ਨਕੋਦਰ: ਜ਼ਿਲ੍ਹਾ ਜਲੰਧਰ ਦਿਹਾਤੀ ਦੇ ਮਾਨਯੋਗ ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਜੀ ਦੀਆਂ ਸਖ਼ਤ ਹਦਾਇਤਾਂ ‘ਤੇ ਨਕੋਦਰ ਸ਼ਹਿਰ ਦੀ ਲੰਮੇ ਸਮੇਂ ਤੋਂ ਚੱਲੀ ਆ ਰਹੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਪੁਲਿਸ ਨੇ ਵੱਡੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੀ.ਐੱਸ.ਪੀ. ਨਕੋਦਰ ਓਂਕਾਰ ਸਿੰਘ ਬਰਾੜ ਦੀ ਅਗਵਾਈ ਹੇਠ ਐੱਸ.ਐੱਚ.ਓ. ਸਿਟੀ ਹਰਮਿੰਦਰ ਸਿੰਘ ਸੰਧੂ ਅਤੇ ਇੰਚਾਰਜ ਟ੍ਰੈਫਿਕ ਇੰਸਪੈਕਟਰ ਹਰਦੀਪ ਸਿੰਘ ਦੀ ਟੀਮ ਨੇ ਸ਼ਹਿਰ ਦੇ ਸਮੁੱਚੇ ਬਾਜ਼ਾਰਾਂ ਵਿੱਚ ਗਲਤ ਪਾਰਕਿੰਗ ਨੂੰ ਚੈੱਕ ਕੀਤਾ ਅਤੇ ਨਿਯਮਾਂ ਦੀ ਕੁਤਾਹੀ ਕਰਨ ਵਾਲਿਆਂ ਖਿਲਾਫ਼ ਮੌਕੇ ‘ਤੇ ਹੀ ਕਾਨੂੰਨੀ ਕਾਰਵਾਈ ਕਰਦਿਆਂ ਜੁਰਮਾਨੇ ਕੀਤੇ।
ਵਿੱਦਿਅਕ ਸੰਸਥਾਵਾਂ ਨੇੜੇ ਵਿਸ਼ੇਸ਼ ਚੈਕਿੰਗ:
ਪੁਲਿਸ ਟੀਮਾਂ ਨੇ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਅਤੇ ਸਟਾਫ ਨਾਲ ਵਿਸ਼ੇਸ਼ ਮੀਟਿੰਗਾਂ ਕੀਤੀਆਂ ਅਤੇ ਇਨ੍ਹਾਂ ਸੰਸਥਾਵਾਂ ਨੇੜੇ ਸਪੈਸ਼ਲ ਨਾਕਾਬੰਦੀ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ। ਖਾਸ ਕਰਕੇ ਜਿਹੜੇ ਨੌਜਵਾਨ ਬੁਲਟ ਮੋਟਰਸਾਈਕਲਾਂ ‘ਤੇ ਗੈਰ-ਕਾਨੂੰਨੀ ਸਾਈਲੈਂਸਰ ਲਗਾ ਕੇ ‘ਪਟਾਕੇ’ ਚਲਾਉਂਦੇ ਸਨ, ਉਨ੍ਹਾਂ ਦੇ ਭਾਰੀ ਜੁਰਮਾਨੇ ਕੀਤੇ ਗਏ ਅਤੇ ਉਨ੍ਹਾਂ ਦੇ ਸਾਈਲੈਂਸਰ ਬੰਦ ਕਰਵਾਏ ਗਏ। ਇਸ ਤੋਂ ਇਲਾਵਾ, ਨਕੋਦਰ ਸ਼ਹਿਰ ਦੇ ਬਾਜ਼ਾਰਾਂ ਵਿੱਚ ਆਮ ਪਬਲਿਕ ਨੂੰ ਸਹੀ ਪਾਰਕਿੰਗ ਅਤੇ ਨੰਬਰ ਪਲੇਟ ਸਬੰਧੀ ਨਿਯਮਾਂ ਬਾਰੇ ਵੀ ਜਾਗਰੂਕ ਕੀਤਾ ਗਿਆ। ਪੁਲਿਸ ਦੀ ਇਸ ਸਖ਼ਤੀ ਨੇ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਨੂੰ ਸੁਧਾਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਪੁੱਟਿਆ ਹੈ।

