ਨਕੋਦਰ: ਜ਼ਿਲ੍ਹਾ ਜਲੰਧਰ ਦਿਹਾਤੀ ਦੇ ਐਸ.ਐਸ.ਪੀ. ਸਰਦਾਰ ਹਰਵਿੰਦਰ ਸਿੰਘ ਵਿਰਕ ਜੀ ਦੇ ਸਪਸ਼ਟ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ, ਐਸ.ਪੀ. ਇਨਵੈਸਟੀਗੇਸ਼ਨ ਸ਼੍ਰੀ ਸਰਬਜੀਤ ਰਾਏ ਜੀ ਦੀ ਅਗਵਾਈ ਹੇਠ ਸਬ-ਡਿਵੀਜ਼ਨ ਨਕੋਦਰ ਦੇ ਡੀ.ਐੱਸ.ਪੀ. ਉਕਾਂਰ ਸਿੰਘ ਬਰਾੜ ਨੇ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਅਮਨ-ਅਮਾਨ ਅਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਕਰਨ ਲਈ ਵੱਡਾ ਕਦਮ ਚੁੱਕਿਆ ਹੈ। ਡੀ.ਐੱਸ.ਪੀ. ਬਰਾੜ ਨੇ ਥਾਣਾ ਨੂਰਮਹਿਲ ਦੇ ਮੁੱਖ ਅਫ਼ਸਰ ਇੰਸਪੈਕਟਰ ਪਲਵਿੰਦਰ ਸਿੰਘ, ਥਾਣਾ ਸਿਟੀ ਦੇ ਮੁੱਖ ਅਫ਼ਸਰ ਸਬ-ਇੰਸਪੈਕਟਰ ਹਰਮਿੰਦਰ ਸਿੰਘ ਸੰਧੂ, ਅਤੇ ਥਾਣਾ ਸਦਰ ਦੇ ਮੁੱਖ ਅਫ਼ਸਰ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀਆਂ ਟੀਮਾਂ ਸਮੇਤ ਭਾਰੀ ਪੁਲਿਸ ਫੋਰਸ ਨਾਲ ਸਬ-ਡਿਵੀਜ਼ਨ ਦੇ ਸਮੂਹ ਪਿੰਡਾਂ ਵਿੱਚ ਵਿਸ਼ਾਲ ਫਲੈਗ ਮਾਰਚ ਕੀਤਾ।
ਸ਼ਾਂਤੀ ਅਤੇ ਨਿਰਪੱਖਤਾ ਦਾ ਸੰਦੇਸ਼:
ਫਲੈਗ ਮਾਰਚ ਦਾ ਮੁੱਖ ਮੰਤਵ ਆਗਾਮੀ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਸ਼ਾਂਤੀਪੂਰਵਕ ਅਤੇ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਨਾ ਯਕੀਨੀ ਬਣਾਉਣਾ ਸੀ। ਪੁਲਿਸ ਨੇ ਨਾਗਰਿਕਾਂ ਨੂੰ ਇਹ ਸੰਦੇਸ਼ ਦਿੱਤਾ ਕਿ ਉਹ ਡਰ-ਭੈ ਤੋਂ ਰਹਿਤ ਹੋ ਕੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਅਤੇ ਸ਼ਾਂਤੀ ਕਾਇਮ ਰੱਖਣ ਵਿੱਚ ਪ੍ਰਸ਼ਾਸਨ ਦਾ ਸਹਿਯੋਗ ਕਰਨ। ਇਸਦੇ ਨਾਲ ਹੀ, ਪੁਲਿਸ ਵੱਲੋਂ ਮਾੜੇ ਤੇ ਭੈੜੇ ਤੱਤਾਂ ਨੂੰ ਸਪੱਸ਼ਟ ਚੇਤਾਵਨੀ ਦਿੱਤੀ ਗਈ ਕਿ ਜੇਕਰ ਕਿਸੇ ਨੇ ਵੀ ਕਾਨੂੰਨ-ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਸਦੇ ਖ਼ਿਲਾਫ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਅੰਜਾਮ ਦਿੱਤੀ ਜਾਵੇਗੀ। ਜ਼ਿਲ੍ਹਾ ਜਲੰਧਰ ਦਿਹਾਤੀ ਪੁਲਿਸ ਨੇ ਪਬਲਿਕ ਨੂੰ ਆਪਣੀ ਕੋਈ ਵੀ ਸ਼ਿਕਾਇਤ ਜਾਂ ਜਾਣਕਾਰੀ ਕਿਸੇ ਵੀ ਸਮੇਂ ਹੈਲਪਲਾਈਨ 112 ‘ਤੇ ਦਰਜ ਕਰਵਾਉਣ ਦੀ ਸਹੂਲਤ ਬਾਰੇ ਵੀ ਦੱਸਿਆ। ਪੁਲਿਸ ਪ੍ਰਸ਼ਾਸਨ ਲੋਕਾਂ ਦੀ ਸੁਰੱਖਿਆ, ਸ਼ਾਂਤੀ ਅਤੇ ਭਰੋਸੇ ਨੂੰ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਚੌਕਸ ਅਤੇ ਵਚਨਬੱਧ ਹੈ।

