ਸ਼ਾਹਕੋਟ: ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ (ਰਜਿ. 31) ਜ਼ਿਲ੍ਹਾ ਜਲੰਧਰ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਕਮਲਜੀਤ ਸਿੰਘ ਮਾਣਕ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੁੱਚਾ ਸਿੰਘ ਨੂਰਮਹਿਲ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਉਪਰੰਤ ਆਗੂਆਂ ਨੇ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪ੍ਰਗਟ ਕੀਤਾ। ਆਗੂਆਂ ਨੇ ਦੱਸਿਆ ਕਿ ਜਲ ਸਪਲਾਈ ਵਿਭਾਗ ਅਧੀਨ ਪਿਛਲੇ ਪੰਦਰਾਂ-ਵੀਹ ਸਾਲਾਂ ਤੋਂ ਇੱਕ ਵਰਕਰ ਦੇ ਰੂਪ ਵਿੱਚ ਸੇਵਾਵਾਂ ਨਿਭਾ ਰਹੇ ਇਨਲਿਸਟਮੈਂਟ ਤੇ ਆਊਟਸੋਰਸਿੰਗ ਕਾਮਿਆਂ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਲਈ ਜਥੇਬੰਦੀ ਵੱਲੋਂ ਲਗਾਤਾਰ ਸੰਘਰਸ਼ ਕੀਤੇ ਜਾ ਰਹੇ ਹਨ। ਉਨ੍ਹਾਂ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਅਤੇ ਮੌਜੂਦਾ ਸਰਕਾਰ ਦੇ ਕਾਰਜਕਾਲ ਦੌਰਾਨ ਵੀ ਵਰਕਰਾਂ ਦੀਆਂ ਮੰਗਾਂ ਨੂੰ ਕੋਈ ਬੂਰ ਨਹੀਂ ਪਿਆ। ਇਸ ਦੇ ਉਲਟ, ਉਨ੍ਹਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਦੀ ਸ਼ਹਿ ‘ਤੇ ਵਿਭਾਗ ਨੂੰ ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰਨ ਲਈ ਜਲ ਸਪਲਾਈ ਸਕੀਮਾਂ ਪੰਚਾਇਤਾਂ ਸਿਰ ਮੜ੍ਹਨ ਜਾਂ ਸਕਾਡਾ ਵਰਗੀਆਂ ਲੋਕ-ਮਾਰੂ ਤੇ ਰੋਜ਼ਗਾਰ-ਮਾਰੂ ਨੀਤੀਆਂ ਨੂੰ ਵਰਕਰ ਸਾਥੀਆਂ ਨੂੰ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਨਾਲ ਨਜ਼ਰਬੰਦ ਕਰਕੇ ਵੱਡੇ ਪੱਧਰ ‘ਤੇ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਨੂੰ ਸ਼ਰੇਆਮ ਲੋਕਤੰਤਰ ਦਾ ਘਾਣ ਕਰਾਰ ਦਿੱਤਾ।
ਸੂਬਾ ਜੁਆਇੰਟ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ ਨੇ ਕਿਹਾ ਕਿ ਵਰਕਰ ਸਾਥੀਆਂ ‘ਤੇ ਜ਼ਬਰ ਕਰਨ ਦੀ ਬਜਾਏ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਲੰਮੇ ਸਮੇਂ ਤੋਂ ਸੰਤਾਪ ਹੰਢਾ ਰਹੇ ਕਾਮਿਆਂ ਦਾ ਕੱਚਾ-ਪਿੱਲਾ ਰੋਜ਼ਗਾਰ ਖੋਹਣ ਦੀ ਬਜਾਏ, ਉਨ੍ਹਾਂ ਨੂੰ ਪੱਕੇ ਰੋਜ਼ਗਾਰ ਦਾ ਵਸੀਲਾ ਕਰੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਇਸ ਤਰ੍ਹਾਂ ਹੀ ਸਾਥੀਆਂ ‘ਤੇ ਜ਼ਬਰ-ਜ਼ੁਲਮ ਦੀਆਂ ਨੀਤੀਆਂ ਚੱਲਦੀਆਂ ਰਹੀਆਂ, ਤਾਂ ਮਜਬੂਰਨ ਪ੍ਰਚੰਡ ਸੰਘਰਸ਼ਾਂ ਦਾ ਰਾਹ ਅਖ਼ਤਿਆਰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਥੇਬੰਦੀ ਨਾਲ ਲਗਾਤਾਰ ਮੀਟਿੰਗਾਂ ਦਾ ਸਮਾਂ ਦੇ ਕੇ ਵੀ ਮੀਟਿੰਗਾਂ ਨਹੀਂ ਕਰ ਰਹੀ, ਜਿਸ ਕਾਰਨ ਸੂਬੇ ਭਰ ਵਿੱਚ ਵਰਕਰ ਸਾਥੀਆਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮੀਟਿੰਗ ਦੌਰਾਨ, ਜਥੇਬੰਦੀ ਵੱਲੋਂ ਪਿਛਲੇ ਸਮੇਂ ਦੌਰਾਨ ਉਲੀਕੇ ਗਏ ਸੰਘਰਸ਼ਾਂ ਵਿੱਚ ਆਈਆਂ ਘਾਟਾਂ-ਕਮਜ਼ੋਰੀਆਂ ਦਾ ਰੀਵਿਊ ਪੇਸ਼ ਕੀਤਾ ਗਿਆ, ਜਿਸ ‘ਤੇ ਖੁੱਲ੍ਹ ਕੇ ਵਿਚਾਰ-ਚਰਚਾ ਹੋਈ। ਇਨ੍ਹਾਂ ਘਾਟਾਂ-ਕਮਜ਼ੋਰੀਆਂ ਨੂੰ ਦੂਰ ਕਰਦਿਆਂ ਅਗਲੇ ਘੋਲਾਂ ਦੀ ਦ੍ਰਿੜ੍ਹਤਾ ਨਾਲ ਵੱਡੇ ਪੱਧਰ ‘ਤੇ ਤਿਆਰੀ ਕੀਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਜੁਆਇੰਟ ਪ੍ਰੈੱਸ ਸਕੱਤਰ ਜਸਵੀਰ ਸਿੰਘ ਸ਼ੀਰਾ, ਜ਼ਿਲ੍ਹਾ ਵਿੱਤ ਸਕੱਤਰ ਸੁਖਜਿੰਦਰ ਸਿੰਘ ਲਸੂੜੀ, ਜੁਆਇੰਟ ਵਿੱਤ ਸਕੱਤਰ ਰੇਸ਼ਮ ਸਿੰਘ ਭੋਇਪੁਰ, ਮੀਤ ਪ੍ਰਧਾਨ ਬਲਵੀਰ ਸਿੰਘ ਬਾਜਵਾ, ਸਲਾਹਕਾਰ ਲਖਵੀਰ ਰਾਜ ਰੁੜਕਾ ਕਲਾਂ, ਮੰਗਤ ਰਾਮ ਮੁਰੀਦਵਾਲ, ਬ੍ਰਾਂਚ ਪ੍ਰਧਾਨ ਫਿਲੌਰ ਤੇ ਨੂਰਮਹਿਲ, ਰਣਜੀਤ ਸਿੰਘ ਪੁਆਦੜਾ (ਰੁੜਕਾ ਕਲਾਂ), ਗੁਰਦਿਆਲ ਸਿੰਘ ਨੂਰਮਹਿਲ, ਕਾਲਾ ਭਾਰੂਵਾਲ ਅਤੇ ਵਿਨੋਦ ਕੁਮਾਰ ਬਿਲਗਾ ਸਮੇਤ ਕਈ ਆਗੂ ਤੇ ਵਰਕਰ ਸਾਥੀ ਹਾਜ਼ਰ ਸਨ।