ਜਲੰਧਰ: ਸਮਾਜ ਦੇ ਗਲਤ ਤੱਤਾਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਜਲੰਧਰ ਦਿਹਾਤੀ ਪੁਲਿਸ ਨੂੰ ਥਾਣਾ ਲੋਹੀਆਂ ਖੇਤਰ ਵਿੱਚ ਵਾਪਰੇ ਸਨਸਨੀਖੇਜ਼ ਗੈਂਗਰੇਪ ਮਾਮਲੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ। ਸੀਨੀਅਰ ਪੁਲਿਸ ਕਪਤਾਨ (SSP) ਸ਼੍ਰੀ ਹਰਵਿੰਦਰ ਸਿੰਘ ਵਿਰਕ, PPS ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਪੁਲਿਸ ਟੀਮ ਨੇ ਇਸ ਮਾਮਲੇ ਦੇ ਮੁੱਖ ਦੋਸ਼ੀ ਸਮੇਤ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਘਟਨਾ ਦਾ ਵੇਰਵਾ: ਐਸ.ਐਸ.ਪੀ. ਸ਼੍ਰੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ 23/24 ਨਵੰਬਰ 2025 (ਐਤਵਾਰ ਦੀ ਰਾਤ) ਲਗਭਗ 12:30 ਵਜੇ, ਪਿੰਡ ਕਾਂਗ ਕਲਾਂ ਵਿੱਚ ਮੋਟਰ ‘ਤੇ ਖੇਤਾਂ ਵਿੱਚ ਰਹਿੰਦੇ ਇੱਕ ਪ੍ਰਵਾਸੀ ਪਰਿਵਾਰ ਨੂੰ ਬੰਧਕ ਬਣਾ ਕੇ ਚਾਰ ਅਣਪਛਾਤੇ ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੋਸ਼ੀਆਂ ਨੇ ਹਥਿਆਰਾਂ ਦੀ ਨੋਕ ‘ਤੇ ਮਾਂ, ਧੀ, ਉਨ੍ਹਾਂ ਦੇ ਜਵਾਈ ਅਤੇ ਤਿੰਨ ਛੋਟੇ ਬੱਚਿਆਂ ਨੂੰ ਬੰਧਕ ਬਣਾਇਆ। ਪੀੜਤ ਮਹਿਲਾ ਅਤੇ ਧੀ ਨੇ ਦੱਸਿਆ ਕਿ ਦੋਸ਼ੀਆਂ ਨੇ ਜ਼ਬਰਦਸਤੀ ਕਮਰੇ ਵਿੱਚ ਦਾਖਲ ਹੋ ਕੇ ਕੁੱਟਮਾਰ ਕੀਤੀ, ਜਵਾਈ ਅਤੇ ਬੱਚਿਆਂ ਨੂੰ ਦੂਜੇ ਕਮਰੇ ਵਿੱਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਮਾਂ (ਉਮਰ ਕਰੀਬ 35 ਸਾਲ) ਨਾਲ ਤਿੰਨ ਵਿਅਕਤੀਆਂ ਨੇ ਗੈਂਗਰੇਪ ਕੀਤਾ, ਜਦੋਂਕਿ ਧੀ (ਉਮਰ ਕਰੀਬ 19 ਸਾਲ) ਨਾਲ ਇੱਕ ਵਿਅਕਤੀ ਨੇ ਰੇਪ ਕੀਤਾ। ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।
ਇਸ ਸਬੰਧੀ ਮਹਿਲਾ ਇੰਸਪੈਕਟਰ ਸੀਮਾ, ਥਾਣਾ ਲੋਹੀਆਂ ਵੱਲੋਂ ਮਾਮਲਾ ਨੰਬਰ 176, ਦਿਨਾਂਕ 24/11/2025 ਅਧੀਨ ਧਾਰਾ 64 BNS (376 IPC), 70(1) BNS (376-D IPC), 351(2) BNS (506 IPC) ਦੇ ਤਹਿਤ ਤੁਰੰਤ FIR ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ।
ਪੁਲਿਸ ਦੀ ਕਾਰਵਾਈ ਅਤੇ ਗ੍ਰਿਫਤਾਰੀਆਂ: ਐਸ.ਐਸ.ਪੀ. ਨੇ ਦੱਸਿਆ ਕਿ ਇਸ ਗੰਭੀਰ ਅਪਰਾਧ ਨੂੰ ਦੇਖਦੇ ਹੋਏ ਡੀ.ਆਈ.ਜੀ. ਜਲੰਧਰ ਰੇਂਜ, ਸ਼੍ਰੀ ਨਵੀਨ ਸਿੰਗਲਾ, IPS ਵੱਲੋਂ ਵਿਸ਼ੇਸ਼ ਟੀਮ ਬਣਾਈ ਗਈ। ਸ਼੍ਰੀ ਸਰਬਜੀਤ ਰਾਏ, PPS (ਪੁਲਿਸ ਕਪਤਾਨ ਇਨਵੈਸਟੀਗੇਸ਼ਨ), ਸ਼੍ਰੀ ਇੰਦਰਜੀਤ ਸਿੰਘ, PPS (ਉਪ ਪੁਲਿਸ ਕਪਤਾਨ ਇਨਵੈਸਟੀਗੇਸ਼ਨ), ਸ਼੍ਰੀ ਔਕਾਰ ਸਿੰਘ ਬਰਾੜ, PPS (ਉਪ ਪੁਲਿਸ ਕਪਤਾਨ) ਅਤੇ ਸ਼੍ਰੀ ਸੁਖਪਾਲ ਸਿੰਘ, PPS (ਉਪ ਪੁਲਿਸ ਕਪਤਾਨ) ਦੀ ਅਗਵਾਈ ਹੇਠ ਅਤੇ ਇੰਸਪੈਕਟਰ ਪੁਸ਼ਪ ਬਾਲੀ (CIA ਸਟਾਫ਼ ਇੰਚਾਰਜ) ਦੀ ਟੀਮ ਨੇ ਵਿਗਿਆਨਕ, ਤਕਨੀਕੀ ਅਤੇ ਹਿਊਮਨ ਇੰਪੁੱਟ ਦੀ ਮਦਦ ਨਾਲ ਮਾਮਲੇ ਨੂੰ 29-11-2025 ਨੂੰ ਟਰੇਸ ਕਰ ਲਿਆ।
ਪੁਲਿਸ ਨੇ ਨਿਮਨਲਿਖਤ 03 ਦੋਸ਼ੀਆਂ ਨੂੰ ਨਾਂਜ਼ਦ ਕਰਕੇ ਕੰਡਨੁਮਾ ਰੈਸਟ ਹਾਊਸ, ਨਜ਼ਦੀਕ ਰੇਲਵੇ ਸਟੇਸ਼ਨ ਲੋਹੀਆਂ ਤੋਂ ਗ੍ਰਿਫਤਾਰ ਕੀਤਾ:
- ਸੱਜਨ ਪੁੱਤਰ ਮਾਰਕ, ਵਾਰਡ 01, ਲੋਹੀਆਂ (ਉਮਰ ਲਗਭਗ 19 ਸਾਲ)
- ਰੋਕੀ ਪੁੱਤਰ ਲੇਟ ਸ਼ੌਕਤ, ਵਾਰਡ 01, ਲੋਹੀਆਂ (ਉਮਰ ਲਗਭਗ 19 ਸਾਲ)
- ਅਰਸ਼ਪ੍ਰੀਤ ਸਿੰਘ ਉਰਫ਼ ਅਰਸ਼ ਪੁੱਤਰ ਰਣਜੀਤ ਸਿੰਘ, ਪਿੰਡ ਪੂਨੀਆਂ, ਹਾਲ ਵਸਨੀਕ ਗੁਰੂ ਨਾਨਕ ਕਾਲੋਨੀ, ਵਾਰਡ 02, ਲੋਹੀਆਂ (ਉਮਰ ਲਗਭਗ 18.5 ਸਾਲ)
ਬਰਾਮਦਗੀ ਅਤੇ ਅਗਲੀ ਕਾਰਵਾਈ: ਵਾਰਦਾਤ ਵਿੱਚ ਵਰਤੀਆਂ ਦੋ ਬਿਨਾਂ ਨੰਬਰ ਵਾਲੀਆਂ ਮੋਟਰਸਾਈਕਲਾਂ (ਹੀਰੋ ਸਪਲੈਂਡਰ ਅਤੇ ਬਜਾਜ ਪਲੇਟਿਨਾ) ਅਤੇ ਹਥਿਆਰ ਬਰਾਮਦ ਕੀਤੇ ਗਏ ਹਨ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ। ਪੁਲਿਸ ਦੋਸ਼ੀਆਂ ਨੂੰ ਮੌਕਾ ਵੇਖਾਉਣ ਅਤੇ ਕ੍ਰਾਈਮ ਸੀਨ ਰੀ-ਕ੍ਰੀਏਸ਼ਨ ਕਰਕੇ ਵੀਡੀਓਗ੍ਰਾਫੀ ਕਰੇਗੀ।
ਫਰਾਰ ਦੋਸ਼ੀ ਅਤੇ ਪੁਰਾਣੇ ਰਿਕਾਰਡ: ਇਸ ਮਾਮਲੇ ਦਾ ਚੌਥਾ ਦੋਸ਼ੀ ਰਾਜਨ ਉਰਫ਼ ਰੋਹਿਤ ਪੁੱਤਰ ਮੰਗਲ, ਵਾਰਡ 01 ਲੋਹੀਆਂ (ਉਮਰ ਲਗਭਗ 19 ਸਾਲ) ਹਾਲੇ ਫਰਾਰ ਹੈ ਅਤੇ ਉਸਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ। ਪੁੱਛਗਿੱਛ ਦੌਰਾਨ ਗ੍ਰਿਫਤਾਰ ਦੋਸ਼ੀਆਂ ਨੇ ਕਬੂਲਿਆ ਕਿ ਉਨ੍ਹਾਂ ਨੇ ਮਿਲ ਕੇ ਪਹਿਲਾਂ ਚੋਰੀ ਦੀ ਨੀਅਤ ਨਾਲ ਦਾਖਲ ਹੋ ਕੇ ਇਹ ਘਿਨਾਉਣਾ ਗੈਂਗਰੇਪ ਕੀਤਾ ਅਤੇ ਵਾਰਦਾਤ ਤੋਂ ਬਾਅਦ ਮੌਕੇ ‘ਤੇ ਪਈ ਵਿਦੇਸ਼ੀ ਸ਼ਰਾਬ ਵੀ ਪੀਤੀ।
ਦੋਸ਼ੀ ਸੱਜਨ ਅਤੇ ਰੋਕੀ ਖ਼ਿਲਾਫ਼ ਪਹਿਲਾਂ ਵੀ ਕਈ ਗੰਭੀਰ ਮਾਮਲੇ ਦਰਜ ਹਨ। ਸੱਜਨ 12 ਅਗਸਤ 2025 ਨੂੰ ਅਤੇ ਰੋਕੀ 08 ਜੁਲਾਈ 2025 ਨੂੰ ਕਪੂਰਥਲਾ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਏ ਸਨ। ਸੱਜਨ ਖ਼ਿਲਾਫ਼ ਚੋਰੀ, ਐਨ.ਡੀ.ਪੀ.ਐਸ. ਐਕਟ, ਅਤੇ ਹੋਰ ਧਾਰਾਵਾਂ ਤਹਿਤ 4 ਮਾਮਲੇ, ਜਦੋਂ ਕਿ ਰੋਕੀ ਖ਼ਿਲਾਫ਼ ਰੇਲਵੇ ਪ੍ਰਾਪਰਟੀ ਐਕਟ, ਚੋਰੀ, ਅਤੇ ਹੋਰ ਧਾਰਾਵਾਂ ਤਹਿਤ 3 ਮਾਮਲੇ ਦਰਜ ਹਨ।
ਇਸ ਮਾਮਲੇ ਵਿੱਚ ਅਗਲੇਰੀ ਜਾਂਚ ਜਾਰੀ ਹੈ ਅਤੇ ਜਲਦੀ ਹੀ ਚੌਥੇ ਦੋਸ਼ੀ ਨੂੰ ਵੀ ਕਾਬੂ ਕਰ ਲਿਆ ਜਾਵੇਗਾ।

