ਨਕੋਦਰ, 24 ਅਗਸਤ 2025 – ਸ਼ਹਿਰ ਵਿੱਚ ਦੋ ਦਿਨਾਂ ਦੀ ਹੁੰਮਸ ਭਰੀ ਗਰਮੀ ਤੋਂ ਬਾਅਦ ਐਤਵਾਰ ਦਾ ਦਿਨ ਰਾਹਤ ਲੈ ਕੇ ਆਇਆ, ਪਰ ਨਾਲ ਹੀ ਭਾਰੀ ਬਾਰਿਸ਼ ਕਾਰਨ ਪੈਦਾ ਹੋਈ ਪਾਣੀ ਭਰਨ ਦੀ ਸਮੱਸਿਆ ਨੇ ਸ਼ਹਿਰ ਵਾਸੀਆਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ। ਸਵੇਰੇ 11:30 ਵਜੇ ਦੇ ਕਰੀਬ ਸ਼ੁਰੂ ਹੋਈ ਬਾਰਿਸ਼ ਨੇ ਨਕੋਦਰ ਸ਼ਹਿਰ ਨੂੰ ਪੂਰੀ ਤਰ੍ਹਾਂ ਪਾਣੀ ਵਿੱਚ ਡੁਬੋ ਦਿੱਤਾ। ਸ਼ਹਿਰ ਦੇ ਕਈ ਮੁੱਖ ਇਲਾਕਿਆਂ ਵਿੱਚ 1 ਫੁੱਟ ਤੋਂ ਲੈ ਕੇ 3 ਫੁੱਟ ਤੱਕ ਪਾਣੀ ਭਰ ਗਿਆ, ਜਿਸ ਕਾਰਨ ਦੋ-ਪਹੀਆ ਵਾਹਨਾਂ ਅਤੇ ਕਾਰਾਂ ਦਾ ਚੱਲਣਾ ਮੁਸ਼ਕਲ ਹੋ ਗਿਆ।
ਸ਼ਹਿਰ ਦੇ ਮੁੱਖ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ
ਮੀਂਹ ਕਾਰਨ ਸਭ ਤੋਂ ਵੱਧ ਪ੍ਰਭਾਵਿਤ ਹੋਏ ਇਲਾਕਿਆਂ ਵਿੱਚ ਦੱਖਣੀ ਗੇਟ, ਅੰਬੇਡਕਰ ਚੌਂਕ, ਸਿਵਿਲ ਹਸਪਤਾਲ ਰੋਡ ਅਤੇ ਗਾੜਿਆਂ ਮੁਹੱਲਾ ਮਸੀਤ ਵਾਲੀ ਗਲੀ ਸ਼ਾਮਲ ਹਨ। ਇਨ੍ਹਾਂ ਇਲਾਕਿਆਂ ਵਿੱਚ ਪਾਣੀ ਦਾ ਪੱਧਰ ਇੰਨਾ ਵੱਧ ਗਿਆ ਕਿ ਕਈ ਵਾਹਨ ਪਾਣੀ ਵਿੱਚ ਖ਼ਰਾਬ ਹੋ ਗਏ। ਦੋ-ਪਹੀਆ ਵਾਹਨ ਚਾਲਕਾਂ ਨੂੰ ਆਪਣੇ ਵਾਹਨ ਪਾਣੀ ਵਿੱਚੋਂ ਬਾਹਰ ਕੱਢਣ ਲਈ ਜੱਦੋ-ਜਹਿਦ ਕਰਨੀ ਪਈ ਅਤੇ ਕਈ ਕਾਰਾਂ ਵੀ ਬੰਦ ਹੋ ਗਈਆਂ।
ਇਸ ਦੌਰਾਨ ਸ਼ਹਿਰ ਦੇ ਰਿਸ਼ੀ ਨਗਰ ਮੁਹੱਲਾ ਰੋਡ, ਪਾਣੀ ਵਾਲੀ ਚੱਕੀ ਰੋਡ, ਮੇਨ ਬਾਜ਼ਾਰ, ਗਊਸ਼ਾਲਾ ਰੋਡ ਅਤੇ ਗੁਰੂ ਨਾਨਕਪੁਰਾ ਰੋਡ, ‘ਤੇ ਵੀ ਪਾਣੀ ਭਰਨ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਵੇਰੇ ਹੋਈ 17.5 ਮਿਲੀਮੀਟਰ ਬਾਰਿਸ਼ ਕਾਰਨ ਤਾਪਮਾਨ ਵਿੱਚ 3 ਡਿਗਰੀ ਸੈਲਸੀਅਸ ਦੀ ਗਿਰਾਵਟ ਆਈ, ਜਿੱਥੇ ਸ਼ਨੀਵਾਰ ਨੂੰ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਸੀ, ਉੱਥੇ ਐਤਵਾਰ ਨੂੰ ਇਹ 28 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।
ਪ੍ਰਸ਼ਾਸਨ ‘ਤੇ ਸਵਾਲ, ਲੋਕਾਂ ਵਿੱਚ ਵਧੀ ਚਿੰਤਾ
ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਦੇ ਨਾਕਸ ਪ੍ਰਬੰਧਾਂ ‘ਤੇ ਸਵਾਲ ਖੜ੍ਹੇ ਕੀਤੇ ਹਨ। ਵਸਨੀਕਾਂ ਦਾ ਕਹਿਣਾ ਹੈ ਕਿ ਹਰ ਸਾਲ ਬਰਸਾਤ ਦੇ ਮੌਸਮ ਵਿੱਚ ਇਹ ਸਮੱਸਿਆ ਪੈਦਾ ਹੁੰਦੀ ਹੈ, ਪਰ ਇਸ ਦੇ ਸਥਾਈ ਹੱਲ ਲਈ ਕੋਈ ਠੋਸ ਕਦਮ ਨਹੀਂ ਚੁੱਕੇ ਜਾਂਦੇ। ਨਾਲਿਆਂ ਦੀ ਸਮੇਂ ਸਿਰ ਸਫਾਈ ਨਾ ਹੋਣ ਅਤੇ ਢੁਕਵੇਂ ਡਰੇਨੇਜ ਸਿਸਟਮ ਦੀ ਘਾਟ ਕਾਰਨ ਇਹ ਸਮੱਸਿਆ ਹਰ ਵਾਰ ਗੰਭੀਰ ਰੂਪ ਧਾਰਨ ਕਰ ਲੈਂਦੀ ਹੈ। ਕਈ ਦੁਕਾਨਾਂ ਵਿੱਚ ਵੀ ਪਾਣੀ ਦਾਖਲ ਹੋ ਗਿਆ, ਜਿਸ ਕਾਰਨ ਦੁਕਾਨਦਾਰਾਂ ਦਾ ਸਾਮਾਨ ਖਰਾਬ ਹੋ ਗਿਆ।
ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤੱਕ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ, ਜਿਸ ਕਾਰਨ ਲੋਕਾਂ ਵਿੱਚ ਪਾਣੀ ਭਰਨ ਦੀ ਸਮੱਸਿਆ ਦੀ ਚਿੰਤਾ ਵਧ ਗਈ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਨਾਲਿਆਂ ਦੀ ਨਿਯਮਤ ਸਫਾਈ, ਡਰੇਨੇਜ ਸਿਸਟਮ ਵਿੱਚ ਸੁਧਾਰ ਅਤੇ ਸੜਕਾਂ ਦੀ ਮੁਰੰਮਤ ਵਰਗੇ ਕਦਮ ਚੁੱਕੇ ਜਾਣ ਤਾਂ ਜੋ ਇਸ ਪੁਰਾਣੀ ਸਮੱਸਿਆ ਦਾ ਸਥਾਈ ਹੱਲ ਨਿਕਲ ਸਕੇ।
ਨਕੋਦਰ ਵਿੱਚ ਮੀਂਹ ਨੇ ਗਰਮੀ ਤੋਂ ਦਿੱਤੀ ਰਾਹਤ ਪਰ ਭਰਿਆ ਪਾਣੀ ਬਣਿਆ ਮੁਸੀਬਤ, ਸੜਕਾਂ ‘ਤੇ ਖੜ੍ਹਾ ਹੋਇਆ 3 ਫੁੱਟ ਤੱਕ ਪਾਣੀ
ਨਗਰ ਕੌਂਸਲ ਦੇ ਨਾਕਸ ਪ੍ਰਬੰਧਾਂ ਦੀ ਖੁੱਲ੍ਹੀ ਪੋਲ, ਦੋ-ਪਹੀਆ ਵਾਹਨ ਅਤੇ ਕਾਰਾਂ ਵੀ ਹੋਈਆਂ ਬੰਦ; ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗਿਆ ਪੱਕਾ ਹੱਲ।
9.9K

