ਫੀਡਫਰੰਟ ਮੈਨੇਜਮੈਂਟ ਕੌਂਸਲ ਆਫ਼ ਪੰਜਾਬ ਦੇ ਸਟੇਟ ਸੈਕਟਰੀ ਸ੍ਰੀ ਪਰਮਜੀਤ ਮਹਿਰਾ ਨੇ ਨਕੋਦਰ ਪ੍ਰਸ਼ਾਸਨ ਨੂੰ ਇੱਕ ਗੰਭੀਰ ਤੇ ਮਨੁੱਖੀ ਅਪੀਲ ਕਰਦਿਆਂ ਕਿਹਾ ਹੈ ਕਿ ਗਣਤੰਤਰ ਦਿਹਾੜੇ ਮੌਕੇ ਸਕੂਲਾਂ ਤੋਂ ਪਰੇਡ ਗਰਾਊਂਡ ਜਾਣ ਵਾਲੇ ਬੱਚਿਆਂ ਦੀ ਸੁਰੱਖਿਆ ਨੂੰ ਪਹਿਲ ਦੇ ਅਧਾਰ ’ਤੇ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇੱਕ ਦਿਨ ਦੀ ਰਸਮ ਨਹੀਂ, ਸਗੋਂ ਸਾਡੇ ਭਵਿੱਖ-ਸਾਡੇ ਬੱਚਿਆਂ-ਦੀ ਜ਼ਿੰਦਗੀ ਨਾਲ ਜੁੜਿਆ ਮਸਲਾ ਹੈ, ਜਿਸ ’ਤੇ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।
ਪ੍ਰੈਸ ਨਾਲ ਗੱਲ ਕਰਦਿਆਂ ਸ੍ਰੀ ਮਹਿਰਾ ਨੇ ਦੱਸਿਆ ਕਿ ਜਦੋਂ ਸਵੇਰੇ ਸਮੇਂ ਸਕੂਲਾਂ ਦੇ ਬੱਚੇ ਆਪਣੇ ਅਧਿਆਪਕਾਂ ਨਾਲ ਕਤਾਰਾਂ ਵਿੱਚ ਪਰੇਡ ਗਰਾਊਂਡ ਵੱਲ ਅਭਿਆਸ ਲਈ ਨਿਕਲਦੇ ਹਨ, ਤਾਂ ਸ਼ਹਿਰ ਦੇ ਸਭ ਤੋਂ ਵਿਆਸਤ ਇਲਾਕੇ-ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਚੌਂਕ—ਵਿਚੋਂ ਲੰਘਦੇ ਸਮੇਂ ਉਨ੍ਹਾਂ ਨੂੰ ਗੰਭੀਰ ਖਤਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਕਈ ਵਾਰ ਵਾਹਨ ਚਾਲਕ ਬੱਚਿਆਂ ਦੀ ਕਤਾਰ ਦੀ ਪਰਵਾਹ ਕੀਤੇ ਬਿਨਾਂ, ਬੇਧਿਆਨੀ ਨਾਲ ਉਹਨਾਂ ਦੇ ਵਿਚਕਾਰੋਂ ਲੰਘ ਜਾਂਦੇ ਹਨ, ਜੋ ਕਿਸੇ ਵੀ ਸਮੇਂ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ।
ਉਨ੍ਹਾਂ ਕਿਹਾ ਕਿ ਅਧਿਆਪਕ ਪੂਰੀ ਕੋਸ਼ਿਸ਼ ਕਰਦੇ ਹਨ ਕਿ ਬੱਚੇ ਸੁਰੱਖਿਅਤ ਰਹਿਣ, ਪਰ ਜਦੋਂ ਵਾਹਨ ਚਾਲਕ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ, ਤਾਂ ਸਾਰਾ ਪ੍ਰਬੰਧ ਅਸਰਹੀਣ ਹੋ ਜਾਂਦਾ ਹੈ। ਚਾਹੇ ਗੱਲ ਪਰੇਡ ਗਰਾਊਂਡ ਜਾਣ ਦੀ ਹੋਵੇ ਜਾਂ ਉੱਥੋਂ ਵਾਪਸ ਸਕੂਲ ਪਹੁੰਚਣ ਦੀ-ਹਰ ਵਾਰ ਬੱਚਿਆਂ ਨੂੰ ਸ਼ਹਿਰ ਦੀ ਭੀੜਭਾੜ ਅਤੇ ਟ੍ਰੈਫਿਕ ਵਿਚੋਂ ਲੰਘਣਾ ਪੈਂਦਾ ਹੈ, ਜੋ ਕਿਸੇ ਵੀ ਤਰ੍ਹਾਂ ਸੁਰੱਖਿਅਤ ਨਹੀਂ।
ਸ੍ਰੀ ਮਹਿਰਾ ਨੇ ਸਵਾਲ ਉਠਾਇਆ ਕਿ ਜੇ ਰੱਬ ਨਾ ਕਰੇ, ਕਿਸੇ ਬੱਚੇ ਨਾਲ ਕੋਈ ਅਣਹੋਣੀ ਘਟਨਾ ਵਾਪਰ ਜਾਵੇ, ਤਾਂ ਅਸੀਂ ਦੋਸ਼ ਕਿਸ ਨੂੰ ਦੇਵਾਂਗੇ? ਕੀ ਅਸੀਂ ਪਹਿਲਾਂ ਹੀ ਇਸ ਗੰਭੀਰ ਮਸਲੇ ਦੀ ਗਹਿਰਾਈ ਨੂੰ ਸਮਝ ਕੇ ਕਦਮ ਚੁੱਕਣ ਲਈ ਤਿਆਰ ਨਹੀਂ ਹੋ ਸਕਦੇ? ਉਨ੍ਹਾਂ ਕਿਹਾ ਕਿ ਬੱਚਿਆਂ ਦੀ ਜਾਨ ਤੋਂ ਵੱਧ ਕੋਈ ਵੀ ਸਮਾਰੋਹ ਨਹੀਂ ਹੋ ਸਕਦਾ।
ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਕੂਲ ਤੋਂ ਪਰੇਡ ਗਰਾਊਂਡ ਅਤੇ ਪਰੇਡ ਗਰਾਊਂਡ ਤੋਂ ਸਕੂਲ ਵਾਪਸੀ ਸਮੇਂ ਟ੍ਰੈਫਿਕ ਦੀ ਢੁਕਵੀਂ ਵਿਵਸਥਾ ਕੀਤੀ ਜਾਵੇ। ਖਾਸ ਕਰਕੇ ਚੌਂਕਾਂ ਅਤੇ ਕ੍ਰਾਸਿੰਗਾਂ ’ਤੇ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣ, ਤਾਂ ਜੋ ਬੱਚੇ ਬਿਨਾਂ ਡਰ ਤੇ ਖਤਰੇ ਦੇ ਆਪਣਾ ਰਸਤਾ ਤੈਅ ਕਰ ਸਕਣ।
ਅੰਤ ਵਿੱਚ, ਸ੍ਰੀ ਮਹਿਰਾ ਨੇ ਡੀ.ਐਸ.ਪੀ. ਨਕੋਦਰ ਅਤੇ ਹਲਕਾ ਵਿਧਾਇਕਾ ਸ੍ਰੀਮਤੀ ਇੰਦਰਜੀਤ ਕੌਰ ਮਾਨ ਨੂੰ ਵੀ ਬੇਨਤੀ ਕੀਤੀ ਕਿ ਚਾਹੇ ਗਣਤੰਤਰ ਦਿਹਾੜਾ ਹੋਵੇ ਜਾਂ ਸੁਤੰਤਰਤਾ ਦਿਹਾੜਾ-ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਸਦਾ ਪਹਿਲ ਦਿੱਤੀ ਜਾਵੇ, ਤਾਂ ਜੋ ਉਹ ਪੂਰੇ ਉਤਸ਼ਾਹ, ਵਿਸ਼ਵਾਸ ਅਤੇ ਦੇਸ਼ਭਗਤੀ ਨਾਲ ਇਨ੍ਹਾਂ ਮਹੱਤਵਪੂਰਨ ਦਿਨਾਂ ਨੂੰ ਮਨਾ ਸਕਣ।
-ਪਰਮਜੀਤ ਮੇਹਰਾ

