ਜਲੰਧਰ: (ਨਰੇਸ਼ ਸ਼ਰਮਾ/ਰਮਨ) ਪੰਜਾਬ ਭਰ ਵਿੱਚ ਅਪਰਾਧੀ ਤੱਤਾਂ ‘ਤੇ ਨਕੇਲ ਕੱਸਣ ਲਈ ਪੰਜਾਬ ਸਰਕਾਰ ਵੱਲੋਂ ਆਰੰਭੀ ਗਈ ਮੁਹਿੰਮ ਨੂੰ ਜਾਰੀ ਰੱਖਦਿਆਂ, ਕਮਿਸ਼ਨਰੇਟ ਪੁਲਿਸ ਜਲੰਧਰ ਦੀ C.I.A ਟੀਮ ਨੇ ਇੱਕ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਪੁਲਿਸ ਨੇ ‘ਫਤਿਹ ਗਰੁੱਪ’ ਦੇ ਦੋ ਸਰਗਰਮ ਮੈਂਬਰਾਂ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਉਨ੍ਹਾਂ ਪਾਸੋਂ 10 ਜ਼ਿੰਦਾ ਕਾਰਤੂਸ, 05 ਗੈਰ-ਕਾਨੂੰਨੀ ਪਿਸਤੌਲਾਂ ਤੋਂ ਇਲਾਵਾ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਪੁਲਿਸ ਕਮਿਸ਼ਨਰ ਨੇ ਦਿੱਤੀ ਜਾਣਕਾਰੀ
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਇਸ ਸਾਰੇ ਮਾਮਲੇ ਦੀ ਪ੍ਰੈੱਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮੁਕੱਦਮਾ ਨੰਬਰ 82, ਜੋ ਕਿ ਮਿਤੀ 09-07-2025 ਨੂੰ ਧਾਰਾ 25 (1) 2, 54, 59 ਆਰਮਜ਼ ਐਕਟ ਅਤੇ ਵਾਧਾ ਜੁਰਮ 21 NDPS ਐਕਟ ਅਧੀਨ ਥਾਣਾ ਡਵੀਜ਼ਨ ਨੰਬਰ 2 ਜਲੰਧਰ ਵਿਖੇ ਦਰਜ ਕੀਤਾ ਗਿਆ ਸੀ, ਦੀ ਜਾਂਚ ਪੜਤਾਲ ਦੌਰਾਨ ਇਹ ਗ੍ਰਿਫਤਾਰੀਆਂ ਹੋਈਆਂ ਹਨ।
ਫਤਿਹ ਗਰੁੱਪ ਦੇ ਸਰਗਰਮ ਮੈਂਬਰ ਕਾਬੂ
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮਿਤੀ 27-07-2025 ਨੂੰ ਕਰਨਪ੍ਰੀਤ ਸਿੰਘ ਉਰਫ ਗਿਆਨੀ ਉਰਫ ਫਤਹਿ ਵਾਸੀ ਬੈਂਕ ਇਨਕਲੇਵ, ਖੁਰਲਾ ਕਿੰਗਰਾਂ, ਕੁੱਕੀ ਢਾਬ ਚੌਕ, ਥਾਣਾ ਡਵੀਜ਼ਨ ਨੰਬਰ 7, ਜਲੰਧਰ, ਅਤੇ ਅਮਨ ਉਰਫ ਅਮਨਾ ਵਾਸੀ ਬਾਬਾ ਕਾਹਨ ਦਾਸ ਨਗਰ, ਥਾਣਾ ਬਸਤੀ ਬਾਬਾ ਖੇਲ, ਜਲੰਧਰ ਨੂੰ ਕਾਬੂ ਕੀਤਾ ਗਿਆ।
ਬਰਾਮਦਗੀ ਅਤੇ ਪੁਰਾਣੇ ਕੇਸਾਂ ਦਾ ਵੇਰਵਾ
ਕਾਬੂ ਕੀਤੇ ਗਏ ਮੁਲਜ਼ਮਾਂ ਪਾਸੋਂ 04 ਗੈਰ-ਕਾਨੂੰਨੀ (.32 ਬੋਰ) ਪਿਸਤੌਲ ਸਮੇਤ 08 ਜ਼ਿੰਦਾ ਰੌਂਦ, 01 ਗੈਰ-ਕਾਨੂੰਨੀ (.45 ਬੋਰ) ਪਿਸਤੌਲ ਸਮੇਤ 02 ਜ਼ਿੰਦਾ ਰੌਂਦ ਤੋਂ ਇਲਾਵਾ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਇਹ ਵੀ ਦੱਸਿਆ ਕਿ ਕਾਬੂ ਕੀਤੇ ਗਏ ਮੁਲਜ਼ਮ ਕਰਨਪ੍ਰੀਤ ਉਰਫ ਗਿਆਨੀ ਉਰਫ ਫਤਹਿ ਦੇ ਖਿਲਾਫ ਪਹਿਲਾਂ ਹੀ I.P.C, NDPS ਐਕਟ ਅਤੇ ਆਰਮਜ਼ ਐਕਟ ਤਹਿਤ 16 ਮੁਕੱਦਮੇ ਦਰਜ ਹਨ, ਅਤੇ ਅਮਨ ਉਰਫ ਅਮਨਾ ਦੇ ਖਿਲਾਫ ਵੀ 11 ਮੁਕੱਦਮੇ ਦਰਜ ਹਨ। ਇਨ੍ਹਾਂ ਦੋਵਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਗਿਆ ਹੈ। ਉਨ੍ਹਾਂ ਤੋਂ ਹੋਰ ਵਧੇਰੇ ਜਾਣਕਾਰੀ ਲਈ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਅਪਰਾਧਿਕ ਨੈੱਟਵਰਕ ਦੀਆਂ ਹੋਰ ਕੜੀਆਂ ਤੱਕ ਪਹੁੰਚਿਆ ਜਾ ਸਕੇ। ਇਹ ਗ੍ਰਿਫਤਾਰੀ ਜਲੰਧਰ ਵਿੱਚ ਅਪਰਾਧ ਨੂੰ ਨੱਥ ਪਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।