ਨਕੋਦਰ: ਜ਼ਿਲ੍ਹਾ ਜਲੰਧਰ ਦਿਹਾਤੀ ਦੇ ਐਸ.ਐਸ.ਪੀ. ਸਰਦਾਰ ਹਰਵਿੰਦਰ ਸਿੰਘ ਵਿਰਕ ਜੀ ਦੇ ਸਪਸ਼ਟ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਸਬ-ਡਿਵੀਜ਼ਨ ਨਕੋਦਰ ਦੇ ਡੀ.ਐੱਸ.ਪੀ. ਉਕਾਂਰ ਸਿੰਘ ਬਰਾੜ ਨੇ ਆਉਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਮੱਦੇਨਜ਼ਰ ਅਮਨ-ਅਮਾਨ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਲਈ ਵੱਡਾ ਕਦਮ ਚੁੱਕਿਆ ਹੈ। ਡੀ.ਐੱਸ.ਪੀ. ਉਕਾਂਰ ਸਿੰਘ ਬਰਾੜ ਦੀ ਅਗਵਾਈ ਹੇਠ, ਥਾਣਾ ਨੂਰਮਹਿਲ ਦੇ ਮੁੱਖ ਅਫ਼ਸਰ ਇੰਸਪੈਕਟਰ ਪਲਵਿੰਦਰ ਸਿੰਘ, ਥਾਣਾ ਸਿਟੀ ਦੇ ਮੁੱਖ ਅਫ਼ਸਰ ਸਬ-ਇੰਸਪੈਕਟਰ ਹਰਮਿੰਦਰ ਸਿੰਘ ਸੰਧੂ, ਅਤੇ ਥਾਣਾ ਸਦਰ ਦੇ ਮੁੱਖ ਅਫ਼ਸਰ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀਆਂ ਟੀਮਾਂ ਨੇ ਭਾਰੀ ਪੁਲਿਸ ਫੋਰਸ ਸਮੇਤ ਸਬ-ਡਿਵੀਜ਼ਨ ਦੇ ਸਮੂਹ ਪਿੰਡਾਂ ਵਿੱਚ ਵਿਸ਼ਾਲ ਫਲੈਗ ਮਾਰਚ ਕੀਤਾ।
ਸ਼ਾਂਤੀਪੂਰਨ ਵੋਟਿੰਗ ਦਾ ਸੰਦੇਸ਼:
ਫਲੈਗ ਮਾਰਚ ਦਾ ਮੁੱਖ ਉਦੇਸ਼ ਨਾਗਰਿਕਾਂ ਨੂੰ ਇਹ ਸੰਦੇਸ਼ ਦੇਣਾ ਸੀ ਕਿ ਉਹ ਬਿਨਾਂ ਕਿਸੇ ਡਰ-ਭੈਅ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤੀ ਬਣਾਈ ਰੱਖਣ ਵਿੱਚ ਪੁਲਿਸ ਦਾ ਸਹਿਯੋਗ ਕਰਨ ਤਾਂ ਜੋ ਚੋਣਾਂ ਨਿਰਪੱਖ ਢੰਗ ਨਾਲ ਸੰਪੰਨ ਹੋ ਸਕਣ। ਇਸ ਦੌਰਾਨ, ਪੁਲਿਸ ਵੱਲੋਂ ਮਾੜੇ ਤੇ ਭੈੜੇ ਤੱਤਾਂ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਗਈ ਕਿ ਜੇਕਰ ਕੋਈ ਵੀ ਕਾਨੂੰਨ-ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੇਗਾ, ਤਾਂ ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅੰਜਾਮ ਦਿੱਤੀ ਜਾਵੇਗੀ। ਜ਼ਿਲ੍ਹਾ ਜਲੰਧਰ ਦਿਹਾਤੀ ਪੁਲਿਸ ਨੇ ਇਹ ਵੀ ਦੱਸਿਆ ਕਿ ਪਬਲਿਕ ਆਪਣੀ ਕੋਈ ਵੀ ਸ਼ਿਕਾਇਤ ਜਾਂ ਜਾਣਕਾਰੀ ਕਿਸੇ ਵੀ ਸਮੇਂ ਹੈਲਪਲਾਈਨ 112 ‘ਤੇ ਦਰਜ ਕਰਵਾ ਸਕਦੀ ਹੈ। ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਲੋਕਾਂ ਦੀ ਸੁਰੱਖਿਆ, ਸ਼ਾਂਤੀ ਅਤੇ ਭਰੋਸੇ ਨੂੰ ਬਣਾਈ ਰੱਖਣ ਲਈ ਵਚਨਬੱਧ ਹੈ।

