ਜਲੰਧਰ: ਜਲੰਧਰ ਤਹਿਸੀਲ ਕੰਪਲੈਕਸ ਇੱਕ ਵਾਰ ਫਿਰ ਆਪਣੇ ਪ੍ਰਬੰਧਾਂ ਨੂੰ ਲੈ ਕੇ ਸਵਾਲਾਂ ਦੇ ਘੇਰੇ ‘ਚ ਆ ਗਿਆ ਹੈ। ਤਹਿਸੀਲ ਦੇ ਗੇਟ ਨੰਬਰ-2 ਦੇ ਕੈਂਚੀ ਵਾਲੇ ਗੇਟ ਨੇੜੇ ਦਿਨ ਦੇ ਸਮੇਂ ਕਥਿਤ ਤੌਰ ‘ਤੇ ਤਾਸ਼ ਦੀ ਖੇਡ ਦੇ ਨਾਲ ਮਹਿਫ਼ਲ ਸਜਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਗੇਟ ਦੇ ਨੇੜੇ ਕੁਝ ਲੋਕਾਂ ਦਾ ਟੌਲਾ ਬੈਠਾ ਰਹਿੰਦਾ ਹੈ ਤੇ ਉੱਥੇ ਤਾਸ਼ ਖੇਡਣ ਦਾ ਸਿਲਸਿਲਾ ਚੱਲਦਾ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜਿਸ ਤਹਿਸੀਲ ਕੰਪਲੈਕਸ ‘ਚ ਰੋਜ਼ਾਨਾ ਸੈਂਕੜੇ ਲੋਕ ਆਪਣੇ ਜ਼ਰੂਰੀ ਸਰਕਾਰੀ ਕੰਮਾਂ ਲਈ ਪਹੁੰਚਦੇ ਹਨ, ਉੱਥੇ ਗੇਟ ਦੇ ਬਿਲਕੁਲ ਨੇੜੇ ਅਜਿਹੀ ਗਤੀਵਿਧੀ ਕਥਿਤ ਤੌਰ ‘ਤੇ ਕਿਵੇਂ ਚੱਲ ਰਹੀ ਹੈ। ਲੋਕ ਰਜਿਸਟਰੀਆਂ, ਇੰਤਕਾਲ, ਜ਼ਮੀਨ-ਜਾਇਦਾਦ ਤੇ ਹੋਰ ਸਰਕਾਰੀ ਕੰਮਾਂ ਲਈ ਦਫ਼ਤਰਾਂ ਦੇ ਚੱਕਰ ਲਗਾਉਂਦੇ ਹਨ, ਜਿਸ ਕਾਰਨ ਉਨ੍ਹਾਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।
ਸੁਰੱਖਿਆ ਵਿਵਸਥਾ ‘ਤੇ ਉੱਠਦੇ ਤਲਖ਼ ਸਵਾਲ
ਇਸ ਮਾਮਲੇ ਨੇ ਤਹਿਸੀਲ ਕੰਪਲੈਕਸ ਦੀ ਨਿਗਰਾਨੀ ਤੇ ਪ੍ਰਬੰਧਕੀ ਵਿਵਸਥਾ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਜੇ ਗੇਟ ਨੰਬਰ 2 ਵਰਗੀ ਲੋਕਾਂ ਦੀ ਲਗਾਤਾਰ ਆਵਾਜਾਈ ਵਾਲੀ ਥਾਂ ‘ਤੇ ਦਿਨ ਦਿਹਾੜੇ ਇਹ ਸਭ ਕੁਝ ਹੋ ਰਿਹਾ ਹੈ ਤਾਂ ਕੀ ਸਬੰਧਤ ਅਧਿਕਾਰੀਆਂ ਤੇ ਸੁਰੱਖਿਆ ਕਰਮਚਾਰੀਆਂ ਨੂੰ ਇਸ ਦੀ ਜਾਣਕਾਰੀ ਨਹੀਂ ਜਾਂ ਫਿਰ ਜਾਣਕਾਰੀ ਹੋਣ ਦੇ ਬਾਵਜੂਦ ਵੀ ਇਸ ਪਾਸੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਲੋਕਾਂ ਅਨੁਸਾਰ ਤਹਿਸੀਲ ਕੰਪਲੈਕਸ ਸਰਕਾਰੀ ਕੰਮਕਾਜ ਦੀ ਥਾਂ ਹੈ ਨਾ ਕਿ ਤਾਸ਼ ਦੀ ਮਹਿਫ਼ਲ ਲਗਾਉਣ ਵਾਲੀ ਕੋਈ ਪਾਰਕ ਹੈ। ਅਜਿਹੇ ‘ਚ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਮਾਮਲੇ ਦੀ ਜਾਂਚ ਕਰਕੇ ਇਹ ਸਪੱਸ਼ਟ ਕਰੇ ਕਿ ਗੇਟ ਨੰਬਰ 2 ਕੋਲ ਕਿਹੜੇ ਲੋਕ ਬੈਠਦੇ ਹਨ, ਉੱਥੇ ਕੀ ਗਤੀਵਿਧੀ ਚੱਲ ਰਹੀ ਹੈ ਤੇ ਜੇਕਰ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ ਤਾਂ ਇਸ ਨੂੰ ਰੋਕਣ ਲਈ ਕੀ ਕਾਰਵਾਈ ਕੀਤੀ ਗਈ ਹੈ।
ਪ੍ਰਸ਼ਾਸਨਿਕ ਸਖ਼ਤੀ ਅਤੇ ਜਾਂਚ ਦਾ ਭਰੋਸਾ
ਹੁਣ ਦੇਖਣਾ ਇਹ ਹੋਵੇਗਾ ਕਿ ਤਹਿਸੀਲ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਾ ਹੈ ਜਾਂ ਫਿਰ ਸਰਕਾਰੀ ਕੰਪਲੈਕਸ ‘ਚ ਚੱਲ ਰਹੀ ਕਥਿਤ ਤਾਸ਼ ਦੀ ਮਹਿਫ਼ਲ ਇਸੇ ਤਰ੍ਹਾਂ ਜਾਰੀ ਰਹਿੰਦੀ ਹੈ। ਦੂਜੇ ਪਾਸੇ ਜ਼ਿਲ੍ਹਾ ਨਾਜਰ ਰਾਕੇਸ਼ ਕੁਮਾਰ ਨੇ ਸਖ਼ਤ ਰੁਖ਼ ਅਪਣਾਉਂਦਿਆਂ ਕਿਹਾ ਕਿ ਜੇਕਰ ਅਜਿਹੀ ਕੋਈ ਗਤੀਵਿਧੀ ਸਾਹਮਣੇ ਆਉਂਦੀ ਹੈ ਤਾਂ ਜਲਦ ਤੋਂ ਜਲਦ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ ਕਿਉਂਕਿ ਤਹਿਸੀਲ ‘ਚ ਲੋਕਾਂ ਦੇ ਆਉਣ-ਜਾਣ ਤੋਂ ਇਲਾਵਾ ਇੱਥੇ ਵੱਡੇ ਤੋਂ ਵੱਡਾ ਅਧਿਕਾਰੀ ਬੈਠਦਾ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਫਿਲਹਾਲ ਜਾਂਚ ਕੀਤੀ ਜਾਵੇਗੀ ਤੇ ਨਾਲ ਹੀ ਛਾਪੇਮਾਰੀ ਵੀ ਕੀਤੀ ਜਾਵੇਗੀ ਤਾਂ ਜੋ ਅਜਿਹੇ ਲੋਕਾਂ ਨੂੰ ਉੱਥੋਂ ਭਜਾਇਆ ਜਾ ਸਕੇ।
ਸੰਪਾਦਕੀ ਟਿੱਪਣੀ: ਜਲੰਧਰ ਤਹਿਸੀਲ ਕੰਪਲੈਕਸ ਦੇ ਮੁੱਖ ਗੇਟ ‘ਤੇ ਸ਼ਰੇਆਮ ਤਾਸ਼ ਦੀ ਮਹਿਫ਼ਲ ਸਜਣਾ ਨਾ ਕੇਵਲ ਸਰਕਾਰੀ ਅਦਾਰੇ ਦੇ ਵਕ਼ਾਰ ‘ਤੇ ਧੱਬਾ ਹੈ, ਸਗੋਂ ਇਹ ਪ੍ਰਸ਼ਾਸਨਿਕ ਨਿਗਰਾਨੀ ਦੀ ਖੁੱਲ੍ਹੀ ਨਾਕਾਮੀ ਨੂੰ ਵੀ ਦਰਸਾਉਂਦਾ ਹੈ। ਜਿੱਥੇ ਆਮ ਜਨਤਾ ਆਪਣੇ ਮਹੱਤਵਪੂਰਨ ਕੰਮਾਂ ਲਈ ਖੱਜਲ-ਖੁਆਰ ਹੁੰਦੀ ਹੈ, ਉੱਥੇ ਅਜਿਹੀਆਂ ਗਤੀਵਿਧੀਆਂ ਦਾ ਚੱਲਣਾ ਸੁਰੱਖਿਆ ਕਰਮਚਾਰੀਆਂ ਦੀ ਕਾਰਗੁਜ਼ਾਰੀ ‘ਤੇ ਗੰਭੀਰ ਸ਼ੰਕੇ ਪੈਦਾ ਕਰਦਾ ਹੈ। ਜ਼ਿਲ੍ਹਾ ਨਾਜਰ ਵੱਲੋਂ ਕਾਰਵਾਈ ਅਤੇ ਛਾਪੇਮਾਰੀ ਦੇ ਦਿੱਤੇ ਭਰੋਸੇ ਨੂੰ ਮਹਿਜ਼ ਕਾਗਜ਼ੀ ਨਾ ਰੱਖ ਕੇ ਤੁਰੰਤ ਅਮਲੀ ਰੂਪ ਦੇਣਾ ਚਾਹੀਦਾ ਹੈ, ਤਾਂ ਜੋ ਸਰਕਾਰੀ ਕੰਪਲੈਕਸਾਂ ਦੀ ਮਰਿਆਦਾ ਬਹਾਲ ਹੋ ਸਕੇ।
