ਚੰਡੀਗੜ੍ਹ: ਫੀਡਫਰੰਟ ਨਿਊਜ਼ ਨੇ ਆਪਣੇ ਕਾਰਜ ਨਿਯਮਾਂ ਦੀ ਉਲੰਘਣਾ ਅਤੇ ਅਨੁਸ਼ਾਸਨਹੀਣਤਾ ਦਿਖਾਉਣ ਵਾਲੇ ਤਿੰਨ ਪੱਤਰਕਾਰਾਂ ਨੂੰ ਪੱਕੇ ਤੌਰ ‘ਤੇ ਬਰਖਾਸਤ ਕਰ ਦਿੱਤਾ ਹੈ। ਸੰਸਥਾ ਨੇ ਇਸ ਸਬੰਧੀ ਅਧਿਕਾਰਤ ਹੁਕਮ ਜਾਰੀ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਇਹ ਕਦਮ ਸੰਸਥਾ ਦੀ ਸਾਖ ਅਤੇ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਲਾਜ਼ਮੀ ਸੀ। ਇਸ ਮਾਮਲੇ ਵਿੱਚ ਦੋ ਹੋਰ ਪੱਤਰਕਾਰਾਂ ਸਬੰਧੀ ਆਖਰੀ ਫ਼ੈਸਲਾ ਇਸ ਮਹੀਨੇ ਦੀ 31 ਤਾਰੀਖ਼ ਨੂੰ ਲਿਆ ਜਾਵੇਗਾ।
ਅਨੁਸ਼ਾਸਨਹੀਣਤਾ ਬਣੀ ਕਾਰਨ
ਪੰਜਾਬ ਸਟੇਟ ਦੇ ਮੁੱਖ ਸੰਪਾਦਕ ਹਰਸ਼ ਗੋਗੀ ਨੇ ਹੈੱਡ ਆਫਿਸ ਨੂੰ ਦੱਸਿਆ ਕਿ ਪਿਛਲੇ ਦਿਨੀਂ ਹੋਈ ਸਾਲਾਨਾ ਮੀਟਿੰਗ ਵਿੱਚ ਜਾਣਬੁੱਝ ਕੇ ਗੈਰਹਾਜ਼ਰ ਰਹਿਣ ਵਾਲੇ ਛੇ ਪੱਤਰਕਾਰਾਂ ਨੂੰ ਇੱਕ ਮਹੀਨਾ ਪਹਿਲਾਂ ਹੀ ਨੋਟਿਸ ਜਾਰੀ ਕੀਤਾ ਗਿਆ ਸੀ। ਉਨ੍ਹਾਂ ਨੂੰ ਆਪਣਾ ਸਪੱਸ਼ਟੀਕਰਨ ਦੇਣ ਅਤੇ ਨਿਯਮਾਂ ਅਨੁਸਾਰ ਜੁਰਮਾਨਾ ਭਰਨ ਲਈ ਕਿਹਾ ਗਿਆ ਸੀ, ਪਰ ਉਨ੍ਹਾਂ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਜਦੋਂ ਨਾ ਤਾਂ ਕੋਈ ਸਪੱਸ਼ਟੀਕਰਨ ਦਿੱਤਾ ਗਿਆ ਅਤੇ ਨਾ ਹੀ ਜੁਰਮਾਨਾ ਭਰਿਆ ਗਿਆ, ਤਾਂ ਉਨ੍ਹਾਂ ਨੂੰ ਇੱਕ ਮਹੀਨੇ ਲਈ ਮੁਅੱਤਲ ਕਰਕੇ 30 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ।
ਤਿੰਨ ਪੱਤਰਕਾਰਾਂ ਦੀ ਸੇਵਾਵਾਂ ਖ਼ਤਮ
27 ਅਗਸਤ ਨੂੰ ਇਹ ਮਿਆਦ ਪੂਰੀ ਹੋਣ ਤੋਂ ਬਾਅਦ ਜਵਾਬਤਲਬੀ ਨਾ ਕਰਨ ਵਾਲੇ ਤਿੰਨ ਪੱਤਰਕਾਰਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ। ਬਰਖਾਸਤ ਕੀਤੇ ਗਏ ਪੱਤਰਕਾਰਾਂ ਦੇ ਨਾਮ ਇਸ ਪ੍ਰਕਾਰ ਹਨ:
- ਸੁਖਦੇਵ ਪਾਲ – ਗੁਰਦਾਸਪੁਰ
- ਸਤੀਸ਼ ਗੋਨਾ – ਜਲੰਧਰ
- ਗੁਰਦਿਆਲ ਥਿੰਦ – ਪਠਾਨਕੋਟ
ਜਨਤਕ ਚੇਤਾਵਨੀ ਅਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ
ਫੀਡਫਰੰਟ ਪ੍ਰਬੰਧਨ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਨੋਟੀਫਿਕੇਸ਼ਨ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਇਨ੍ਹਾਂ ਤਿੰਨਾਂ ਪੱਤਰਕਾਰਾਂ ਦੀਆਂ ਹੁਣ ਤੱਕ ਦੀਆਂ ਸਾਰੀਆਂ ਸੇਵਾਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਸੰਬੰਧਤ ਜ਼ਿਲ੍ਹਿਆਂ ਦੇ ਉੱਚ ਅਧਿਕਾਰੀਆਂ, ਪੁਲਿਸ ਅਧਿਕਾਰੀਆਂ ਅਤੇ ਆਮ ਜਨਤਾ ਨੂੰ ਸੂਚਿਤ ਕੀਤਾ ਗਿਆ ਹੈ ਕਿ ਇਹ ਵਿਅਕਤੀ ਹੁਣ ਫੀਡਫਰੰਟ ਨਿਊਜ਼ ਨਾਲ ਕਿਸੇ ਵੀ ਰੂਪ ਵਿੱਚ ਸੰਬੰਧਤ ਨਹੀਂ ਹਨ। ਜੇਕਰ ਕੋਈ ਵੀ ਵਿਅਕਤੀ ਇਨ੍ਹਾਂ ਨਾਲ ਫੀਡਫਰੰਟ ਦੇ ਨਾਮ ‘ਤੇ ਸੰਪਰਕ ਕਰਦਾ ਹੈ ਤਾਂ ਉਸ ਪ੍ਰਤੀ ਫੀਡਫਰੰਟ ਨਿਊਜ਼ ਜ਼ਿੰਮੇਵਾਰ ਨਹੀਂ ਹੋਵੇਗਾ। ਨੋਟੀਫਿਕੇਸ਼ਨ ਵਿੱਚ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਇਹ ਬਰਖਾਸਤ ਕੀਤੇ ਗਏ ਪੱਤਰਕਾਰ ਹੁਣ ਤੋਂ ਬਾਅਦ ਵੀ ਫੀਡਫਰੰਟ ਨਿਊਜ਼ ਦੇ ਆਈਡੀ ਕਾਰਡ ਜਾਂ ਵਾਹਨ ਸਟਿੱਕਰ ਦੀ ਵਰਤੋਂ ਕਰਦੇ ਪਾਏ ਜਾਂਦੇ ਹਨ, ਤਾਂ ਉਨ੍ਹਾਂ ਖ਼ਿਲਾਫ਼ ਫੌਜਦਾਰੀ ਕਾਰਵਾਈ ਕੀਤੀ ਜਾਵੇਗੀ।
ਬਾਕੀ ਦੋ ਪੱਤਰਕਾਰਾਂ ‘ਤੇ ਫੈਸਲਾ 31 ਨੂੰ
ਸੰਸਥਾ ਨੇ ਸਪੱਸ਼ਟ ਕੀਤਾ ਹੈ ਕਿ ਬਾਕੀ ਰਹਿ ਗਏ ਦੋ ਪੱਤਰਕਾਰਾਂ ਦਾ ਅੰਤਿਮ ਫੈਸਲਾ 31 ਅਗਸਤ ਨੂੰ ਲਿਆ ਜਾਵੇਗਾ। ਫੀਡਫਰੰਟ ਨੇ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਸੰਸਥਾ ਦੀ ਸਾਖ ਬਣਾਉਣ ਅਤੇ ਨਿਯਮਾਂ ਦੀ ਪਾਲਣਾ ਲਈ ਲਾਜ਼ਮੀ ਹਨ, ਅਤੇ ਭਵਿੱਖ ਵਿੱਚ ਵੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

