ਨਕੋਦਰ: ਥਾਣਾ ਸਦਰ ਨਕੋਦਰ ਦੀ ਪੁਲਿਸ ਨੇ ਇੱਕ ਕਰੋੜ ਰੁਪਏ ਦੀ ਫਿਰੌਤੀ ਮੰਗਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਗੰਭੀਰ ਮਾਮਲੇ ਨੂੰ ਟਰੇਸ ਕਰਦੇ ਹੋਏ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਪ-ਪੁਲਿਸ ਕਪਤਾਨ ਸਬ-ਡਿਵੀਜ਼ਨ ਨਕੋਦਰ, ਸ੍ਰੀ ਸੁਖਪਾਲ ਸਿੰਘ ਨੇ ਦੱਸਿਆ ਕਿ ਮਿਤੀ 20-10-2025 ਨੂੰ ਥਾਣਾ ਸਦਰ ਨਕੋਦਰ ਦੇ ਅਧੀਨ ਆਉਂਦੇ ਖੇਤਰ ਵਿੱਚ ਇੱਕ ਨਾ-ਮਾਲੂਮ ਵਿਅਕਤੀ ਵੱਲੋਂ ਇੱਕ ਨਾਗਰਿਕ ਪਾਸੋਂ 1 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਪੈਸੇ ਨਾ ਦੇਣ ਦੀ ਸੂਰਤ ਵਿੱਚ ਪੀੜਤ ਅਤੇ ਉਸ ਦੇ ਪਰਿਵਾਰ ਨੂੰ ਗੋਲੀਆਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਸਨ। ਇਸ ਘਟਨਾ ਦੇ ਅਧਾਰ ‘ਤੇ, ਨਾ-ਮਾਲੂਮ ਵਿਅਕਤੀ ਖ਼ਿਲਾਫ਼ ਮੁਕੱਦਮਾ ਨੰਬਰ 179 ਮਿਤੀ 20/10/2025 ਅ/ਧ 308(5), 351(3) BNS (386, 506 IPC) ਤਹਿਤ ਥਾਣਾ ਸਦਰ ਨਕੋਦਰ ਵਿੱਚ ਦਰਜ ਕੀਤਾ ਗਿਆ ਸੀ।
ਗ੍ਰਿਫ਼ਤਾਰੀ ਅਤੇ ਅਗਲੀ ਕਾਰਵਾਈ
ਸ੍ਰੀ ਸੁਖਪਾਲ ਸਿੰਘ ਦੀ ਅਗਵਾਈ ਹੇਠ ਥਾਣਾ ਸਦਰ ਨਕੋਦਰ ਦੇ ਮੁੱਖ ਅਫ਼ਸਰ ਦਿਲਬਾਗ ਸਿੰਘ ਅਤੇ ਏ.ਐੱਸ.ਆਈ. ਜਗਤਾਰ ਸਿੰਘ ਦੀ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਇਸ ਟੀਮ ਨੇ ਤਕਨੀਕੀ ਤਰੀਕਿਆਂ ਨਾਲ ਜਾਂਚ ਕਰਦਿਆਂ, ਮੁਕੱਦਮੇ ਨੂੰ ਟਰੇਸ ਕੀਤਾ ਅਤੇ ਦੋਸ਼ੀ ਸੁਖਦੀਪ ਸਿੰਘ ਉਰਫ ਸੁੱਖ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਭੰਡਾਲ ਦੋਨਾ, ਥਾਣਾ ਸਦਰ ਕਪੂਰਥਲਾ ਨੂੰ ਮਿਤੀ 26/10/2025 ਨੂੰ ਗ੍ਰਿਫ਼ਤਾਰ ਕਰ ਲਿਆ।
ਡੀ.ਐੱਸ.ਪੀ. ਨੇ ਦੱਸਿਆ ਕਿ ਇਸ ਮਾਮਲੇ ਦਾ ਦੂਸਰਾ ਸਾਥੀ ਮਨਵੀਰ ਸਿੰਘ ਪੱਡਾ ਪੁੱਤਰ ਕਰਮਜੀਤ ਸਿੰਘ ਵਾਸੀ ਭਿਖਾਰੀਵਾਲ, ਬਟਾਲਾ (ਗੁਰਦਾਸਪੁਰ) ਇਸ ਸਮੇਂ ਵਿਦੇਸ਼ ਕੈਨੇਡਾ ਵਿੱਚ ਰਹਿ ਰਿਹਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਸੁਖਦੀਪ ਸਿੰਘ ਉਰਫ ਸੁੱਖ ਨੂੰ ਰਿਮਾਂਡ ‘ਤੇ ਲੈ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਪੁਲਿਸ ਇਸ ਗਿਰੋਹ ਦੇ ਹੋਰ ਮੈਂਬਰਾਂ ਅਤੇ ਉਨ੍ਹਾਂ ਦੇ ਕਾਰਜ ਕਰਨ ਦੇ ਢੰਗ ਬਾਰੇ ਜਾਣਕਾਰੀ ਜੁਟਾ ਰਹੀ ਹੈ।

