ਸੁਲਤਾਨਪੁਰ ਲੋਧੀ,: ਪਾਵਨ ਨਗਰੀ ਸੁਲਤਾਨਪੁਰ ਲੋਧੀ ਵਿੱਚ ਸਵੇਰੇ ਪਈ ਅੱਧੇ ਘੰਟੇ ਦੀ ਤੇਜ਼ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਕੁਝ ਰਾਹਤ ਦਿੱਤੀ, ਉੱਥੇ ਹੀ ਇਹ ਮੀਂਹ ਸ਼ਹਿਰ ਵਾਸੀਆਂ ਲਈ ਇੱਕ ਵੱਡੀ ਆਫ਼ਤ ਬਣ ਕੇ ਆਇਆ। ਪਿਛਲੇ ਦੋ ਸਾਲਾਂ ਤੋਂ ਚੱਲ ਰਹੇ ਸੀਵਰੇਜ, ਵਾਟਰ ਸਪਲਾਈ ਅਤੇ ਸਟਾਰਮ ਸੀਵਰ ਦੇ ਅਧੂਰੇ ਕਾਰਜਾਂ ਕਾਰਨ ਸ਼ਹਿਰ ਵਾਸੀਆਂ ਦਾ ਜੀਵਨ ਦੁੱਭਰ ਹੋ ਚੁੱਕਾ ਹੈ। ਹਰੇਕ ਸ਼ਹਿਰ ਨਿਵਾਸੀ ਦੇ ਮੂੰਹੋਂ ਇਹੋ ਸ਼ਬਦ ਨਿਕਲਦੇ ਹਨ ਕਿ ਆਖਰ ਇਸ ਨਰਕ ਭਰੀ ਜ਼ਿੰਦਗੀ ਤੋਂ ਉਨ੍ਹਾਂ ਨੂੰ ਕਦੋਂ ਮੁਕਤੀ ਮਿਲੇਗੀ। ਸ਼ਹਿਰ ਵਿੱਚ ਬੇਹੱਦ ਸੁਸਤ ਰਫ਼ਤਾਰ ਨਾਲ ਦੋ ਸਾਲਾਂ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਇਨ੍ਹਾਂ ‘ਵਿਕਾਸ’ ਕਾਰਜਾਂ ਨੇ ਸ਼ਹਿਰ ਦੀ ਇੱਕ ਬਦਸੂਰਤ ਤਸਵੀਰ ਬਣਾ ਕੇ ਰੱਖ ਦਿੱਤੀ ਹੈ। ਸਾਰੇ ਸ਼ਹਿਰ ਦੇ ਮੁੱਖ ਰਸਤਿਆਂ ‘ਤੇ ਅਤੇ ਸੜਕਾਂ ‘ਤੇ ਪਏ ਟੋਏ, ਟੁੱਟੀਆਂ ਸੜਕਾਂ, ਉੱਡਦੀ ਧੂੜ ਅਤੇ ਸ਼ਹਿਰ ਵਿੱਚ ਬਣੀ ਦਲਦਲ ਨੇ ਪਤਾ ਨਹੀਂ ਕਿੰਨੇ ਹੀ ਦੁਕਾਨਦਾਰਾਂ ਦੇ ਕਾਰੋਬਾਰ ਦਾ ਉਜਾੜਾ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਲੱਗਦਾ ਹੈ ਇਸ ਸ਼ਹਿਰ ਦਾ ਕੋਈ ਵਾਲੀ-ਵਾਰਸ ਨਹੀਂ ਹੈ, ਜੋ ਲਾਵਾਰਿਸ ਪਏ ਸ਼ਹਿਰ ‘ਤੇ ਤਰਸ ਖਾ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝ ਸਕੇ। ਕਈ ਲੋਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਸਰਕਾਰ ਇਹ ਕਾਰਜ ਜਾਣਬੁੱਝ ਕੇ ਲਮਕਾ ਰਹੀ ਹੈ ਅਤੇ ਇਨ੍ਹਾਂ ਕਾਰਜਾਂ ਨੂੰ 2027 ਦੀਆਂ ਚੋਣਾਂ ਤੱਕ ਖਿੱਚ ਕੇ ਲੈ ਜਾਣਾ ਚਾਹੁੰਦੀ ਹੈ, ਤਾਂ ਜੋ ਵੋਟਾਂ ਲੈਣ ਸਮੇਂ ਲੋਕਾਂ ਨੂੰ ਵਿਕਾਸ ਕਾਰਜ ਵਿਖਾ ਕੇ ਮੂਰਖ ਬਣਾ ਕੇ ਵੋਟਾਂ ਬਟੋਰੀਆਂ ਜਾ ਸਕਣ।
ਭਾਰੀ ਮੀਂਹ ਨਾਲ ਸ਼ਹਿਰ ਜਲ-ਥਲ, ਆਵਾਜਾਈ ਠੱਪ
ਸਵੇਰੇ ਪਏ ਭਾਰੀ ਮੀਂਹ ਨੇ ਸਾਰੇ ਸ਼ਹਿਰ ਨੂੰ ਪੂਰੀ ਤਰ੍ਹਾਂ ਜਲ-ਥਲ ਕਰ ਦਿੱਤਾ। ਰੇਲਵੇ ਅੰਡਰਬ੍ਰਿਜ ਅਤੇ ਨੀਵੇਂ ਇਲਾਕਿਆਂ ਵਿੱਚ ਖੜ੍ਹੇ ਪਾਣੀ ਨੇ ਸਾਰਾ ਜਨਜੀਵਨ ਹੀ ਠੱਪ ਕਰਕੇ ਰੱਖ ਦਿੱਤਾ। ਸ਼ਹੀਦ ਊਧਮ ਸਿੰਘ ਚੌਕ ਤੋਂ ਸਿਵਲ ਹਸਪਤਾਲ ਅਤੇ ਗੁਰਦੁਆਰਾ ਬੇਰ ਸਾਹਿਬ ਤੱਕ ਦੀ ਸੜਕ ‘ਤੇ ਪੈਦਲ ਜਾਂ ਦੋਪਹੀਆ ਵਾਹਨਾਂ ਦੀ ਤਾਂ ਦੂਰ ਦੀ ਗੱਲ, ਚਾਰਪਹੀਆ ਵਾਹਨਾਂ ਅਤੇ ਵੱਡੇ ਲੋਡਡ ਟਰੱਕਾਂ, ਟਰਾਲਿਆਂ ਦਾ ਵੀ ਲੰਘਣਾ ਮੁਸ਼ਕਲ ਹੋ ਗਿਆ। ਸੜਕ ਦੇ ਦੋਵੇਂ ਪਾਸੇ ਪੁੱਟੇ ਟੋਇਆਂ ਵਿੱਚ ਬਾਰਿਸ਼ ਨਾਲ ਮਿੱਟੀ ਧੱਸਣ ਕਾਰਨ ਅੱਜ ਸਿਵਲ ਹਸਪਤਾਲ ਦੇ ਸਾਹਮਣੇ ਮੱਕੀ ਨਾਲ ਭਰੇ ਤਿੰਨ ਟਰੱਕ ਧੱਸ ਕੇ ਪਲਟ ਗਏ, ਜਿਸ ਨਾਲ ਸਾਰੀ ਆਵਾਜਾਈ ਠੱਪ ਹੋ ਗਈ। ਠੱਪ ਆਵਾਜਾਈ ਨਾਲ ਜਿੱਥੇ ਬੱਸ ਅੱਡਾ, ਸਿਵਲ ਹਸਪਤਾਲ ਅਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਲਈ ਸੰਗਤਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਉੱਥੇ ਐਮਰਜੰਸੀ ਸਮੇਂ ਮਰੀਜ਼ਾਂ ਨੂੰ ਵੀ ਸਿਵਲ ਹਸਪਤਾਲ ਵਿੱਚ ਲੈ ਕੇ ਜਾਣ ਲਈ ਬੁਰਾ ਹਾਲ ਹੋ ਗਿਆ। ਸਿਵਲ ਹਸਪਤਾਲ ਦੇ ਬਾਹਰ ਬਾਰਿਸ਼ ਨਾਲ ਬਣੀ ਦਲਦਲ ਕਾਰਨ ਕਈ ਵਾਹਨ ਫਿਸਲ ਗਏ ਅਤੇ ਦੁਰਘਟਨਾਵਾਂ ਦਾ ਸ਼ਿਕਾਰ ਹੋਏ। ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ ਵਿੱਚ ਇਲਾਜ ਲਈ ਲਿਜਾਣਾ ਪਿਆ।
6 ਘੰਟੇ ਤੋਂ ਵੱਧ ਆਵਾਜਾਈ ਠੱਪ, ਪ੍ਰਸ਼ਾਸਨ ਚੁੱਪ
ਸ਼ਹਿਰ ਵਿੱਚ ਵਾਹਨਾਂ ਦੇ ਪਲਟ ਜਾਣ ਕਾਰਨ ਕਰੀਬ 6 ਘੰਟੇ ਤੋਂ ਵੀ ਵੱਧ ਸਮੇਂ ਤੱਕ ਆਵਾਜਾਈ ਠੱਪ ਰਹੀ, ਪਰ ਪ੍ਰਸ਼ਾਸਨ ਦੀ ਬੇਰੁਖੀ ਨੇ ਲੋਕਾਂ ਵਿੱਚ ਬੇਹੱਦ ਰੋਸ ਪੈਦਾ ਕਰ ਦਿੱਤਾ। ਲੋਕ ਇਹ ਸੋਚਣ ‘ਤੇ ਮਜਬੂਰ ਹੋ ਗਏ ਕਿ ਪ੍ਰਸ਼ਾਸਨ ਨੇ ਵੀ ਲੋਕਾਂ ਨੂੰ ਉਨ੍ਹਾਂ ਦੇ ਰਹਿਮੋ-ਕਰਮ ‘ਤੇ ਛੱਡ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਆਪਣੀ ਲੋਕਾਂ ਪ੍ਰਤੀ ਜ਼ਿੰਮੇਵਾਰੀ ਨਿਭਾਉਣ ਵਿੱਚ ਫੇਲ੍ਹ ਸਾਬਤ ਹੋਇਆ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਅਜਿਹੇ ਸਮੇਂ ਪ੍ਰਸ਼ਾਸਨ ਨੂੰ ਅੱਗੇ ਆ ਕੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਨੂੰ ਪਹਿਲ ਦੇਣ ਦੀ ਜ਼ਰੂਰਤ ਸੀ।
2-3 ਮਹੀਨੇ ਹੋਰ ਕਰਨਾ ਪਵੇਗੀ ਉਡੀਕ
ਬਰਸਾਤ ਦਾ ਮੌਸਮ ਸ਼ੁਰੂ ਹੋ ਗਿਆ ਹੈ ਜੋ ਹਾਲੇ ਘੱਟੋ-ਘੱਟ ਢਾਈ ਮਹੀਨੇ ਹੋਰ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਸਾਉਣ-ਭਾਦੋਂ ਵਿੱਚ ਬਰਸਾਤ ਦੀ ਝੜੀ ਜਦੋਂ ਸ਼ੁਰੂ ਹੁੰਦੀ ਹੈ ਤਾਂ ਫਿਰ ਜਲਦੀ ਰੁਕਣ ਦਾ ਨਾਂ ਨਹੀਂ ਲੈਂਦੀ। ਅਜਿਹੀ ਹਾਲਤ ਵਿੱਚ ਸ਼ਹਿਰ ਨਿਵਾਸੀਆਂ ਨੂੰ ਇਹ ਮੁਸੀਬਤ ਦਾ 2-3 ਮਹੀਨੇ ਘੱਟੋ-ਘੱਟ ਹੋਰ ਸਾਹਮਣਾ ਕਰਨਾ ਪਵੇਗਾ।
ਵੱਖ-ਵੱਖ ਜਥੇਬੰਦੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਨੂੰ ਕੀਤੀ ਅਪੀਲ
ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਵਿੱਚ ਚੱਲ ਰਹੇ ਇਨ੍ਹਾਂ ਕਾਰਜਾਂ ਨੂੰ ਜਲਦ ਤੋਂ ਜਲਦ ਪੂਰਾ ਕਰਵਾ ਕੇ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ।