ਮਲਸੀਆਂ: ਸ਼ਾਹਕੋਟ-ਜਲੰਧਰ ਨੈਸ਼ਨਲ ਹਾਈਵੇ ‘ਤੇ ਮਲਸੀਆਂ ਵਿਖੇ 17 ਜੁਲਾਈ ਨੂੰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਜ਼ਖਮੀ ਹੋਈ ਔਰਤ ਸੁਖਵਿੰਦਰ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਹ ਦੁਖਦ ਘਟਨਾ ਮਲਸੀਆਂ ਇਲਾਕੇ ਵਿੱਚ ਸੋਗ ਦੀ ਲਹਿਰ ਫੈਲਾ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਸੁਖਵਿੰਦਰ ਕੌਰ ਆਪਣੇ ਪਤੀ ਸੁਰਜੀਤ ਸਿੰਘ ਉਰਫ਼ ਗੋਰਾ ਬਾਬਾ ਨਾਲ ਆਪਣੇ ਮੋਟਰਸਾਈਕਲ ‘ਤੇ ਨਕੋਦਰ ਤੋਂ ਵਾਪਸ ਆ ਰਹੇ ਸਨ। ਜਦੋਂ ਉਹ ਕੰਗ ਫਿਲਿੰਗ ਸਟੇਸ਼ਨ, ਮਲਸੀਆਂ ਨੇੜੇ ਪਹੁੰਚੇ ਤਾਂ ਨਕੋਦਰ ਵੱਲੋਂ ਆ ਰਹੀ ਇੱਕ ਤੇਜ਼ ਰਫ਼ਤਾਰ ਫਾਰਚੂਨਰ ਗੱਡੀ ਨੇ ਲਾਪਰਵਾਹੀ ਨਾਲ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਗੱਡੀ ਦਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਇਸ ਹਾਦਸੇ ਵਿੱਚ ਸੁਰਜੀਤ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ, ਜਦੋਂ ਕਿ ਸੁਖਵਿੰਦਰ ਕੌਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਰਾਹਗੀਰਾਂ ਦੀ ਮਦਦ ਨਾਲ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਮੁੱਢਲੀ ਸਹਾਇਤਾ ਤੋਂ ਬਾਅਦ ਸੁਰਜੀਤ ਸਿੰਘ ਨੂੰ ਛੁੱਟੀ ਦੇ ਦਿੱਤੀ ਗਈ, ਪਰ ਸੁਖਵਿੰਦਰ ਕੌਰ ਦੀ ਨਾਜ਼ੁਕ ਹਾਲਤ ਦੇ ਮੱਦੇਨਜ਼ਰ ਉਸ ਨੂੰ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਬਦਕਿਸਮਤੀ ਨਾਲ, ਲੰਬੇ ਇਲਾਜ ਤੋਂ ਬਾਅਦ ਵੀ ਉਸ ਨੂੰ ਬਚਾਇਆ ਨਾ ਜਾ ਸਕਿਆ ਅਤੇ 31 ਜੁਲਾਈ ਨੂੰ ਸ਼ਾਮ ਸਮੇਂ ਉਸ ਦੀ ਮੌਤ ਹੋ ਗਈ।
ਮਲਸੀਆਂ ਪੁਲਿਸ ਚੌਂਕੀ ਦੇ ਇੰਚਾਰਜ ਏ.ਐਸ.ਆਈ. ਬੂਟਾ ਰਾਮ ਨੇ ਦੱਸਿਆ ਕਿ ਸੁਰਜੀਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਫਾਰਚੂਨਰ ਗੱਡੀ ਦੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਗੱਡੀ ਅਤੇ ਉਸ ਦੇ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਗਈ ਸੀ, ਜਿਸ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਪਰਿਵਾਰ ਇਸ ਦੁਖਦ ਘਟਨਾ ਤੋਂ ਸਦਮੇ ਵਿੱਚ ਹੈ।