ਚੰਡੀਗੜ੍ਹ: ਫੀਡ ਫਰੰਟ ਮੈਨੇਜਮੈਂਟ ਕੌਂਸਲ ਆਫ਼ ਪੰਜਾਬ ਵੱਲੋਂ ਕਰਵਾਏ ਗਏ ਵਿਸ਼ੇਸ਼ ਸਹੁੰ ਚੁੱਕ ਸਮਾਰੋਹ ਦੌਰਾਨ ਸੀਨੀਅਰ ਪੱਤਰਕਾਰ ਨਰੇਸ਼ ਸ਼ਰਮਾ ਨੂੰ ਉਨ੍ਹਾਂ ਦੀ ਉਤਕ੍ਰਿਸ਼ਟ ਕਾਰਗੁਜ਼ਾਰੀ ਅਤੇ ਪੱਤਰਕਾਰਤਾ ਵਿੱਚ ਨਿਭਾਏ ਅਹਿਮ ਰੋਲ ਲਈ ਦੋ ਵੱਕਾਰੀ ਐਵਾਰਡਾਂ ਨਾਲ ਨਵਾਜ਼ਿਆ ਗਿਆ। ਸਾਲ 2022 ਲਈ ਉਨ੍ਹਾਂ ਨੂੰ ‘ਫੀਡ ਫਰੰਟ ਟੋਪ ਰੇਵੇਨਿਊ ਜਨੇਰੇਟਰ ਐਵਾਰਡ’ ਅਤੇ ਸਾਲ 2023 ਲਈ ‘ਫੀਡ ਫਰੰਟ ਬੈਸਟ ਸਟੋਰੀ ਰਾਈਟਿੰਗ ਐਵਾਰਡ’ ਪ੍ਰਦਾਨ ਕੀਤੇ ਗਏ। ਇਹ ਐਵਾਰਡ ਫੀਡ ਫਰੰਟ ਦੇ ਮੁੱਖ ਸੰਪਾਦਕ ਸ਼੍ਰੀ ਹਰਸ਼ ਗੋਗੀ ਅਤੇ ਹਰਿਆਣਾ ਦੇ ਸੇਵਾ ਮੁਕਤ ਡਾਇਰੈਕਟਰ ਤੇ ਸਪੈਸ਼ਲ ਸਕੱਤਰ ਸ਼੍ਰੀ ਐਸ. ਕੇ. ਸੇਤੀਆ ਵੱਲੋਂ ਸਾਂਝੇ ਤੌਰ ’ਤੇ ਦਿੱਤੇ ਗਏ।
ਸੰਜੀਦਗੀ ਅਤੇ ਗਹਿਰਾਈ ਵਾਲੀ ਕਲਮ:
ਸਮਾਰੋਹ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਸ਼੍ਰੀ ਹਰਸ਼ ਗੋਗੀ ਨੇ ਨਰੇਸ਼ ਸ਼ਰਮਾ ਦੀ ਕਲਮ ਦੀ ਭਰਪੂਰ ਤਾਰੀਫ਼ ਕੀਤੀ। ਉਨ੍ਹਾਂ ਕਿਹਾ:
“ਨਰੇਸ਼ ਸ਼ਰਮਾ ਦੀ ਲਿਖਤ ਪਾਠਕਾਂ ਨੂੰ ਸਿਰਫ਼ ਖ਼ਬਰ ਨਹੀਂ ਪੜ੍ਹਾਉਂਦੀ, ਸਗੋਂ ਘਟਨਾ ਨੂੰ ਸ਼ਬਦਾਂ ਰਾਹੀਂ ਮਹਿਸੂਸ ਕਰਵਾਉਂਦੀ ਹੈ। ਉਹ ਬੜੀ ਸੰਜੀਦਗੀ ਅਤੇ ਗਹਿਰਾਈ ਨਾਲ ਸ਼ਬਦਾਂ ਨੂੰ ਪਿਰੋਦੇ ਹਨ। ਚਾਹੇ ਰੇਵੇਨਿਊ ਜਨੇਰੇਸ਼ਨ ਹੋਵੇ ਜਾਂ ਮਿਆਰੀ ਸਟੋਰੀ ਰਾਈਟਿੰਗ, ਨਰੇਸ਼ ਸ਼ਰਮਾ ਨੇ ਹਰ ਮੋਰਚੇ ’ਤੇ ਫੀਡ ਫਰੰਟ ਦਾ ਨਾਮ ਉੱਚਾ ਕੀਤਾ ਹੈ।”
ਉਨ੍ਹਾਂ ਅੱਗੇ ਕਿਹਾ ਕਿ ਫੀਡ ਫਰੰਟ ਲਈ ਨਰੇਸ਼ ਸ਼ਰਮਾ ਵਰਗੇ ਇਮਾਨਦਾਰ ਅਤੇ ਜ਼ਮੀਨੀ ਸੱਚਾਈ ਨਾਲ ਜੁੜੇ ਪੱਤਰਕਾਰ ਇੱਕ ਵੱਡੀ ਪੂੰਜੀ ਹਨ।
ਨਰੇਸ਼ ਸ਼ਰਮਾ ਵੱਲੋਂ ਟੀਮ ਦਾ ਧੰਨਵਾਦ:
ਸਨਮਾਨ ਹਾਸਲ ਕਰਨ ਉਪਰਾਂਤ ਨਰੇਸ਼ ਸ਼ਰਮਾ ਨੇ ਫੀਡ ਫਰੰਟ ਮੈਨੇਜਮੈਂਟ ਅਤੇ ਮੁੱਖ ਸੰਪਾਦਕ ਹਰਸ਼ ਗੋਗੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਦਾਰੇ ਨੇ ਹਮੇਸ਼ਾ ਉਨ੍ਹਾਂ ਦੀ ਸੋਚ ਨੂੰ ਸਹੀ ਦਿਸ਼ਾ ਅਤੇ ਨਿਰਭੀਕ ਹੋ ਕੇ ਲਿਖਣ ਦੀ ਪ੍ਰੇਰਣਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਐਵਾਰਡ ਸਿਰਫ਼ ਉਨ੍ਹਾਂ ਦੀ ਨਿੱਜੀ ਉਪਲਬਧੀ ਨਹੀਂ, ਸਗੋਂ ਪੂਰੀ ਟੀਮ ਦੇ ਸਹਿਯੋਗ ਦਾ ਨਤੀਜਾ ਹੈ ਅਤੇ ਉਹ ਭਵਿੱਖ ਵਿੱਚ ਵੀ ਇਸੇ ਜ਼ਿੰਮੇਵਾਰੀ ਨਾਲ ਪੱਤਰਕਾਰਤਾ ਕਰਦੇ ਰਹਿਣਗੇ।

