ਫਰੀਦਕੋਟ: ਦੇਸ਼ ਅੰਦਰ ਹਰ ਸਾਲ ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ਸਮੇਤ ਮੈਡੀਕਲ ਲਾਇਨ ਨਾਲ ਸੰਬੰਧਤ ਅਤੇ ਹੋਰ ਕੋਰਸਾਂ ਲਈ ਐਂਟਰੈਂਸ ਟੈਸਟ ਅਤੇ ਵੱਖ-ਵੱਖ ਨਿਯੁਕਤੀਆਂ ਲਈ ਟੈਸਟ ਆਰਗੇਨਾਇਜ ਕੀਤੇ ਜਾਂਦੇ ਹਨ। ਪਰੰਤੂ ਦੁੱਖ ਦੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਨ੍ਹਾਂ ਪ੍ਰੀਖਿਆਵਾਂ ਵਿੱਚ ਬਦ ਇੰਤਜ਼ਾਮੀ ਅਤੇ ਲਾਪ੍ਰਵਾਹੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜੇ ਪਿਛਲੇ ਦਿਨੀਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਵੱਲੋਂ ਫਾਰਮੇਸੀ ਅਫਸਰਾਂ ਦੀਆਂ ਆਸਾਮੀਆਂ ਲਈ ਭਰਤੀ ਟੈਸਟ ਆਯੋਜਿਤ ਕਰਵਾਇਆ ਗਿਆ ਸੀ, ਜਿਸ ਵਿੱਚ ਵਧੀਆ ਅੰਕ ਪ੍ਰਾਪਤ ਕਰਕੇ ਮੈਰਿਟ ਵਿੱਚ ਸਥਾਨ ਪ੍ਰਾਪਤ ਕਰਨ ਲਈ ਉਮੀਦਵਾਰਾਂ ਨੇ ਆਪਣੇ ਉਜਲੇ ਭਵਿੱਖ ਦੇ ਸੁਪਨੇ ਸਜਾਏ ਹੋਏ ਸਨ।
ਹਾਈਟੈਕ ਨਕਲ ਗੈਂਗ ਵੱਲੋਂ ਭਵਿੱਖ ਨਾਲ ਖਿਲਵਾੜ
ਭਾਵੇਂ ਯੂਨੀਵਰਸਿਟੀ ਵੱਲੋਂ ਇਸ ਪ੍ਰੀਖਿਆ ਲਈ ਢੁਕਵੇਂ ਅਤੇ ਨਕਲ ਰਹਿਤ ਪ੍ਰਬੰਧ ਕੀਤੇ ਗਏ ਸਨ, ਪਰੰਤੂ ਉਮੀਦਵਾਰਾਂ ਦੇ ਭਵਿੱਖ ਨੂੰ ਧੁੰਦਲਾ ਕਰਦੇ ਹੋਏ ਪ੍ਰੀਖਿਆ ਦੌਰਾਨ ਨਕਲ ਗੈਂਗ ਵੱਲੋਂ ਡੀਵਾਇਸ ਸਿਸਟਮ ਨਾਲ ਨਕਲ ਦੇ ਕਈ ਮਾਮਲੇ ਸਾਹਮਣੇ ਆਏ ਹਨ। ਇਸ ਨਕਲ ਕਾਂਡ ਨਾਲ ਉਮੀਦਵਾਰਾਂ ਦਾ ਭਵਿੱਖ ਧੁੰਦਲਾ ਹੋ ਗਿਆ ਹੈ, ਜਿਸ ਕਾਰਨ ਸਮੁੱਚੇ ਇਲਾਕੇ, ਉਮੀਦਵਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਭਾਰੀ ਰੋਸ ਅਤੇ ਗੁੱਸਾ ਪਾਇਆ ਜਾ ਰਿਹਾ ਹੈ।
ਲਾਰਡ ਬੁੱਧਾ ਟਰੱਸਟ ਵੱਲੋਂ ਘਟਨਾ ਦੀ ਤਿੱਖੀ ਨਿਖੇਧੀ
ਇਸੇ ਤਰ੍ਹਾਂ ਪ੍ਰਮੁੱਖ ਗੈਰ ਸਰਕਾਰੀ ਅਤੇ ਗੈਰ ਰਾਜਨੀਤਕ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੀ ਜ਼ਿਲ੍ਹਾ ਇਕਾਈ ਵੱਲੋਂ ਵੀ ਇਸ ਨਕਲ ਕਾਂਡ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ ਹੈ। ਟਰੱਸਟ ਸੰਸਥਾਪਕ ਅਤੇ ਆਲ ਇੰਡੀਆ ਐਸ.ਸੀ./ਬੀ.ਸੀ./ ਐਸ.ਟੀ. ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਸਮੇਤ ਚੀਫ਼ ਪੈਟਰਨ ਹੀਰਾਵਤੀ, ਚੇਅਰਮੈਨ ਡਾ. ਹਰਪਾਲ ਸਿੰਘ, ਜਿਲ੍ਹਾ ਪ੍ਰਧਾਨ ਡੀ.ਪੀ.ਐੱਸ. ਭੋਲਾ, ਸੀਨੀਅਰ ਮੀਤ ਪ੍ਰਧਾਨ ਇੰਸ. ਰਮੇਸ਼ ਕੁਮਾਰ ਬਾਰੋਲੀਆ, ਜਨਰਲ ਸਕੱਤਰ ਪ੍ਰੋ. ਮਲਕੀਤ ਸਿੰਘ ਮੰਮਨ, ਪ੍ਰੈਸ ਸਕੱਤਰ ਸ਼ਿਵ ਨਾਥ ਦਰਦੀ, ਸ੍ਰੀ ਕ੍ਰਿਸ਼ਨ ਆਰ.ਏ., ਨਿਰਮਲ ਸਿੰਘ ਸੰਧੂ, ਗੋਬਿੰਦ ਕੁਮਾਰ ਅਤੇ ਐਡਵੋਕੇਟ ਪ੍ਰਦੀਪ ਸਿੰਘ ਅਟਵਾਲ ਸਮੇਤ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਇਸ ਨਕਲ ਕਾਂਡ ਨੂੰ ਬੇਹੱਦ ਸ਼ਰਮਨਾਕ ਘਟਨਾ ਕਰਾਰ ਦਿੱਤਾ ਹੈ।
ਸਖ਼ਤ ਕਾਰਵਾਈ ਅਤੇ ਭਵਿੱਖ ‘ਚ ਪੁਖ਼ਤਾ ਪ੍ਰਬੰਧਾਂ ਦੀ ਮੰਗ
ਉਕਤ ਆਗੂਆਂ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀਂ ਕਿਹਾ ਹੈ ਕਿ ਇਸ ਘਟਨਾ ਨਾਲ ਉਮੀਦਵਾਰਾਂ ਦਾ ਭਵਿੱਖ ਧੁੰਦਲਾ ਹੋ ਗਿਆ ਹੈ। ਉਨ੍ਹਾਂ ਨੇ ਇਸ ਨਕਲ ਕਾਂਡ ਦੀ ਗਹਿਰਾਈ ਨਾਲ ਜਾਂਚ ਕਰਕੇ ਇਸ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਇਸੇ ਤਰ੍ਹਾਂ ਇੱਕ ਵੱਖਰੇ ਪ੍ਰੈਸ ਬਿਆਨ ਰਾਹੀਂ ਉੱਘੇ ਸਿੱਖਿਆ ਸ਼ਾਸਤਰੀ, ਚਿੰਤਕ ਅਤੇ ਸੇਵਾ ਮੁਕਤ ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ ਨੇ ਵੀ ਨਕਲ ਕਾਂਡ ਦੇ ਜਿੰਮੇਵਾਰ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ ਅਤੇ ਭਵਿੱਖ ਵਿੱਚ ਅਜਿਹੇ ਕਾਂਡ ਨਾ ਵਾਪਰਨ ਨੂੰ ਯਕੀਨੀ ਬਣਾਉਣ ਲਈ ਆਖਿਆ ਹੈ।
ਸੰਪਾਦਕੀ ਟਿੱਪਣੀ: ਪ੍ਰਤੀਯੋਗੀ ਪ੍ਰੀਖਿਆਵਾਂ ਵਿੱਚ ਬਦਇੰਤਜ਼ਾਮੀ ਅਤੇ ਹਾਈਟੈਕ ਨਕਲ ਗੈਂਗਾਂ ਦੀ ਘੁਸਪੈਠ ਬੇਹੱਦ ਚਿੰਤਾਜਨਕ ਵਿਸ਼ਾ ਹੈ, ਜੋ ਸਾਲਾਂ ਤੋਂ ਦਿਨ-ਰਾਤ ਮਿਹਨਤ ਕਰਨ ਵਾਲੇ ਹੋਣਹਾਰ ਉਮੀਦਵਾਰਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੰਦੀ ਹੈ। ਬਾਬਾ ਫਰੀਦ ਯੂਨੀਵਰਸਿਟੀ ਦੇ ਫਾਰਮੇਸੀ ਅਫ਼ਸਰਾਂ ਦੀ ਭਰਤੀ ਪ੍ਰੀਖਿਆ ਦੌਰਾਨ ਡੀਵਾਇਸ ਸਿਸਟਮ ਨਾਲ ਹੋਈ ਨਕਲ ਨੇ ਨਾ ਸਿਰਫ਼ ਪ੍ਰੀਖਿਆ ਪ੍ਰਣਾਲੀ ਦੀ ਪਾਰਦਰਸ਼ਤਾ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ, ਸਗੋਂ ਪ੍ਰਸ਼ਾਸਨਿਕ ਚੌਕਸੀ ਦੇ ਦਾਅਵਿਆਂ ਦੀ ਵੀ ਪੋਲ ਖੋਲ੍ਹ ਦਿੱਤੀ ਹੈ। ਐੱਲ.ਬੀ.ਸੀ.ਟੀ. ਟਰੱਸਟ ਅਤੇ ਚਿੰਤਕਾਂ ਵੱਲੋਂ ਚੁੱਕੀ ਗਈ ਮੰਗ ਬਿਲਕੁਲ ਜਾਇਜ਼ ਹੈ; ਸਰਕਾਰ ਅਤੇ ਸਬੰਧਤ ਅਦਾਰਿਆਂ ਨੂੰ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਮਿਸਾਲੀ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿੱਚ ਕਿਸੇ ਵੀ ਉਮੀਦਵਾਰ ਦੇ ਉੱਜਵਲ ਭਵਿੱਖ ਨਾਲ ਖਿਲਵਾੜ ਨਾ ਹੋ ਸਕੇ।
