ਤਰਨ ਤਾਰਨ: ਆਮ ਆਦਮੀ ਪਾਰਟੀ (ਆਪ) ਜਿਲ੍ਹਾ ਜਲੰਧਰ ਦਿਹਾਤੀ ਦੇ ਸਕੱਤਰ ਮਦਨ ਸਿੰਘ ਨੇ ਤਰਨ ਤਾਰਨ ਜ਼ਿਮਨੀ ਚੋਣ ਵਿੱਚ ਪਾਰਟੀ ਦੀ ਭਾਰੀ ਬਹੁਮਤ ਨਾਲ ਜਿੱਤ ਦਾ ਦਾਅਵਾ ਕੀਤਾ ਹੈ। ਅੱਜ ਤਰਨ ਤਾਰਨ ਦੇ ਪਿੰਡ ਭੋਜੀਆਂ ਵਿਖੇ ਡੋਰ-ਟੂ-ਡੋਰ ਕੈਂਪੇਨ ਦੌਰਾਨ ਪਿੰਡ ਵਾਸੀਆਂ ਨਾਲ ਗੱਲਬਾਤ ਕਰਦਿਆਂ ਮਦਨ ਸਿੰਘ ਨੇ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਪਾਰਟੀ ਦੇ ਉਮੀਦਵਾਰ ਨੂੰ ਸ਼ਾਨੋ-ਸ਼ੌਕਤ ਨਾਲ ਵੱਡੀ ਜਿੱਤ ਪ੍ਰਾਪਤ ਹੋਵੇਗੀ।
ਮਦਨ ਸਿੰਘ ਨੇ ਜ਼ੋਰ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਅਤੇ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੇ ਲੋਕਾਂ ਦਾ ਭਰੋਸਾ ਜਿੱਤ ਲਿਆ ਹੈ। ਉਨ੍ਹਾਂ ਨੇ ਹਲਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਜ਼ਿਮਨੀ ਚੋਣ ਵਿੱਚ ਵੱਧ ਚੜ੍ਹ ਕੇ ਭਾਗ ਲੈਣ। ਉਨ੍ਹਾਂ ਕਿਹਾ ਕਿ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਕੇ ਉਹ ਪੰਜਾਬ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਣ।
‘ਆਪ’ ਸਕੱਤਰ ਨੇ ਅੱਗੇ ਕਿਹਾ ਕਿ ਲੋਕਾਂ ਵੱਲੋਂ ਮਿਲ ਰਹੇ ਭਰਵੇਂ ਹੁੰਗਾਰੇ ਅਤੇ ਭਰੋਸੇ ਨੇ ਆਮ ਆਦਮੀ ਪਾਰਟੀ ਦਾ ਵਿਸ਼ਵਾਸ ਹੋਰ ਵਧਾ ਦਿੱਤਾ ਹੈ। ਉਨ੍ਹਾਂ ਪ੍ਰਣ ਕੀਤਾ ਕਿ ਇਸ ਜ਼ਿਮਨੀ ਚੋਣ ਨੂੰ ਜਿੱਤ ਕੇ ਇਸ ਹਲਕੇ ਨੂੰ ਵਿਕਾਸ ਦੀਆਂ ਹੋਰ ਨਵੀਆਂ ਉਚਾਈਆਂ ‘ਤੇ ਲਿਜਾਇਆ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਚੋਣ ਮੁਹਿੰਮ ਵਿੱਚ ਪਾਰਟੀ ਕਾਰਜਕਰਤਾਵਾਂ ਅਤੇ ਸਥਾਨਕ ਵਾਸੀਆਂ ਨੇ ਬੜੀ ਸਰਗਰਮੀ ਨਾਲ ਹਿੱਸਾ ਲਿਆ, ਜੋ ਪਾਰਟੀ ਪ੍ਰਤੀ ਲੋਕਾਂ ਦੇ ਉਤਸ਼ਾਹ ਨੂੰ ਦਰਸਾਉਂਦਾ ਹੈ।
ਮਦਨ ਸਿੰਘ ਦਾ ਇਹ ਬਿਆਨ ਜ਼ਿਮਨੀ ਚੋਣ ਤੋਂ ਪਹਿਲਾਂ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਜੋਸ਼ ਭਰਨ ਦਾ ਕੰਮ ਕਰੇਗਾ। ਆਮ ਆਦਮੀ ਪਾਰਟੀ ਇਸ ਚੋਣ ਨੂੰ ਪੰਜਾਬ ਵਿੱਚ ਆਪਣੀ ਸਥਿਤੀ ਹੋਰ ਮਜ਼ਬੂਤ ਕਰਨ ਦੇ ਮੌਕੇ ਵਜੋਂ ਦੇਖ ਰਹੀ ਹੈ।

