂਬਰਾਂ ਦੇ ਨਾਵਾਂ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਹਰਾਉਣ ਲਈ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਦੇ ਨਿਵਾਸ ਸਥਾਨ ‘ਤੇ ਇਕੱਠੇ ਹੋਏ ਹਨ। ਮੀਟਿੰਗ ਦੌਰਾਨ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਖੁੱਲ੍ਹ ਕੇ ਹਾਈਕਮਾਨ ਦੇ ਫੈਸਲੇ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਪੰਜਾਬ ਦੇ ਲੋਕ ਚੰਨੀ ਨੂੰ ਪਸੰਦ ਕਰਦੇ ਹਨ ਅਤੇ ਉਨ੍ਹਾਂ ਨੂੰ ਪ੍ਰਧਾਨ ਦੇਖਣਾ ਚਾਹੁੰਦੇ ਹਨ। ਦੂਜੇ ਪਾਸੇ, ਸਾਬਕਾ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਰਾਜਾ ਵੜਿੰਗ ਦੀ ਅਗਵਾਈ ਹੇਠ ਕੰਮ ਕਰਨ ਤੋਂ ਸਾਫ਼ ਇਨਕਾਰ ਕਰ ਦਿੱਤਾ, ਜਦਕਿ ਸਾਬਕਾ ਵਿਧਾਇਕ ਲਖਬੀਰ ਸਿੰਘ ਲੱਖਾ ਨੇ ਕਿਹਾ ਕਿ ਇਹ ਮੀਟਿੰਗ ਕਾਂਗਰਸ ਨੂੰ ਮਜ਼ਬੂਤ ਕਰਨ ਅਤੇ ਭਵਿੱਖ ਦੀ ਰਣਨੀਤੀ ਲਈ ਸੀ।
ਬਗਾਵਤ ਦੇ ਮੰਚ ‘ਤੇ ਇਕੱਠੀ ਹੋਈ ਸਿਆਸੀ ਫੌਜ
ਇਸ ਅਹਿਮ ਅਤੇ ਗੁਪਤ ਰਣਨੀਤੀ ਵਾਲੀ ਮੀਟਿੰਗ ਵਿੱਚ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਸਾਬਕਾ ਉਪ ਮੁੱਖ ਮੰਤਰੀ ਓ.ਪੀ.ਸੋਨੀ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਇਸਮਤ ਬਾਈ (ਸੂਬਾ ਪ੍ਰਧਾਨ ਐਨ.ਐਸ.ਯੂ.ਆਈ.), ਕੁਸ਼ਲਦੀਪ ਸਿੰਘ ਢਿੱਲੋਂ, ਅਜੀਤ ਇੰਦਰ ਸਿੰਘ ਮੋਫਰ, ਇੰਦਰਵੀਰ ਸਿੰਘ ਬੁਲਾਰੀਆ, ਮਦਨ Lਾਲ ਜਲਾਲਪੁਰ, ਰਮਨਜੀਤ ਸਿੰਘ ਸਿੱਕੀ, ਸੁਖਪਾਲ ਸਿੰਘ ਭੁੱਲਰ, ਹਰਮਿੰਦਰ ਸਿੰਘ ਗਿੱਲ, ਦਵਿੰਦਰ ਸਿੰਘ ਗੁਆਇਆ, ਪਿਰਮਲ ਸਿੰਘ ਧੌਲਾ, ਨਾਜ਼ਰ ਸਿੰਘ ਮਾਨਸਾਹੜਾ, ਅਜੀਤ ਸਿੰਘ ਮਾਨਸਾ, ਜੋਗਿੰਦਰ ਪਾਲ ਸਿੰਘ, ਦਲਵੀਰ ਸਿੰਘ ਗੋਲਡੀ, ਮੁਹੰਮਦ ਸਦੀਕ, ਅੰਗਦ ਸੈਣੀ, ਜਸਵਿੰਦਰ ਧੀਮਾਨ, ਸੁਰਿੰਦਰ ਸਿੰਘ ਕਰਤਾਰਪੁਰ, ਦਰਸ਼ਨ ਸਿੰਘ ਜੇਤੋ, ਭਗਵੰਤ ਪਾਲ, ਸੁਮੀਤ ਸਿੰਘ, ਨਵਜੋਤ ਸਿੰਘ, ਸੁਰਿੰਦਰ ਸਿੰਘ, ਬਲਕੌਰ ਸਿੰਘ ਸਿੱਧੂ, ਵਿਕਰਮ ਬਾਜਵਾ ਅਤੇ ਰਾਹੁਲ ਇੰਦਰ ਸਿੰਘ ਸਿੱਧੂ ਸਣੇ ਕਈ ਵੱਡੇ ਆਗੂ ਸ਼ਾਮਲ ਹੋਏ, ਜੋ ਪਾਰਟੀ ਅੰਦਰ ਡੂੰਘੀ ਅਸੰਤੁਸ਼ਟੀ ਦਾ ਪ੍ਰਤੱਖ ਪ੍ਰਮਾਣ ਹੈ।
ਸੰਪਾਦਕੀ ਟਿੱਪਣੀ: ਪੰਜਾਬ ਕਾਂਗਰਸ ਅੰਦਰ ਢਾਂਚਾਗਤ ਫੇਰਬਦਲ ਤੋਂ ਤੁਰੰਤ ਬਾਅਦ ਉੱਠੀ ਬਗਾਵਤ ਦੀ ਇਹ ਚੰਗਿਆੜੀ ਪਾਰਟੀ ਲਈ ਆਉਣ ਵਾਲੀਆਂ ਚੋਣਾਂ ਵਿੱਚ ਵੱਡੀ ਮੁਸੀਬਤ ਬਣ ਸਕਦੀ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ‘ਤੇ ਕਾਂਗਰਸ ਦੇ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਦਾ ਇਸ ਤਰ੍ਹਾਂ ਲਗਾਤਾਰ ਇਕੱਠੇ ਹੋਣਾ ਅਤੇ ਮੌਜੂਦਾ ਪ੍ਰਧਾਨ ਦੀ ਅਗਵਾਈ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰਨਾ ਇਹ ਸਪੱਸ਼ਟ ਕਰਦਾ ਹੈ ਕਿ ਪਾਰਟੀ ਅੰਦਰ ਧੜੇਬੰਦੀ ਖ਼ਤਮ ਹੋਣ ਦੀ ਬਜਾਏ ਹੋਰ ਡੂੰਘੀ ਹੋ ਗਈ ਹੈ। ਚੋਣਾਂ ਜਿੱਤਣ ਲਈ ਜਿੱਥੇ ਇਕਜੁੱਟਤਾ ਸਭ ਤੋਂ ਅਹਿਮ ਹੁੰਦੀ ਹੈ, ਉੱਥੇ ਹੀ ਲੀਡਰਸ਼ਿਪ ਦੀ ਇਸ ਆਪਸੀ ਖਿੱਚੋਤਾਣ ਅਤੇ ਹਾਈਕਮਾਨ ਦੇ ਫੈਸਲਿਆਂ ਪ੍ਰਤੀ ਅਸੰਤੁਸ਼ਟੀ ਕਾਰਨ ਪਾਰਟੀ ਦਾ ਜ਼ਮੀਨੀ ਵਰਕਰ ਦੁਵਿਧਾ ਵਿੱਚ ਫਸ ਗਿਆ ਹੈ। ਜੇਕਰ ਹਾਈਕਮਾਨ ਨੇ ਸਮਾਂ ਰਹਿੰਦੇ ਇਸ ਅੰਦਰੂਨੀ ਕਲੇਸ਼ ਅਤੇ ਨਾਰਾਜ਼ ਧੜੇ ਨੂੰ ਸ਼ਾਂਤ ਨਾ ਕੀਤਾ, ਤਾਂ ਸੂਬੇ ਵਿੱਚ ਸੱਤਾ ਵਿਰੋਧੀ ਲੜਾਈ ਲੜਨ ਤੋਂ ਪਹਿਲਾਂ ਹੀ ਕਾਂਗਰਸ ਨੂੰ ਆਪਣੇ ਹੀ ਘਰ ਵਿੱਚ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
