ਸ੍ਰੀ ਮੁਕਤਸਰ ਸਾਹਿਬ: ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਵਰਕਿੰਗ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਸਮਾਜ ਸੇਵਾ ਦੇ ਕਾਰਜਾਂ ਵਿੱਚ ਅਮਿੱਟ ਪੈੜ ਛਾਪ ਛੱਡ ਰਹੀ ਹੈ। ਮਿਸ਼ਨ ਮੁਖੀ ਪ੍ਰਸਿੱਧ ਸਮਾਜ ਸੇਵਾਕ ਜਗਦੀਸ਼ ਰਾਏ ਢੋਸੀਵਾਲ ਦੀ ਯੋਗ ਅਗਵਾਈ ਅਤੇ ਸਮੁੱਚੀ ਟੀਮ ਦੇ ਮੈਂਬਰਾਂ ਦੀ ਵਧੀਆ ਕਾਰਜਸ਼ੈਲੀ ਤੋਂ ਪ੍ਰਭਾਵਤ ਹੋ ਕੇ ਸੰਸਥਾ ਵਿੱਚ ਨਵੇਂ ਮੈਂਬਰ ਸ਼ਾਮਲ ਹੋ ਰਹੇ ਹਨ।
ਨਵੇਂ ਮੈਂਬਰਾਂ ਦੀ ਸ਼ਮੂਲੀਅਤ ਨਾਲ ਬੁਲੰਦ ਹੋਇਆ ਹੌਸਲਾ
ਕੁਝ ਦਿਨ ਪਹਿਲਾਂ ਪੰਜਾਬ ਰਾਜ ਬਿਜਲੀ ਬੋਰਡ ਵਿਚੋਂ ਸੇਵਾ ਮੁਕਤ ਹੋਏ ਸੁਪਰਡੈਂਟ ਬਲਜੀਤ ਸਿੰਘ ਬਰਾੜ ਸੰਸਥਾ ਦੇ ਨਵੇਂ ਮੈਂਬਰ ਬਣੇ ਸਨ। ਇਸੇ ਤਰ੍ਹਾਂ ਪੰਜਾਬ ਪੁਲਿਸ ਵਿਚੋਂ ਸੇਵਾ ਮੁਕਤ ਸਬ ਇੰਸਪੈਕਟਰ ਸੁਖਪਾਲ ਮੱਕੜ ਨੇ ਵੀ ਮਿਸ਼ਨ ਵਿਚ ਸ਼ਮੂਲੀਅਤ ਕੀਤੀ ਸੀ। ਇਸੇ ਤਰ੍ਹਾਂ ਨੌਜਵਾਨ ਸਮਾਜ ਸੇਵਕਾ ਅਤੇ ਉਘੀ ਕਲਾਕਾਰ ਸ਼ੇਖੂਨਮ ਖਾਨ ਉਰਫ਼ ਗਗਨ ਥੰਨਾ ਵੀ ਟੀਮ ਵਿਚ ਸ਼ਾਮਲ ਹੋਏ ਹਨ। ਮਾਹਿਰ ਟੈਕਨੀਸ਼ੀਅਨ ਅਤੇ ਸਮਾਜ ਸੇਵਾ ਦਾ ਭਰਪੂਰ ਜਜ਼ਬਾ ਰੱਖਣ ਵਾਲੇ ਸੰਸਾਰ ਖਾਨ ਨੇ ਮਿਸ਼ਨ ਦੀ ਮੈਂਬਰਸ਼ਿਪ ਹਾਸਲ ਕੀਤੀ ਹੈ। ਇਸੇ ਤਰ੍ਹਾਂ ਬੀ.ਐਂਸ.ਐਨ.ਐੱਲ.ਵਿੱਚੋਂ ਸੇਵਾ ਮੁਕਤ ਅਧਿਕਾਰੀ ਜਗਦੀਸ਼ ਕੁਮਾਰ ਅਤੇ ਓਮ ਪ੍ਰਕਾਸ਼ ਈ.ਟੀ.ਟੀਚਰ ਵੀ ਟੀਮ ਮਿਸ਼ਨ ਵਿੱਚ ਸ਼ਾਮਲ ਹੋਏ ਹਨ।
9 ਅਗਸਤ ਨੂੰ ਸਿਟੀ ਹੋਟਲ ‘ਚ ਹੋਵੇਗੀ ਵਿਸ਼ੇਸ਼ ਸਵਾਗਤੀ ਮੀਟਿੰਗ
ਮਿਸ਼ਨ ਵੱਲੋਂ ਇਹਨਾਂ ਸਾਰੇ ਨਵੇਂ ਮੈਂਬਰਾਂ ਨੂੰ ਰਸਮੀ ਤੌਰ ’ਤੇ ਸੰਸਥਾ ਵਿਚ ਸ਼ਾਮਲ ਕਰਨ ਅਤੇ ਇਹਨਾਂ ਨੂੰ ਜੀਆ ਆਇਆ ਕਹਿਣ ਲਈ ਮੁਕਤਸਰ ਵਿਕਾਸ ਮਿਸ਼ਨ ਦੀ ਵਿਸ਼ੇਸ਼ ਸਵਾਗਤੀ ਮੀਟਿੰਗ ਆਉਂਦੀ 09 ਅਗਸਤ ਐਤਵਾਰ ਨੂੰ ਬਾਅਦ ਦੁਪਹਿਰ 3:00 ਵਜੇ ਸਥਾਨਕ ਸਿਟੀ ਹੋਟਲ ਹੋਵੇਗੀ। ਮਿਸ਼ਨ ਪ੍ਰਧਾਨ ਸ੍ਰੀ ਢੋਸੀਵਾਲ ਦੀ ਅਗਵਾਈ ਹੇਠ ਹੋਣ ਵਾਲੀ ਇਸ ਮੀਟਿੰਗ ਵਿੱਚ ਮਿਸ਼ਨ ਦੇ ਸਾਰੇ ਸੀਨੀਅਰ ਮੈਂਬਰ ਭਾਗ ਲੈਣਗੇ। ਅੱਜ ਇਥੇ ਇਹ ਜਾਣਕਾਰੀ ਦਿੰਦੇ ਹੋਏ ਮਿਸ਼ਨ ਦੀ ਪ੍ਰਾਜੈਕਟ ਮੈਂਬਰ ਗਗਨ ਥੰਨਾ ਨੇ ਦੱਸਿਆ ਹੈ ਕਿ ਮੀਟਿੰਗ ਦੌਰਾਨ ਉਕਤ ਸਾਰੇ ਮੈਂਬਰਾਂ ਨੂੰ ਬਕਾਇਦਾ ਤੌਰ ’ਤੇ ਜੀਅ ਆਇਆ ਕਿਹਾ ਜਾਵੇਗਾ।
ਹੋਰ ਨਵੇਂ ਚਿਹਰੇ ਵੀ ਬਣਨਗੇ ਕਾਫ਼ਲੇ ਦਾ ਹਿੱਸਾ
ਮੈਡਮ ਥੰਨਾ ਨੇ ਅੱਗੇ ਇਹ ਵੀ ਜਾਣਕਾਰੀ ਦਿੱਤੀ ਕਿ ਮੈਡਮ ਮਨਪ੍ਰੀਤ ਕੌਰ ਕੌਂਸਲਰ ਤੇ ਮੈਡਮ ਵੀਰਪਾਲ ਕੌਰ ਕੌਂਸਲਰ ਸਮੇਤ ਕੁਝ ਹੋਰ ਮੈਂਬਰ ਵੀ ਮਿਸ਼ਨ ਦੇ ਮੈਂਬਰ ਬਣਨਗੇ। ਪ੍ਰਧਾਨ ਢੋਸੀਵਾਲ ਨੇ ਮਿਸ਼ਨ ਦੇ ਨਵੇਂ ਅਤੇ ਪੁਰਾਣੇ ਮੈਂਬਰਾਂ ਨੂੰ ਮੀਟਿੰਗ ਵਿਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਹੈ।
ਸੰਪਾਦਕੀ ਟਿੱਪਣੀ: ਮੁਕਤਸਰ ਵਿਕਾਸ ਮਿਸ਼ਨ ਵਿੱਚ ਵੱਖ-ਵੱਖ ਖੇਤਰਾਂ ਦੇ ਤਜਰਬੇਕਾਰ ਅਤੇ ਰਿਟਾਇਰਡ ਅਧਿਕਾਰੀਆਂ, ਕਲਾਕਾਰਾਂ ਅਤੇ ਜਨਪ੍ਰਤੀਨਿਧੀਆਂ ਦਾ ਸ਼ਾਮਲ ਹੋਣਾ ਸਮਾਜਿਕ ਬਦਲਾਅ ਦੀ ਦਿਸ਼ਾ ਵਿੱਚ ਇੱਕ ਸ਼ਲਾਘਾਯੋਗ ਕਦਮ ਹੈ। ਅਜਿਹੀਆਂ ਗੈਰ-ਸਰਕਾਰੀ ਸੰਸਥਾਵਾਂ ਨਾਲ ਪ੍ਰਬੰਧਕੀ ਅਤੇ ਸਮਾਜਿਕ ਖੇਤਰ ਦਾ ਸੁਮੇਲ ਹੋਣ ਨਾਲ ਸਮਾਜ ਸੇਵਾ ਦੇ ਕਾਰਜਾਂ ਨੂੰ ਨਵੀਂ ਊਰਜਾ ਅਤੇ ਦਿਸ਼ਾ ਮਿਲਦੀ ਹੈ, ਜੋ ਖੇਤਰ ਦੇ ਵਿਕਾਸ ਅਤੇ ਲੋਕ-ਭਲਾਈ ਲਈ ਲਾਹੇਵੰਦ ਸਾਬਤ ਹੋਵੇਗੀ।
