ਪੰਜਾਬੀ ਲੋਕ ਗਾਇਕ ਰਮੇਸ਼ ਨੁੱਸੀਵਾਲ ਅਤੇ ਪਾਰਾ ਕੰਗ ਨੇ ਆਪਣੇ ਨਵੇਂ ਗੀਤ ‘ਬਾਪੂ – ਦਿਲ ਦਾ ਬਾਦਸ਼ਾਹ’ ਦੇ ਨਾਲ ਸੰਗੀਤ ਜਗਤ ਵਿੱਚ ਇੱਕ ਵੱਡਾ ਧਮਾਕਾ ਕਰ ਦਿੱਤਾ ਹੈ। ਇਸ ਗੀਤ ਨੇ ਸਰੋਤਿਆਂ ਦੀ ਕਚਹਿਰੀ ਦੇ ਵਿੱਚ ਜਾ ਕੇ ਮਹਿਜ਼ ਇੱਕ-ਦੋ ਦਿਨਾਂ ਦੇ ਵਿੱਚ ਹੀ ਆਪਣੀਆਂ ਬੁਲੰਦੀਆਂ ਦੇ ਝੰਡੇ ਗੱਡ ਦਿੱਤੇ ਹਨ। ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਇਸ ਗੀਤ ਦੀ ਪੂਰੀ ਚਰਚਾ ਹੋ ਰਹੀ ਹੈ ਅਤੇ ਬੱਚੇ-ਬੱਚੇ ਦੀ ਜੁਬਾਨ ‘ਤੇ ਆਪਣੇ ਮਾਪਿਆਂ ਪ੍ਰਤੀ ਇਹ ਸ਼ਬਦ ਆਪ ਮੁਹਾਰੇ ਮੂੰਹਾਂ ਦੇ ਵਿੱਚੋਂ ਨਿਕਲ ਰਹੇ ਹਨ ਕਿ, “ਅਗਲੇ ਜਨਮ ਵਿੱਚ ਹੋਣ ਮਾਲਕਾ ਇਹੋ ਈ ਮਾਂ ਪਿਓ ਮੇਰੇ।”
ਜਜ਼ਬਾਤਾਂ ਦੀ ਮਾਲਾ ਅਤੇ ਸੰਗੀਤਕ ਲੈਅ
ਇਸ ਗੀਤ ਨੂੰ ਡਾਕਟਰ ਤੇਜਿੰਦਰ ਕੌਰ ਕੰਗ ਯੂਐਸਏ ਵਾਲਿਆਂ ਨੇ ਬੜੀ ਮਿਹਨਤ ਦੇ ਨਾਲ ਤਿਆਰ ਕਰਵਾਇਆ ਹੈ। ਇਹ ਗੀਤ ਜਜ਼ਬਾਤਾਂ ਨਾਲ ਪੂਰੀ ਤਰ੍ਹਾਂ ਭਰਿਆ ਹੋਇਆ ਹੈ, ਜਿਸ ਨੂੰ ਵਾਰ-ਵਾਰ ਸੁਣਨ ਨੂੰ ਦਿਲ ਕਰਦਾ ਹੈ। ਇਸ ਗੀਤ ਦਾ ਸੰਗੀਤ ਬੜੀ ਬਖੂਬੀ ਦੇ ਨਾਲ ਪਵਨ ਪੰਮਾ ਅਤੇ ਕੁਲਦੀਪ ਕੁਮਾਰ ਨੇ ਤਿਆਰ ਕੀਤਾ ਹੈ। ਉਨ੍ਹਾਂ ਨੇ ਸੰਗੀਤਕ ਧੁਨਾਂ ਦੀ ਲੈਅ ਨੂੰ ਕੱਲੇ-ਕੱਲੇ ਸ਼ਬਦ ਦੇ ਨਾਲ ਮਾਲਾ ਦੇ ਮਣਕਿਆਂ ਦੀ ਤਰ੍ਹਾਂ ਬੜੇ ਖੂਬਸੂਰਤ ਤਰੀਕੇ ਨਾਲ ਪਰੋਇਆ ਹੈ, ਜੋ ਹਰ ਸਰੋਤੇ ਦੇ ਦਿਲ ਨੂੰ ਛੂਹ ਰਿਹਾ ਹੈ।
ਮਿਆਰੀ ਗਾਇਕੀ ਅਤੇ ਸਮਾਜਿਕ ਬਦਲਾਅ
ਅੱਜ ਦੇ ਦੌਰ ਵਿੱਚ ਇਹ ਸਮੇਂ ਦੀ ਮੁੱਖ ਲੋੜ ਹੈ ਕਿ ਗੋਲੀਆਂ, ਬੰਦੂਕਾਂ, ਟਕੁਏ ਅਤੇ ਗੰਡਾਸਿਆਂ ਵਾਲੇ ਗੀਤਾਂ ਤੋਂ ਪੂਰੀ ਤਰ੍ਹਾਂ ਕਿਨਾਰਾ ਕਰਕੇ ਨਵੀਂ ਪੀੜ੍ਹੀ ਨੂੰ ਇਹੋ ਜਿਹੇ ਮਿਆਰੀ ਗੀਤਾਂ ਦੇ ਨਾਲ ਜੁੜਨਾ ਚਾਹੀਦਾ ਹੈ। ਨੌਜਵਾਨ ਇਹੋ ਜਿਹੇ ਪਰਿਵਾਰਕ ਗੀਤਾਂ ਤੋਂ ਸੇਧ ਲੈ ਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰ ਸਕਦੇ ਹਨ ਅਤੇ ਤਦ ਹੀ ਪਰਿਵਾਰਾਂ ਵਿੱਚ ਮਾਪਿਆਂ ਦਾ ਸਤਿਕਾਰ ਵਧੇਗਾ। ਮਾਂ-ਪਿਓ ਦੇ ਇਸ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਹੀ ਅਸਲ ਵਿੱਚ ਉਨ੍ਹਾਂ ਦੀ ਹੈਸੀਅਤ ਅਤੇ ਕਾਬਲੀਅਤ ਦਾ ਪਤਾ ਲੱਗਦਾ ਹੈ। ਇਸ ਸ਼ਾਨਦਾਰ ਉਪਰਾਲੇ ਲਈ ਸਮੁੱਚੀ ਟੀਮ ਵਧਾਈ ਦੀ ਹੱਕਦਾਰ ਹੈ ਅਤੇ ਆਸ ਹੈ ਕਿ ਇਹ ਗੀਤ ਹਰ ਵਰਗ ਦੇ ਸਰੋਤਿਆਂ ਲਈ ਇੱਕ ਮੀਲ ਪੱਥਰ ਸਾਬਿਤ ਹੋਵੇਗਾ। ਆਪੋ-ਆਪਣੇ ਮਾਪਿਆਂ ਨੂੰ ਪਿਆਰ ਕਰਨ ਵਾਲੇ ਸਰੋਤੇ ਇਸ ਗੀਤ ਨੂੰ ਵੱਧ ਤੋਂ ਵੱਧ ਲਾਈਕ, ਕਮੈਂਟ, ਸ਼ੇਅਰ, ਪ੍ਰਮੋਟ ਅਤੇ ਸਪੋਰਟ ਕਰਕੇ ਇੱਕ ਯਾਦਗਾਰੀ ਗੀਤ ਬਣਾ ਦੇਣਗੇ।
ਸੰਪਾਦਕੀ ਟਿੱਪਣੀ: ਪੰਜਾਬੀ ਸੰਗੀਤ ਜਗਤ ਵਿੱਚ ਲੰਬੇ ਸਮੇਂ ਤੋਂ ਹਥਿਆਰਾਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਦਾ ਬੋਲਬਾਲਾ ਰਿਹਾ ਹੈ, ਜਿਸ ਨੇ ਨੌਜਵਾਨ ਪੀੜ੍ਹੀ ਦੀ ਸੋਚ ‘ਤੇ ਨਕਾਰਾਤਮਕ ਅਸਰ ਪਾਇਆ ਹੈ। ਅਜਿਹੇ ਵਪਾਰਕ ਦੌਰ ਵਿੱਚ ਰਮੇਸ਼ ਨੁੱਸੀਵਾਲ ਅਤੇ ਪਾਰਾ ਕੰਗ ਵਰਗੇ ਫਨਕਾਰਾਂ ਵੱਲੋਂ ਮਾਪਿਆਂ ਦੇ ਸਤਿਕਾਰ ਨੂੰ ਸਮਰਪਿਤ ‘ਬਾਪੂ – ਦਿਲ ਦਾ ਬਾਦਸ਼ਾਹ’ ਵਰਗਾ ਸਾਫ਼-ਸੁਥਰਾ ਅਤੇ ਜਜ਼ਬਾਤੀ ਗੀਤ ਲੈ ਕੇ ਆਉਣਾ ਇੱਕ ਬੇਹੱਦ ਸ਼ਲਾਘਾਯੋਗ ਅਤੇ ਦੂਰਗਾਮੀ ਕਦਮ ਹੈ। ਸਮਾਜ ਨੂੰ ਸਿਹਤਮੰਦ ਦਿਸ਼ਾ ਦੇਣ ਲਈ ਅਜਿਹੇ ਮਿਆਰੀ ਗੀਤਾਂ ਦੀ ਸਖ਼ਤ ਲੋੜ ਹੈ, ਜੋ ਪਰਿਵਾਰਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰ ਸਕਣ। ਸਰੋਤਿਆਂ ਵੱਲੋਂ ਮਿਲ ਰਿਹਾ ਭਰਵਾਂ ਹੁੰਗਾਰਾ ਇਹ ਸਾਬਤ ਕਰਦਾ ਹੈ ਕਿ ਜਨਤਾ ਅੱਜ ਵੀ ਅਰਥਪੂਰਨ ਸੱਭਿਆਚਾਰਕ ਸਮੱਗਰੀ ਨੂੰ ਪਸੰਦ ਕਰਦੀ ਹੈ, ਬਸ਼ਰਤੇ ਉਨ੍ਹਾਂ ਨੂੰ ਅਜਿਹੇ ਬਦਲ ਮੁਹੱਈਆ ਕਰਵਾਏ ਜਾਣ।
