ਨਕੋਦਰ: ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੱਲੋਂ ਸਾਬਕਾ ਗ੍ਰਹਿ ਮੰਤਰੀ ਸ. ਬੂਟਾ ਸਿੰਘ ਅਤੇ ਸਮੁੱਚੇ ਦਲਿਤ ਸਮਾਜ ਪ੍ਰਤੀ ਕੀਤੀ ਗਈ ਕਥਿਤ ਘਟੀਆ ਸ਼ਬਦਾਵਲੀ ਦੀ ਨਿੰਦਾ ਕਰਦਿਆਂ ਭਗਵਾਨ ਵਾਲਮੀਕ ਸੈਨਾ ਰਜਿ. ਪੰਜਾਬ ਨੇ ਅੱਜ ਨਕੋਦਰ ਵਿੱਚ ਇੱਕ ਮੀਟਿੰਗ ਕੀਤੀ। ਜੋਗਿੰਦਰ ਸਿੰਘ ਬਿੱਲੀ ਵੜੈਚ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਰਾਜਾ ਵੜਿੰਗ ਨੂੰ ਤੁਰੰਤ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ ਗਈ।
ਵਾਲਮੀਕ ਸੈਨਾ ਦੀ ਕਾਂਗਰਸ ਨੂੰ ਤਾੜਨਾ
ਭਗਵਾਨ ਵਾਲਮੀਕ ਸੈਨਾ ਰਜਿ. ਪੰਜਾਬ ਦੇ ਵਾਈਸ ਪ੍ਰਧਾਨ ਰਾਹੁਲ ਸਹੋਤਾ ਨੇ ਦੱਸਿਆ ਕਿ ਜਿਮਨੀ ਚੋਣ ਦੌਰਾਨ ਤਰਨਤਾਰਨ ਵਿੱਚ ਰਾਜਾ ਵੜਿੰਗ ਵੱਲੋਂ ਦਿੱਤਾ ਗਿਆ ਬਿਆਨ ਬੇਹੱਦ ਸ਼ਰਮਨਾਕ ਹੈ। ਸੈਨਾ ਨੇ ਰਾਜਾ ਵੜਿੰਗ ਨੂੰ ਤਾੜਨਾ ਕਰਦਿਆਂ ਕਿਹਾ ਕਿ ਅੱਜ ਕਾਂਗਰਸ ਪਾਰਟੀ ਪੂਰੇ ਦੇਸ਼ ਵਿੱਚ ਜਿਸ ਮੁਕਾਮ ‘ਤੇ ਹੈ, ਉਹ ਸਿਰਫ਼ ਤੇ ਸਿਰਫ਼ ਦਲਿਤ ਸਮਾਜ ਦੇ ਸਹਿਯੋਗ ਕਰਕੇ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਬਕਾ ਗ੍ਰਹਿ ਮੰਤਰੀ ਸ੍ਰੀ ਬੂਟਾ ਸਿੰਘ ਜੀ ਆਪਣੀ ਉੱਚ ਸਿੱਖਿਆ ਅਤੇ ਕਾਬਲੀਅਤ ਦੇ ਦਮ ‘ਤੇ ਦੇਸ਼ ਦੇ ਉੱਚ ਅਹੁਦੇ ‘ਤੇ ਬਿਰਾਜਮਾਨ ਸਨ। ਉਨ੍ਹਾਂ ਨੇ ਆਪਣੀ ਇਮਾਨਦਾਰੀ ਅਤੇ ਨੇਕ ਨੀਅਤ ਨਾਲ ਕਈ ਵਾਰ ਰਾਜਸਥਾਨ ਤੋਂ ਐਮ.ਪੀ. ਚੁਣੇ ਜਾਂਦੇ ਰਹੇ।
ਰਾਜਾ ਵੜਿੰਗ ਨੂੰ ਬਰਖਾਸਤ ਕਰਨ ਦੀ ਮੰਗ
ਵਾਇਸ ਪ੍ਰਧਾਨ ਰਾਹੁਲ ਸਹੋਤਾ ਨੇ ਕਾਂਗਰਸ ਹਾਈ ਕਮਾਨ ਤੋਂ ਸਖ਼ਤੀ ਨਾਲ ਮੰਗ ਕੀਤੀ ਕਿ ਰਾਜਾ ਵੜਿੰਗ ਨੂੰ ਤੁਰੰਤ ਪੰਜਾਬ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਵਿਅਕਤੀ ਪਾਰਟੀ ਦਾ ਬਹੁਤ ਵੱਡੇ ਪੱਧਰ ‘ਤੇ ਨੁਕਸਾਨ ਕਰ ਰਹੇ ਹਨ, ਜਦੋਂ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਦੇ ਹੀ ਕਈ ਲੀਡਰ ਰਾਜਾ ਵੜਿੰਗ ਨੂੰ ਪ੍ਰਧਾਨ ਮੰਨਣ ਤੋਂ ਇਨਕਾਰ ਕਰਦੇ ਹਨ।
ਭਵਿੱਖ ਵਿੱਚ ਤਿੱਖੇ ਵਿਰੋਧ ਦੀ ਚੇਤਾਵਨੀ
ਮੀਟਿੰਗ ਵਿੱਚ ਮੌਜੂਦ ਹੋਰਨਾਂ ਲੀਡਰਾਂ ਨੇ ਵੀ ਬੋਲਦਿਆਂ ਕਿਹਾ ਕਿ ਜੇਕਰ ਰਾਜਾ ਵੜਿੰਗ ਨੂੰ ਪ੍ਰਧਾਨਗੀ ਤੋਂ ਬਰਖਾਸਤ ਨਹੀਂ ਕੀਤਾ ਗਿਆ, ਤਾਂ ਆਉਣ ਵਾਲੇ ਸਮੇਂ ਵਿੱਚ ਭਗਵਾਨ ਵਾਲਮੀਕ ਸੈਨਾ ਰਜਿਸਟਰਡ ਪੰਜਾਬ ਇਸ ਦਾ ਡੱਟ ਕੇ ਵਿਰੋਧ ਕਰੇਗੀ। ਉਨ੍ਹਾਂ ਚੇਤਾਵਨੀ ਦਿੱਤੀ ਕਿ ਇਸ ਦਾ ਆਉਣ ਵਾਲੀ 2027 ਦੀਆਂ ਵਿਧਾਨ ਸਭਾ ਚੋਣਾਂ ‘ਤੇ ਸਿੱਧਾ ਅਸਰ ਪਵੇਗਾ। ਸੂਬਾ ਚੇਅਰਮੈਨ ਜੋਗਿੰਦਰ ਸਿੰਘ ਬਿੱਲੀ ਵੜੈਚ ਨੇ ਹੋਰਨਾਂ ਪਾਰਟੀਆਂ ਦੇ ਆਗੂਆਂ ਨੂੰ ਵੀ ਤਾੜਨਾ ਕੀਤੀ ਕਿ ਐਸ.ਸੀ. ਸਮਾਜ ਬਾਰੇ ਬੋਲਣ ਤੋਂ ਪਹਿਲਾਂ ਸੋਚ-ਵਿਚਾਰ ਕੀਤਾ ਜਾਵੇ, ਕਿਉਂਕਿ ਵਾਲਮੀਕ ਸਮਾਜ ਹੁਣ ਜਾਗ ਚੁੱਕਾ ਹੈ। ਉਨ੍ਹਾਂ ਕਿਹਾ ਕਿ ਭਗਵਾਨ ਵਾਲਮੀਕ ਸੈਨਾ ਰਜਿ. ਪੰਜਾਬ ਸਮਾਜ ਪ੍ਰਤੀ ਅਪਸ਼ਬਦ ਬੋਲਣ ਵਾਲੇ ਹਰ ਲੀਡਰ ਦਾ ਡੱਟ ਕੇ ਵਿਰੋਧ ਕਰੇਗੀ। ਮੀਟਿੰਗ ਵਿੱਚ ਕਾਂਗਰਸ ਹਾਈ ਕਮਾਨ ਤੋਂ ਜਲਦੀ ਤੋਂ ਜਲਦੀ ਇਸ ਮਾਮਲੇ ‘ਤੇ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ, ਤਾਂ ਜੋ ਭਵਿੱਖ ਵਿੱਚ ਕੋਈ ਵੀ ਲੀਡਰ ਕਿਸੇ ਵੀ ਸਮਾਜ ਪ੍ਰਤੀ ਬੋਲਣ ਤੋਂ ਪਹਿਲਾਂ ਸੌ ਵਾਰ ਸੋਚੇ। ਭਗਵਾਨ ਵਾਲਮੀਕ ਸੈਨਾ ਰਜਿ. ਪੰਜਾਬ ਨੇ ਇੱਕ ਵਾਰ ਫਿਰ ਰਾਜਾ ਵੜਿੰਗ ਦੇ ਇਸ ਬਿਆਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।

