ਜਲੰਧਰ: ਸ਼ਾਮ ਢਲਦਿਆਂ ਹੀ ਜਦੋਂ ਸ਼ਹਿਰ ਦੀਆਂ ਸੜਕਾਂ ਲੋਕਾਂ ਦੇ ਸਿਰਾਂ ਦੇ ਸਮੁੰਦਰ ਵਿੱਚ ਬਦਲ ਜਾਂਦੀਆਂ ਹਨ, ਤਾਂ ਸਮਝ ਜਾਓ ਕਿ ਸੋਢਲ ਦਾ ਮੇਲਾ ਆਪਣੇ ਪੂਰੇ ਜੋਬਨ ‘ਤੇ ਹੈ। ਜਲੰਧਰ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ‘ਚ ਇਸ ਵਾਰ ਆਸਥਾ ਦਾ ਅਜਿਹਾ ਸੈਲਾਬ ਦੇਖਣ ਨੂੰ ਮਿਲਿਆ ਕਿ ਸ਼ਾਮ ਢੱਲਦੇ ਹੀ ਸੋਢਲ ਦੀਆਂ ਸੜਕਾਂ ਸ਼ਰਧਾਲੂਆਂ ਨਾਲ ਭਰ ਗਈਆਂ। ਸਵੇਰ ਤੋਂ ਸ਼ੁਰੂ ਹੋਇਆ ਸੰਗਤਾਂ ਦਾ ਆਉਣਾ ਸ਼ਾਮ ਤੱਕ ਵੱਡੇ ਜਨਸਮੂਹ ਵਿੱਚ ਬਦਲ ਗਿਆ। ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਮੇਲਾ ਹੋਰ ਵੀ ਵੱਧ ਭਰਿਆ ਨਜ਼ਰ ਆਇਆ ਤੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਬਾਬਾ ਜੀ ਦੇ ਦਰ ‘ਤੇ ਨਤਮਸਤਕ ਹੋਣ ਪਹੁੰਚੇ।
ਪੈਦਲ ਆਵਾਜਾਈ ਦਾ ਵਧਿਆ ਦਬਾਅ
ਸੋਢਲ ਮੰਦਿਰ ਵੱਲ ਜਾਣ ਵਾਲੇ ਰਸਤਿਆਂ ‘ਤੇ ਸਵੇਰ ਤੋਂ ਹੀ ਸ਼ਰਧਾਲੂਆਂ ਦੀ ਆਵਾਜਾਈ ਸ਼ੁਰੂ ਹੋ ਗਈ ਸੀ। ਦੁਪਹਿਰ ਬਾਅਦ ਭੀੜ ਦਾ ਦਬਾਅ ਤੇਜ਼ੀ ਨਾਲ ਵਧਿਆ ਤੇ ਸ਼ਾਮ ਢਲਦੇ-ਢਲਦੇ ਸਥਿਤੀ ਇਹ ਬਣ ਗਈ ਕਿ ਸੋਢਲ ਦੀਆਂ ਕਈ ਸੜਕਾਂ ‘ਤੇ ਪੈਦਲ ਚੱਲਣ ਵਾਲੇ ਲੋਕਾਂ ਦੀ ਗਿਣਤੀ ਵਾਹਨਾਂ ਨਾਲੋਂ ਕਿਤੇ ਵੱਧ ਨਜ਼ਰ ਆਈ। ਮੱਥਾ ਟੇਕਣ ਤੋਂ ਬਾਅਦ ਸ਼ਰਧਾਲੂ ਮੇਲੇ ਦੇ ਬਾਜ਼ਾਰਾਂ ਵੱਲ ਜਾਂਦੇ ਰਹੇ, ਜਿਸ ਕਾਰਨ ਇਲਾਕੇ ਵਿੱਚ ਪੈਦਲ ਆਵਾਜਾਈ ਦਾ ਦਬਾਅ ਹੋਰ ਵਧ ਗਿਆ। ਮੇਲੇ ‘ਚ ਪ੍ਰਸਾਦ, ਖਾਣ-ਪੀਣ ਦੀਆਂ ਦੁਕਾਨਾਂ, ਖਿਡੌਣਿਆਂ ਅਤੇ ਹੋਰ ਸਟਾਲਾਂ ‘ਤੇ ਵੀ ਭੀੜ ਦਿਖਾਈ ਦਿੱਤੀ।
ਭੀੜ ਦਰਮਿਆਨ ਛੋਟੇ-ਮੋਟੇ ਝਗੜੇ ਵੀ
ਵੱਡੀ ਭੀੜ ਦਰਮਿਆਨ ਕੁਝ ਥਾਵਾਂ ‘ਤੇ ਛੋਟੇ-ਮੋਟੇ ਝਗੜੇ ਹੋਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ। ਭੀੜ ਵਾਲੀਆਂ ਥਾਵਾਂ ‘ਤੇ ਧੱਕਾ-ਮੁੱਕੀ, ਰਸਤਾ ਦੇਣ ਜਾਂ ਹੋਰ ਛੋਟੀਆਂ ਗੱਲਾਂ ਨੂੰ ਲੈ ਕੇ ਤਕਰਾਰ ਦੀ ਸੰਭਾਵਨਾ ਵਧ ਜਾਂਦੀ ਹੈ। ਹਾਲਾਂਕਿ ਮੇਲੇ ਵਿੱਚ ਆਸਥਾ ਅਤੇ ਉਤਸ਼ਾਹ ਦਾ ਮਾਹੌਲ ਕਾਇਮ ਰਿਹਾ, ਪਰ ਇਨ੍ਹਾਂ ਛੋਟੀਆਂ ਘਟਨਾਵਾਂ ਨੇ ਭੀੜ ਪ੍ਰਬੰਧਨ ਦੀ ਤਿਆਰੀ ‘ਤੇ ਸਵਾਲ ਜ਼ਰੂਰ ਖੜ੍ਹੇ ਕੀਤੇ।
ਲੱਖਾਂ ਦੀ ਸੰਗਤ ਲਈ ਕਿੰਨੇ ਪੁਖ਼ਤਾ ਸਨ ਪ੍ਰਬੰਧ
ਸੋਢਲ ਮੇਲਾ ਹਰ ਸਾਲ ਲੱਖਾਂ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ। ਇਸ ਵਾਰ ਭੀੜ ਪਿਛਲੀ ਵਾਰ ਨਾਲੋਂ ਵੀ ਵੱਧ ਰਹੀ ਤਾਂ ਕਰਾਊਡ ਮੈਨੇਜਮੈਂਟ ਦੀ ਜ਼ਿੰਮੇਵਾਰੀ ਵੀ ਉਸੇ ਅਨੁਪਾਤ ਵਿੱਚ ਵਧ ਗਈ। ਭੀੜ ਨੂੰ ਵੱਖ-ਵੱਖ ਰਸਤਿਆਂ ਰਾਹੀਂ ਮੋੜਨਾ, ਪੈਦਲ ਆਵਾਜਾਈ ਲਈ ਵੱਖਰਾ ਰਸਤਾ, ਵਾਹਨਾਂ ਲਈ ਡਾਇਵਰਜ਼ਨ, ਬੈਰੀਕੇਡਿੰਗ, ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ, ਐਮਰਜੈਂਸੀ ਰੂਟ ਅਤੇ ਭੀੜ ਵਧਣ ਦੀ ਸਥਿਤੀ ਵਿੱਚ ਵਿਕਲਪਿਕ ਯੋਜਨਾ, ਇਹ ਸਾਰੇ ਪ੍ਰਬੰਧ ਕਿਸੇ ਵੀ ਵੱਡੇ ਧਾਰਮਿਕ ਇਕੱਠ ਦੀ ਸੁਰੱਖਿਆ ਲਈ ਅਹਿਮ ਹੁੰਦੇ ਹਨ।
ਭੀੜ ਨੂੰ ਕੰਟਰੋਲ ਕਰਨਾ ਅਸਲ ਪਰਖ
ਮੇਲੇ ਦੌਰਾਨ ਸਭ ਤੋਂ ਵੱਡੀ ਚਿੰਤਾ ਐਮਰਜੈਂਸੀ ਸੇਵਾਵਾਂ ਲਈ ਰਸਤੇ ਨੂੰ ਲੈ ਕੇ ਰਹਿੰਦੀ ਹੈ। ਜੇਕਰ ਕਿਸੇ ਸ਼ਰਧਾਲੂ ਦੀ ਸਿਹਤ ਅਚਾਨਕ ਵਿਗੜ ਜਾਵੇ ਜਾਂ ਕਿਸੇ ਥਾਂ ਕੋਈ ਹਾਦਸਾ ਵਾਪਰ ਜਾਵੇ ਤਾਂ ਐਂਬੂਲੈਂਸ, ਫਾਇਰ ਬ੍ਰਿਗੇਡ ਜਾਂ ਪੁਲਿਸ ਦੀ ਗੱਡੀ ਕਿੰਨੀ ਤੇਜ਼ੀ ਨਾਲ ਮੌਕੇ ਤੱਕ ਪਹੁੰਚ ਸਕਦੀ ਹੈ, ਇਹ ਭੀੜ ਪ੍ਰਬੰਧਨ ਦੀ ਅਸਲ ਪਰਖ ਹੁੰਦੀ ਹੈ। ਇਸ ਦੇ ਨਾਲ ਮੈਡੀਕਲ ਸਹਾਇਤਾ ਕੇਂਦਰਾਂ, ਪੀਣ ਵਾਲੇ ਪਾਣੀ, ਜਨਤਕ ਸਹੂਲਤਾਂ ਅਤੇ ਗੁੰਮ ਹੋਏ ਬੱਚਿਆਂ ਜਾਂ ਬਜ਼ੁਰਗਾਂ ਨੂੰ ਪਰਿਵਾਰਾਂ ਨਾਲ ਮਿਲਾਉਣ ਲਈ ਬਣਾਏ ਪ੍ਰਬੰਧ ਵੀ ਤਕਰੀਬਨ ਕਾਮਯਾਬ ਦਿਸੇ।
1500 ਜਵਾਨਾਂ ਨੇ ਸੰਭਾਲਿਆ ‘ਮੇਲਾ’
ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਪਹੁੰਚੀ ਸੰਗਤ ਦੀ ਸੁਰੱਖਿਆ ਅਤੇ ਭੀੜ ਪ੍ਰਬੰਧਨ ਲਈ ਪੁਲਿਸ ਵੱਲੋਂ ਕਰੀਬ 1500 ਜਵਾਨ ਤਾਇਨਾਤ ਕੀਤੇ ਗਏ। ਸਵੇਰ ਤੋਂ ਹੀ ਮੰਦਿਰ ਵੱਲ ਆਉਣ ਵਾਲੇ ਰਸਤਿਆਂ ‘ਤੇ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਰਹੀ। ਪੁਲਿਸ ਵੱਲੋਂ ਬੈਰੀਕੇਡਿੰਗ, ਟ੍ਰੈਫਿਕ ਪ੍ਰਬੰਧਨ, ਸੀਸੀਟੀਵੀ ਨਿਗਰਾਨੀ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਵਾਧੂ ਫੋਰਸ ਰਾਹੀਂ ਹਾਲਾਤ ਸੰਭਾਲਣ ਦੀ ਕੋਸ਼ਿਸ਼ ਕੀਤੀ ਗਈ।
ਸੰਪਾਦਕੀ ਟਿੱਪਣੀ: ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ਵਿੱਚ ਉਮੜੀ ਲੱਖਾਂ ਦੀ ਸੰਗਤ ਇਸ ਗੱਲ ਦੀ ਗਵਾਹ ਹੈ ਕਿ ਲੋਕਾਂ ਦੀ ਆਸਥਾ ਅੱਜ ਵੀ ਓਨੀ ਹੀ ਡੂੰਘੀ ਹੈ, ਪਰ ਇੰਨੀ ਵੱਡੀ ਭੀੜ ਦਾ ਇਕੱਠ ਪ੍ਰਸ਼ਾਸਨ ਲਈ ਵੀ ਇੱਕ ਵੱਡੀ ਜ਼ਿੰਮੇਵਾਰੀ ਬਣ ਜਾਂਦਾ ਹੈ। 1500 ਜਵਾਨਾਂ ਦੀ ਤਾਇਨਾਤੀ ਅਤੇ ਬੈਰੀਕੇਡਿੰਗ ਵਰਗੇ ਪ੍ਰਬੰਧ ਸ਼ਲਾਘਾਯੋਗ ਹਨ, ਪਰ ਭੀੜ ਦਰਮਿਆਨ ਹੋਏ ਛੋਟੇ-ਮੋਟੇ ਝਗੜੇ ਇਹ ਯਾਦ ਦਵਾਉਂਦੇ ਹਨ ਕਿ ਹਰ ਸਾਲ ਵਧਦੀ ਸੰਗਤ ਦੇ ਮੁਕਾਬਲੇ ਭੀੜ ਪ੍ਰਬੰਧਨ ਦੀ ਯੋਜਨਾ ਨੂੰ ਵੀ ਲਗਾਤਾਰ ਹੋਰ ਮਜ਼ਬੂਤ ਕਰਨ ਦੀ ਲੋੜ ਹੈ, ਤਾਂ ਜੋ ਹਰ ਸ਼ਰਧਾਲੂ ਸੁਰੱਖਿਅਤ ਦਰਸ਼ਨ ਕਰਕੇ ਘਰ ਪਰਤ ਸਕੇ।
