ਭਾਰਤ ਜਦੋਂ ਹਰ ਸਾਲ 26 ਜਨਵਰੀ ਨੂੰ ਗਣਤੰਤਰ ਦਿਹਾੜਾ ਮਨਾਉਂਦਾ ਹੈ, ਤਾਂ ਇਹ ਸਿਰਫ਼ ਇੱਕ ਤਿਉਹਾਰ ਨਹੀਂ, ਸਗੋਂ ਸਾਡੇ ਸੰਵਿਧਾਨਕ ਅਸਤੀਤਵ ਦੀ ਯਾਦ ਦਿਵਾਉਣ ਵਾਲਾ ਮਹਾਨ ਦਿਨ ਹੁੰਦਾ ਹੈ। ਦਰਅਸਲ, 26 ਜਨਵਰੀ 1930 ਨੂੰ ਭਾਰਤੀ ਰਾਸ਼ਟਰੀ ਕਾਂਗਰਸ ਵੱਲੋਂ “ਪੂਰਨ ਸਵਰਾਜ” ਦੀ ਘੋਸ਼ਣਾ ਕੀਤੀ ਗਈ ਸੀ। ਇਸੇ ਇਤਿਹਾਸਕ ਦਿਨ ਦੀ ਮਹੱਤਤਾ ਨੂੰ ਸਨਮਾਨ ਦੇਣ ਲਈ ਭਾਰਤ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ। ਡਾ. ਭੀਮ ਰਾਓ ਅੰਬੇਡਕਰ ਦੀ ਅਗਵਾਈ ਹੇਠ ਸੰਵਿਧਾਨ ਸਭਾ ਨੇ ਜੋ ਅਮੁੱਲ ਧਰੋਹਰ ਸਾਨੂੰ ਦਿੱਤੀ, ਉਹ ਸਿਰਫ਼ ਕਾਨੂੰਨੀ ਦਸਤਾਵੇਜ਼ ਨਹੀਂ, ਸਗੋਂ ਲੋਕਤੰਤਰ ਦੀ ਆਤਮਾ ਹੈ।
ਅੱਜ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਰਾਸ਼ਟਰੀ ਪੱਧਰ ’ਤੇ ਗਣਤੰਤਰ ਦਿਹਾੜੇ ਦੀ ਸ਼ਾਨਦਾਰ ਪਰੇਡ ਹੁੰਦੀ ਹੈ। ਦੇਸ਼ ਭਰ ਦੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਅਤੇ ਜਨਤਕ ਥਾਵਾਂ ’ਤੇ ਤਿਰੰਗਾ ਲਹਿਰਾਇਆ ਜਾਂਦਾ ਹੈ। ਸੁਰੱਖਿਆ ਬਲ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਹਨ ਅਤੇ ਵੱਖ-ਵੱਖ ਰਾਜ ਆਪਣੇ ਸੱਭਿਆਚਾਰਕ ਤੇ ਵਿਕਾਸਕ ਰੂਪ ਦੀਆਂ ਝਲਕੀਆਂ ਪੇਸ਼ ਕਰਦੇ ਹਨ। ਬਹਾਦਰੀ ਵਾਲੇ ਕੰਮ ਕਰਨ ਵਾਲੇ ਬੱਚਿਆਂ ਨੂੰ ਵੀ ਸਨਮਾਨਿਤ ਕੀਤਾ ਜਾਂਦਾ ਹੈ। ਪਰ ਇਨ੍ਹਾਂ ਰੌਣਕਾਂ ਦੇ ਵਿਚਕਾਰ ਇੱਕ ਗੰਭੀਰ ਸਵਾਲ ਖੜ੍ਹਾ ਹੋ ਜਾਂਦਾ ਹੈ-ਕੀ ਅਸੀਂ ਆਪਣੇ ਅਸਲ ਰਹਿਬਰਾਂ ਨੂੰ ਯਾਦ ਰੱਖ ਰਹੇ ਹਾਂ?
ਪ੍ਰੈਸ ਨਾਲ ਗੱਲ ਕਰਦਿਆਂ ਸਰਵਣ ਹੰਸ, ਵਾਈਸ ਪ੍ਰਧਾਨ-ਐੱਫ ਐੱਮ ਸੀ ਪੀ, ਨੇ ਦੁੱਖ ਭਰੇ ਸੁਰ ਵਿੱਚ ਕਿਹਾ ਕਿ ਅਸੀਂ ਅਕਸਰ ਆਪਣੇ ਦੇਸ਼ ਭਗਤਾਂ, ਸ਼ਹੀਦਾਂ ਅਤੇ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੂੰ ਭੁੱਲ ਜਾਂਦੇ ਹਾਂ। ਜਦੋਂ ਵੀ ਤਿਰੰਗਾ ਲਹਿਰਦਾ ਹੈ, ਭਾਸ਼ਣ ਤਾਂ ਹੁੰਦੇ ਹਨ, ਪਰ ਬਹੁਤ ਵਾਰ ਉਨ੍ਹਾਂ ਮਹਾਨ ਰਹਿਬਰਾਂ ਦੇ ਨਾਮ ਤੱਕ ਨਹੀਂ ਲਏ ਜਾਂਦੇ, ਜਿਨ੍ਹਾਂ ਦੀ ਕੁਰਬਾਨੀ ਤੇ ਮਿਹਨਤ ਨਾਲ ਅਸੀਂ ਅੱਜ ਇੱਕ ਆਜ਼ਾਦ ਅਤੇ ਸੰਵਿਧਾਨਕ ਦੇਸ਼ ਵਿੱਚ ਜੀ ਰਹੇ ਹਾਂ।
ਉਨ੍ਹਾਂ ਨੇ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ 26 ਜਨਵਰੀ, 15 ਅਗਸਤ ਅਤੇ 14 ਅਪ੍ਰੈਲ ਨੂੰ ਹਰ ਥਾਂ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ, ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰ ਸਾਰੇ ਸ਼ਹੀਦਾਂ ਨੂੰ ਨਮਨ ਕਰਨਾ ਲਾਜ਼ਮੀ ਬਣਾਇਆ ਜਾਵੇ। ਜਿਨ੍ਹਾਂ ਸ਼ਹਿਰਾਂ ਵਿੱਚ ਬਾਬਾ ਸਾਹਿਬ ਦੇ ਬੁੱਤ ਲੱਗੇ ਹਨ, ਉੱਥੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਨਮਨ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਹੀ ਤਿਰੰਗੇ ਵਾਲੀ ਥਾਂ ਪਹੁੰਚਿਆ ਜਾਵੇ।
ਸਰਵਣ ਹੰਸ ਨੇ ਜ਼ੋਰ ਦੇ ਕੇ ਕਿਹਾ ਕਿ ਉਸ ਦਿਨ ਬਾਬਾ ਸਾਹਿਬ ਦੇ ਬੁੱਤਾਂ ਦੀ ਸਾਫ਼-ਸਫ਼ਾਈ ਅਤੇ ਸੁਰੱਖਿਆ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਹਰ ਸਟੈਚੂ ’ਤੇ ਪੁਲਿਸ ਮੁਲਾਜ਼ਮ ਦੀ ਡਿਊਟੀ ਲਗਾਈ ਜਾਵੇ ਅਤੇ ਡੀ.ਸੀ., ਐਸ.ਡੀ.ਐਮ. ਵਰਗੇ ਅਧਿਕਾਰੀਆਂ ਨੂੰ ਪਹਿਲ ਦੇ ਅਧਾਰ ’ਤੇ ਇਹ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਜਾਣ।
ਉਨ੍ਹਾਂ ਅਨੁਸਾਰ, ਜਿਵੇਂ ਅਸੀਂ ਤਿਰੰਗੇ ਨੂੰ ਸ਼ਰਧਾ ਨਾਲ ਸਲਾਮ ਕਰਦੇ ਹਾਂ, ਓਸੇ ਤਰ੍ਹਾਂ ਉਸ ਦੀ ਇਜ਼ਤ ਵਿੱਚ ਬਾਬਾ ਸਾਹਿਬ ਅਤੇ ਹੋਰ ਸ਼ਹੀਦਾਂ ਦੀਆਂ ਫੋਟੋਆਂ ਵੀ ਲਗਾਈਆਂ ਜਾਣ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਰਹਿਬਰ ਕੌਣ ਸਨ, ਕਿਸ ਨੇ ਸਾਨੂੰ ਆਜ਼ਾਦੀ ਦਿਵਾਈ ਅਤੇ ਕਿਸ ਨੇ ਸਾਨੂੰ ਸੰਵਿਧਾਨ ਦਿੱਤਾ। ਕਿਉਂਕਿ ਬੱਚੇ ਹੀ ਦੇਸ਼ ਦਾ ਭਵਿੱਖ ਹਨ।
ਉਨ੍ਹਾਂ ਨੇ ਇਹ ਵੀ ਸਵਾਲ ਉਠਾਇਆ ਕਿ ਜਦੋਂ ਬਾਬਾ ਸਾਹਿਬ ਦੀਆਂ ਸੋਭਾ ਯਾਤਰਾਵਾਂ ਕੱਢਣ ਲਈ ਸਾਨੂੰ ਪ੍ਰਸ਼ਾਸਨ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ, ਤਾਂ ਕੀ ਹੁਣ ਆਜ਼ਾਦੀ ਦਿਵਾਉਣ ਵਾਲਿਆਂ ਅਤੇ ਸੰਵਿਧਾਨ ਦੇਣ ਵਾਲਿਆਂ ਦੀ ਯਾਦ ਵਿੱਚ ਯਾਤਰਾ ਕੱਢਣ ਲਈ ਵੀ ਮਨਜ਼ੂਰੀ ਲੋੜੀਂਦੀ ਰਹੇਗੀ? ਇਹ ਆਮ ਲੋਕਾਂ ਦਾ ਗੰਭੀਰ ਸਵਾਲ ਹੈ, ਜਿਸ ’ਤੇ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸੰਵੇਦਨਸ਼ੀਲਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ।
ਆਉਣ ਵਾਲੀ 26 ਜਨਵਰੀ ਸਿਰਫ਼ ਇੱਕ ਸਮਾਰੋਹ ਨਹੀਂ, ਸਗੋਂ ਇੱਕ ਕਸੌਟੀ ਹੋਵੇਗੀ-ਕਿ ਸਾਡਾ ਪ੍ਰਸ਼ਾਸਨ ਅਤੇ ਸਿਆਸੀ ਨੇਤ੍ਰਿਤਵ ਸੱਚਮੁੱਚ ਆਪਣੇ ਰਹਿਬਰਾਂ ਨੂੰ ਯਾਦ ਕਰਦਾ ਹੈ ਜਾਂ ਸਿਰਫ਼ ਰਸਮਾਂ ਤੱਕ ਹੀ ਸੀਮਿਤ ਰਹਿੰਦਾ ਹੈ। ਦੇਸ਼ ਦੀ ਲੋਕਤੰਤਰਕ ਆਤਮਾ ਦੀ ਰੱਖਿਆ ਲਈ ਇਹ ਜ਼ਰੂਰੀ ਹੈ ਕਿ ਅਸੀਂ ਆਪਣੇ ਅਸਲ ਨਾਇਕਾਂ ਨੂੰ ਦਿਲੋਂ ਨਮਨ ਕਰੀਏ।
ਜੈ ਭੀਮ, ਜੈ ਭਾਰਤ– ਸਰਵਨ ਹੰਸ

