ਬਹਿਰਾਮ: ਆਮ ਆਦਮੀ ਪਾਰਟੀ (ਆਪ) ਨੂੰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਇੱਕ ਵੱਡਾ ਝਟਕਾ ਲੱਗਿਆ ਹੈ। ‘ਆਪ’ ਦੀ ਜ਼ਿਲ੍ਹਾ ਪ੍ਰਧਾਨ ਮੈਡਮ ਪੁਸ਼ਪਾ ਦੇਵੀ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਕੇ ਆਪਣੇ ਸਾਥੀਆਂ ਸਮੇਤ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਹੈ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਮੈਡਮ ਪੁਸ਼ਪਾ ਦੇਵੀ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੱਛੇ ਜਿਹੇ ਹੀ ਆਮ ਆਦਮੀ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਨਿਯੁਕਤ ਕੀਤਾ ਸੀ। ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਪਾਰਟੀ ਲਈ ਦਿਨ-ਰਾਤ ਇੱਕ ਕੀਤਾ, ਪਰ ਉਨ੍ਹਾਂ ਦੀ ਆਮ ਆਦਮੀ ਪਾਰਟੀ ਵਿੱਚ ਕੋਈ ਸੁਣਵਾਈ ਨਹੀਂ ਹੋਈ ਅਤੇ ਨਾ ਹੀ ਉਨ੍ਹਾਂ ਦੇ ਕੋਈ ਕੰਮ ਵਗੈਰਾ ਹੁੰਦੇ ਸਨ। ਇਨ੍ਹਾਂ ਕਾਰਨਾਂ ਕਰਕੇ ਉਨ੍ਹਾਂ ਨੇ ‘ਆਪ’ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ।
ਕਾਂਗਰਸ ਵਿੱਚ ਸ਼ਾਮਲ ਹੋਣ ਦਾ ਸਮਾਰੋਹ:
ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵਿਖੇ ਹੋਏ ਸਮਾਰੋਹ ਵਿੱਚ ਕਾਂਗਰਸ ਪਰਿਵਾਰ ਵਿੱਚ ਇਹ ਵਾਧਾ ਹੋਇਆ। ਇਸ ਮੌਕੇ ਮੈਡਮ ਗਰਿਮਾ ਮਹਿਰਾ ਦਸੋਨੀ (ਮੁੱਖ ਬੁਲਾਰਾ, ਉੱਤਰ ਪ੍ਰਦੇਸ਼ ਕਾਂਗਰਸ), ਪੰਜਾਬ ਕਾਂਗਰਸ ਦੇ ਸੋਸ਼ਲ ਮੀਡੀਆ ਦੇ ਚੇਅਰਮੈਨ ਗੁਰਤੇਜ ਸਿੰਘ ਪੰਨੂੰ, ਕਾਂਗਰਸ ਪਾਰਟੀ ਜ਼ਿਲ੍ਹਾ ਐਸ.ਬੀ.ਐਸ. ਨਗਰ ਦੇ ਪ੍ਰਧਾਨ ਸ਼੍ਰੀ ਅਜੇ ਮੰਗੂਪੁਰ ਅਤੇ ਹਲਕਾ ਗੜ੍ਹਸ਼ੰਕਰ ਤੋਂ ਬਿੰਦੂ ਭੂੰਬਲਾ ਦੀ ਅਗਵਾਈ ਵਿੱਚ ‘ਆਪ’ ਪਾਰਟੀ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮੈਡਮ ਪੁਸ਼ਪਾ ਦੇਵੀ ਅਤੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ‘ਆਪ’ ਪਾਰਟੀ ਦੀ ਮਹਿਲਾ ਵਿੰਗ ਦੀ ਜ਼ਿਲ੍ਹਾ ਜੁਆਇੰਟ ਸਕੱਤਰ ਸੁਨੀਤਾ ਸਮੇਤ ਕਈ ਆਗੂਆਂ ਦਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਣ ‘ਤੇ ਨਿੱਘਾ ਸਵਾਗਤ ਕੀਤਾ ਗਿਆ।
ਸ਼ਾਮਲ ਹੋਣ ਵਾਲੇ ਪ੍ਰਮੁੱਖ ਆਗੂ:
ਮੈਡਮ ਪੁਸ਼ਪਾ ਦੇਵੀ ਦੇ ਨਾਲ ਪੰਜਾਬ ਸੋਸ਼ਲ ਮੀਡੀਆ ਦੇ ਪੰਜਾਬ ਸਕੱਤਰ ਸਰਦਾਰ ਦਲਵਿੰਦਰ ਸਿੰਘ, ਪੰਜਾਬ ਐਸ.ਸੀ. ਵਿੰਗ ਦੇ ਕੋਆਰਡੀਨੇਟਰ ਸਰਦਾਰ ਬਲਵਿੰਦਰ ਸਿੰਘ, ਸ਼੍ਰੀ ਪੰਡਿਤ ਮੰਗਤ ਰਾਮ, ਮਨੋਜ ਬੇਦੀ ਜੀ, ਚੇਤਨ ਐਰੀ, ਬਲਵੀਰ ਕੌਰ ਮਜਾਰੀ, ਜਸਵਿੰਦਰ ਮਜਾਰੀ, ਬਲਵੀਰ ਕੌਰ ਸਜਾਲਪੁਰ, ਸੀਮਾ ਰਾਣੀ, ਕਰਾਵਰ ਸਮੇਤ ਕਈ ਹੋਰ ਆਗੂ ਅਤੇ ਵਰਕਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ।
ਇਸ ਨਾਲ ਆਮ ਆਦਮੀ ਪਾਰਟੀ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਵਿੱਚ ਇੱਕ ਝਟਕਾ ਲੱਗਾ ਹੈ, ਜਦਕਿ ਕਾਂਗਰਸ ਪਾਰਟੀ ਨੇ ਆਪਣੀ ਤਾਕਤ ਵਿੱਚ ਵਾਧਾ ਕੀਤਾ ਹੈ।

