ਸ਼ੰਕਰ/ਨਕੋਦਰ: ਸਿੱਖਿਆ ਵਿਭਾਗ, ਪੰਜਾਬ ਅਤੇ ਨੈਸ਼ਨਲ ਸਾਇੰਸ ਸੈਂਟਰ, ਮਨਿਸਟਰੀ ਆਫ ਕਲਚਰ, ਭਾਰਤ ਸਰਕਾਰ, ਨਵੀਂ ਦਿੱਲੀ ਦੇ ਅਧੀਨ ਸਾਲ 2025-26 ਦੇ ਬਲਾਕ ਪੱਧਰੀ ਸਾਇੰਸ ਡਰਾਮਾ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸ਼ੰਕਰ ਵਿਖੇ ਬੜੇ ਉਤਸ਼ਾਹ ਨਾਲ ਆਯੋਜਿਤ ਕੀਤੇ ਗਏ। ਇਸ ਮੁਕਾਬਲੇ ਵਿੱਚ ਨਕੋਦਰ ਬਲਾਕ ਦੇ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ ਅਤੇ ਆਪਣੀ ਵਿਗਿਆਨਕ ਸੂਝ ਅਤੇ ਅਭਿਨੈ ਕਲਾ ਦਾ ਪ੍ਰਦਰਸ਼ਨ ਕੀਤਾ।
ਇਨ੍ਹਾਂ ਮੁਕਾਬਲਿਆਂ ਵਿੱਚ ਸਰਕਾਰੀ ਮਿਡਲ ਸਕੂਲ, ਆਲੋਵਾਲ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕਰਕੇ ਸਕੂਲ ਅਤੇ ਬਲਾਕ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਇੰਚਾਰਜ ਅਧਿਆਪਕ ਅਤੇ ਸਮੂਹ ਸਟਾਫ ਵੱਲੋਂ ਪੂਰੀ ਟੀਮ ਦੇ ਇਸ ਵਧੀਆ ਪ੍ਰਦਰਸ਼ਨ ਦੀ ਭਰਪੂਰ ਪ੍ਰਸ਼ੰਸਾ ਕੀਤੀ ਗਈ ਅਤੇ ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਹਾਰਦਿਕ ਵਧਾਈ ਦਿੱਤੀ ਗਈ।
ਸਰਕਾਰੀ ਮਿਡਲ ਸਕੂਲ, ਆਲੋਵਾਲ ਦੀ ਇਸ ਡਰਾਮਾ ਟੀਮ ਵਿੱਚ ਸੁਖਵਿੰਦਰ ਕੁਮਾਰ, ਨਵਦੀਪ ਸਿੰਘ, ਸਹਿਜਦੀਪ, ਗੁਰਰੀਤ ਸਿੰਘ, ਪ੍ਰਭਜੋਤ ਸਿੰਘ, ਮਨਜੋਤ ਕੌਰ, ਅਨੁਸ਼ਕਾ ਅਤੇ ਨਵਜੋਤ ਕੌਰ ਵਰਗੇ ਹੋਣਹਾਰ ਵਿਦਿਆਰਥੀ ਸ਼ਾਮਲ ਸਨ। ਇਨ੍ਹਾਂ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਵਿਗਿਆਨਕ ਸੰਦੇਸ਼ ਨੂੰ ਡਰਾਮੇ ਰਾਹੀਂ ਪੇਸ਼ ਕਰਕੇ ਦਰਸ਼ਕਾਂ ਅਤੇ ਜੱਜਾਂ ਨੂੰ ਬਹੁਤ ਪ੍ਰਭਾਵਿਤ ਕੀਤਾ।
ਇਹ ਮੁਕਾਬਲੇ ਵਿਦਿਆਰਥੀਆਂ ਵਿੱਚ ਵਿਗਿਆਨ ਪ੍ਰਤੀ ਰੁਚੀ ਪੈਦਾ ਕਰਨ, ਉਨ੍ਹਾਂ ਦੀ ਸਿਰਜਣਾਤਮਕਤਾ ਨੂੰ ਨਿਖਾਰਨ ਅਤੇ ਸਮਾਜਿਕ ਮੁੱਦਿਆਂ ‘ਤੇ ਵਿਗਿਆਨਕ ਦ੍ਰਿਸ਼ਟੀਕੋਣ ਵਿਕਸਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਸਰਕਾਰੀ ਮਿਡਲ ਸਕੂਲ, ਆਲੋਵਾਲ ਦੀ ਇਹ ਸਫਲਤਾ ਹੋਰਨਾਂ ਵਿਦਿਆਰਥੀਆਂ ਨੂੰ ਵੀ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕਰੇਗੀ।

