ਨਕੋਦਰ: ਸੋਸ਼ਲ ਮੀਡੀਆ ‘ਤੇ ਇੱਕ ਵਾਰ ਫੇਰ ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਦੀ ਇੱਕ ਪੁਰਾਣੀ ਇੰਟਰਵਿਊ ਦੀ ਵੀਡਿਓ ਕਲਿੱਪ ਵਾਈਰਲ ਹੋ ਰਹੀ ਹੈ, ਜਿਸ ਨੇ ਰਾਜਸੀ ਅਤੇ ਸਮਾਜਿਕ ਹਲਕਿਆਂ ਵਿੱਚ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਸ ਵੀਡੀਓ ਕਲਿੱਪ ਵਿੱਚ ਗੁਰਜੀਤ ਸਿੰਘ ਔਜਲਾ ਵੱਲੋਂ ਇਹ ਆਖਿਆ ਗਿਆ ਸੀ ਕਿ ਚੋਰੀਆਂ ਗਰੀਬ ਲੋਕ ਅਤੇ ਐੱਸ.ਸੀ. ਸਮਾਜ ਦੇ ਲੋਕ ਹੀ ਕਰਦੇ ਨੇ। ਇਸ ਬਿਆਨ ਦੇ ਦੁਬਾਰਾ ਸਾਹਮਣੇ ਆਉਣ ਤੋਂ ਬਾਅਦ ਭਾਜਪਾ ਐੱਸ ਸੀ ਮੋਰਚਾ ਪੰਜਾਬ ਕੈਸ਼ੀਅਰ ਅਤੇਭਾਰਤੀਯ ਐੱਸ ਸੀ ਬੀਸੀ ਜਨਰਲ ਸੈੱਲ ਪੰਜਾਬ ਚੇਅਰਮੈਨ ਦਵਿੰਦਰ ਕਲੇਰ ਨੇ ਆਪਣੀ ਸਖ਼ਤ ਪ੍ਰਤੀਕ੍ਰਿਆਂ ਦਿੱਤੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਜ਼ੋਰਦਾਰ ਅਪੀਲ ਕੀਤੀ ਹੈ ਕਿ ਔਜਲਾ ਦਾ ਇਹ ਬਿਆਨ ਪੰਜਾਬ ਵਿੱਚ ਨਫ਼ਰਤ ਫੈਲਾਉਣ ਵਾਲਾ ਹੈ ਅਤੇ ਸਮਾਜਿਕ ਸਾਂਝ ਨੂੰ ਠੇਸ ਪਹੁੰਚਾਉਣ ਵਾਲਾ ਹੈ।
ਥਾਣਿਆਂ ਦੀਆਂ ਰਿਪੋਰਟਾਂ ਅਤੇ ਸਰਕਾਰੀ ਜਵਾਬਦੇਹੀ ਦੀ ਮੰਗ
ਚੇਅਰਮੈਨ ਦਵਿੰਦਰ ਕਲੇਰ ਨੇ ਇਸ ਬਿਆਨ ਦੀ ਅਤੇ ਗੁਰਜੀਤ ਸਿੰਘ ਔਜਲਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸਵਾਲ ਉਠਾਇਆ ਕਿ ਆਖਰ ਔਜਲਾ ਨੇ ਕਿਉਂ ਇਕੱਲੇ ਐੱਸ.ਸੀ. ਦੇ ਬੱਚਿਆਂ ਨੂੰ ਹੀ ਚੋਰੀਆਂ ਕਰਨ ਵਾਲੇ ਦੱਸਿਆ ਹੈ। ਕਲੇਰ ਨੇ ਆਖਿਆ ਕਿ ਹੁਣ ਅਜਿਹੇ ਹਾਲਾਤ ਬਣ ਗਏ ਹਨ ਕਿ ਪੰਜਾਬ ਦੇ ਹਰ ਥਾਣੇ ਵਿੱਚੋਂ ਰਿਪੋਰਟ ਲੈਣ ਦੀ ਲੋੜ ਪੈ ਗਈ ਹੈ ਤਾਂ ਜੋ ਇਹ ਪਤਾ ਲੱਗ ਸਕੇ ਕਿ ਕੀ ਵਾਕਿਆ ਹੀ ਸਾਰੀਆਂ ਚੋਰੀਆਂ ਸਿਰਫ਼ ਐੱਸ.ਸੀ. ਸਮਾਜ ਦੇ ਲੋਕ ਹੀ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਜਵਾਬ ਤਾਂ ਪ੍ਰਸ਼ਾਸਨ ਜਾਂ ਸਰਕਾਰ ਹੀ ਦੇ ਸਕਦੀ ਹੈ, ਪਰ ਅਜਿਹੀ ਬਿਆਨਬਾਜ਼ੀ ਸਮਾਜ ਨੂੰ ਵੰਡਣ ਦੀ ਕੋਸ਼ਿਸ਼ ਹੈ।
ਵੱਡੇ ਘਰਾਂ ਦੇ ਬੱਚੇ ਅਤੇ ਸਮਾਜਿਕ ਹਕੀਕਤ ਦਾ ਕੌੜਾ ਸੱਚ
ਔਜਲਾ ਦਾ ਵਹਿਮ-ਭਰਮ ਦੂਰ ਕਰਦਿਆਂ ਚੇਅਰਮੈਨ ਕਲੇਰ ਨੇ ਸਮਾਜਿਕ ਹਕੀਕਤ ਸਾਹਮਣੇ ਲਿਆਂਦੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਵੱਡੇ-ਵੱਡੇ ਘਰਾਂ ਦੇ ਅਤੇ ਹੋਰ ਵੀ ਸਮਾਜ ਦੇ ਬੱਚਿਆਂ ਵੱਲੋਂ ਘਰੋਂ ਚੋਰੀਆਂ ਕਰਨ ਦੀਆਂ ਰਿਪੋਰਟਾਂ ਲਗਾਤਾਰ ਆ ਰਹੀਆਂ ਹਨ। ਹਾਲਾਤ ਇਹ ਬਣੇ ਹੋਏ ਹਨ ਕਿ ਕਈ ਪਰਿਵਾਰ ਕਹਿੰਦੇ ਹਨ ਕਿ ਉਨ੍ਹਾਂ ਦਾ ਮੁੰਡਾ ਘਰ ਪਏ ਬਿਸਕੁਟ ਦੇ ਪੈਕਟ ਵੀ ਬਾਹਰ ਵੇਚ ਆਉਂਦਾ ਹੈ। ਕਲੇਰ ਨੇ ਔਜਲਾ ਨੂੰ ਚੁਣੌਤੀ ਦਿੱਤੀ ਕਿ ਉਹ ਨਸ਼ਿਆਂ ਦੀਆਂ ਰਿਪੋਰਟਾਂ ਕੱਢ ਕੇ ਦੇਖ ਲੈਣ ਕਿ ਕਿੰਨਾ ਦੇ ਬੱਚੇ ਵੱਧ ਨਸ਼ਾ ਖਾਂਦੇ ਹਨ ਅਤੇ ਕਿੰਨਾ ਦੇ ਵੇਚਦੇ ਹਨ।
ਦਰਬਾਰ ਸਾਹਿਬ ਦੀ ਵੀਡੀਓ ਅਤੇ ਅਦਾਲਤੀ ਕੇਸਾਂ ਦੀ ਚੁਣੌਤੀ
ਕਲੇਰ ਨੇ ਔਜਲਾ ਦੇ ਸਰਦਾਰ ਹੋਣ ‘ਤੇ ਸਵਾਲ ਚੁੱਕਦਿਆਂ ਆਖਿਆ ਕਿ ਤੁਸੀਂ ਸਰਦਾਰ ਹੋ, ਬੋਲਣ ਲੱਗੇ ਬਹੁਤ ਸੋਚਿਆ ਕਰੋ। ਉਨ੍ਹਾਂ ਦੋ ਦਿਨ ਪਹਿਲਾਂ ਵਾਲੀ ਦਰਬਾਰ ਸਾਹਿਬ ਦੀ ਇੱਕ ਵੀਡੀਓ ਦਾ ਹਵਾਲਾ ਦਿੰਦਿਆਂ ਪੁੱਛਿਆ ਕਿ ਉੱਥੇ ਕੌਣ ਨਸ਼ਾ ਕਰਕੇ ਪਿਆ ਸੀ ਅਤੇ ਕੀ ਉਹ ਨਸ਼ਾ ਕੰਮ ਕਰਕੇ ਖਰੀਦਦਾ ਸੀ? ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ੇ ਦੇ ਕਾਰਨ ਬਹੁਤ ਸਾਰੇ ਕੇਸ ਹਨ, ਜਿਸ ਕਰਕੇ ਬੱਚਾ ਚੋਰੀ ਕਰਦਾ ਹੈ ਅਤੇ ਉਸ ਦਾ ਘਰ ਖ਼ਰਾਬ ਹੋਇਆ ਹੈ। ਕਲੇਰ ਨੇ ਔਜਲਾ ਨੂੰ ਹਰ ਕੋਰਟ ਵਿੱਚ ਜਾ ਕੇ ਇਹ ਦੇਖਣ ਲਈ ਆਖਿਆ ਕਿ ਉੱਥੇ ਕਿਸ-ਕਿਸ ਸਮਾਜ ਦੇ ਕਿੰਨੇ ਚੋਰ ਹਨ, ਫਿਰ ਤੁਸੀਂ ਇਕੱਲੇ ਐੱਸ.ਸੀ. ਸਮਾਜ ਦੇ ਬੱਚਿਆਂ ਨੂੰ ਹੀ ਕਿਉਂ ਟਾਰਗੇਟ ਕੀਤਾ।
ਸੰਪਾਦਕੀ ਟਿੱਪਣੀ: ਕਾਂਗਰਸੀ ਆਗੂ ਗੁਰਜੀਤ ਸਿੰਘ ਔਜਲਾ ਦੀ ਵਾਇਰਲ ਵੀਡੀਓ ‘ਤੇ ਚੇਅਰਮੈਨ ਦਵਿੰਦਰ ਕਲੇਰ ਵੱਲੋਂ ਜਤਾਇਆ ਗਿਆ ਇਤਰਾਜ਼ ਸਮਾਜਿਕ ਨਿਆਂ ਅਤੇ ਬਰਾਬਰੀ ਦੇ ਸਿਧਾਂਤਾਂ ਦੇ ਪੱਖ ਤੋਂ ਬਹੁਤ ਅਹਿਮ ਹੈ। ਚੋਰੀ ਜਾਂ ਨਸ਼ੇਖੋਰੀ ਵਰਗੀਆਂ ਅਲਾਮਤਾਂ ਕਿਸੇ ਖਾਸ ਜਾਤ, ਧਰਮ ਜਾਂ ਸਮਾਜ ਦੀਆਂ ਮੁਥਾਜ ਨਹੀਂ ਹੁੰਦੀਆਂ, ਬਲਕਿ ਇਹ ਇੱਕ ਗੰਭੀਰ ਸਮਾਜਿਕ ਸੰਕਟ ਹਨ ਜੋ ਹਰ ਵਰਗ ਦੇ ਪਰਿਵਾਰਾਂ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਕਿਸੇ ਜ਼ਿੰਮੇਵਾਰ ਸਿਆਸੀ ਆਗੂ ਵੱਲੋਂ ਇੱਕ ਖਾਸ ਸਮਾਜ ਜਾਂ ਗਰੀਬ ਵਰਗ ਨੂੰ ਅਪਰਾਧ ਨਾਲ ਜੋੜਨਾ ਨਿੰਦਣਯੋਗ ਹੈ ਅਤੇ ਇਹ ਸਮਾਜ ਵਿੱਚ ਆਪਸੀ ਨਫ਼ਰਤ ਪੈਦਾ ਕਰ ਸਕਦਾ ਹੈ। ਪ੍ਰਸ਼ਾਸਨ ਅਤੇ ਸਰਕਾਰ ਨੂੰ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਵਿੱਚ ਸਖ਼ਤ ਰੁਖ਼ ਅਖਤਿਆਰ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵੀ ਆਗੂ ਆਪਣੇ ਬਿਆਨਾਂ ਨਾਲ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਨਾ ਪਹੁੰਚਾ ਸਕੇ।
