ਨਕੋਦਰ/ਜਲੰਧਰ: ਪੰਜਾਬ ਦੀ ਬੁਲੰਦ ਆਵਾਜ਼ ਅਤੇ ਅੱਲ ਮਸਤ ਬਾਪੂ ਲਾਲ ਬਾਦਸ਼ਾਹ ਡੇਰਾ ਨਕੋਦਰ ਦੇ ਦਰਬਾਰੀ ਗਾਇਕ ਉਸਤਾਦ ਜਮਨਾ ਰਸੀਲਾ ਜੀ, ਜੋ ਬੀਤੇ ਦਿਨੀਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਉਨ੍ਹਾਂ ਦਾ ਅੰਤਿਮ ਸੰਸਕਾਰ ਕੱਲ੍ਹ ਵੀਰਵਾਰ, 27 ਨਵੰਬਰ ਨੂੰ ਦੁਪਹਿਰ 12 ਵਜੇ ਉਨ੍ਹਾਂ ਦੇ ਜੱਦੀ ਪਿੰਡ ਸੰਘੇ ਜਗੀਰ ਵਿਖੇ ਹੋਵੇਗਾ। ਇਸ ਦੁੱਖ ਦੀ ਘੜੀ ਵਿੱਚ ਪੰਜਾਬੀ ਸੰਗੀਤ ਜਗਤ ਵਿੱਚ ਸੋਗ ਦੀ ਲਹਿਰ ਹੈ। ਉਸਤਾਦ ਜਮਨਾ ਰਸੀਲਾ ਜੀ ਨੇ ਆਪਣੀ ਬੁਲੰਦ ਅਤੇ ਰਸੀਲੀ ਆਵਾਜ਼ ਨਾਲ ਲੱਖਾਂ ਸਰੋਤਿਆਂ ਦੇ ਦਿਲਾਂ ਵਿੱਚ ਆਪਣੀ ਖਾਸ ਜਗ੍ਹਾ ਬਣਾਈ ਸੀ। ਡੇਰੇ ਦੇ ਭਜਨਾਂ ਅਤੇ ਕਵਾਲੀਆਂ ਨੂੰ ਉਨ੍ਹਾਂ ਨੇ ਇੱਕ ਨਵੀਂ ਪਛਾਣ ਦਿੱਤੀ।
ਜਾਣਕਾਰੀ ਦਿੰਦਿਆਂ ਐਂਕਰ ਇੰਦਾ ਘਈ ਨੇ ਦੱਸਿਆ ਕਿ ਉਸਤਾਦ ਜਮਨਾ ਰਸੀਲਾ ਜੀ ਦੇ ਅੰਤਿਮ ਸੰਸਕਾਰ ਮੌਕੇ ਡੇਰਿਆਂ ਤੋਂ ਵੱਡੀ ਗਿਣਤੀ ਵਿੱਚ ਫ਼ਕੀਰ, ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਸਾਹਿਬਾਨ ਅਤੇ ਪੰਜਾਬ ਦੇ ਨਾਮਵਰ ਗਾਇਕ ਵੀ ਪਹੁੰਚ ਰਹੇ ਹਨ। ਇਹ ਸਭ ਉਨ੍ਹਾਂ ਦੀ ਕਲਾ ਅਤੇ ਵਿਅਕਤਿੱਤਵ ਪ੍ਰਤੀ ਸ਼ਰਧਾਂਜਲੀ ਹੋਵੇਗੀ।ਇਸ ਅੰਤਿਮ ਵਿਦਾਈ ਸਮਾਰੋਹ ਦਾ ਪੰਜਾਬ ਲਾਈਵ ਨਿਊਜ਼ ਚੈਨਲ ਤੋਂ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ, ਤਾਂ ਜੋ ਦੇਸ਼-ਵਿਦੇਸ਼ ਵਿੱਚ ਬੈਠੇ ਉਨ੍ਹਾਂ ਦੇ ਚਾਹੁਣ ਵਾਲੇ ਵੀ ਇਸ ਸਮੇਂ ਦਾ ਹਿੱਸਾ ਬਣ ਸਕਣ। ਸਾਰੇ ਸਾਥੀਆਂ ਅਤੇ ਸ਼ੁਭਚਿੰਤਕਾਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨ ਜੀ ਅਤੇ ਇਸ ਮਹਾਨ ਕਲਾਕਾਰ ਨੂੰ ਅੰਤਿਮ ਵਿਦਾਈ ਦੇਣ ਵਿੱਚ ਸ਼ਾਮਲ ਹੋਣ।

