ਜਲੰਧਰ: ਇਹ ਕਹਾਵਤ ਇਵੇਂ ਹੀ ਨਹੀਂ ਬਣੀ ਹੈ ਕਿ ਜਿਸ ਦੇ ਪੱਲੇ ਦਾਣੇ ਉਸ ਦੇ ਕਮਲੇ ਵੀ ਸਿਆਣੇ, ਅੱਜ ਜਿਸ ਦੇ ਪੱਲੇ ਚਾਰ ਪੈਸੇ ਹਨ ਤੇ ਉਹ ਕਿਸੇ ਤਰ੍ਹਾਂ ਦਾ ਕੋਈ ਨਿਯਮ ਨਹੀਂ ਮੰਨਦਾ। ਇਹੋ ਹਾਲ ਸ਼ਹਿਰ ‘ਚ ਦੁੱਧ ਦੀ ਸਪਲਾਈ ਦੇਣ ਵਾਲੀ ਇੱਕ ਪ੍ਰਮੁੱਖ ਕੰਪਨੀ ਦੀਆਂ ਗੱਡੀਆਂ ਚਲਾਉਣ ਵਾਲੇ ਡਰਾਈਵਰਾਂ ਦਾ ਵੀ ਹੈ, ਜੋ ਆਪਣੇ ਦੁਕਾਨਦਾਰ ਨੂੰ ਦੁੱਧ ਦੀ ਸਪਲਾਈ ਦੇਣ ਲਈ ਸਾਰੇ ਰਾਹਗੀਰਾਂ ਨੂੰ ਪਰੇਸ਼ਾਨ ਕਰਦੇ ਹੀ ਹਨ, ਸਾਰਾ ਰਸਤਾ ਰੋਕ ਕੇ ਟ੍ਰੈਫਿਕ ਵੀ ਜਾਮ ਕਰਦੇ ਹਨ।
ਸੈਂਟਰਲ ਟਾਊਨ ਤੋਂ ਮਖਦੂਮਪੁਰਾ ਤੱਕ ਇੱਕੋ ਨਜ਼ਾਰਾ
ਇਹ ਨਜ਼ਾਰਾ ਹਰ ਰੋਜ਼ ਸੈਂਟਰਲ ਟਾਊਨ ਤੇ ਮਾਡਲ ਹਾਊਸ ਦੇ ਗੁਰਦੁਆਰਾ ਸਾਹਿਬ ਦੇ ਨਾਲ ਲੱਗਦੀ ਸੜਕ ‘ਤੇ, ਮਖਦੂਮਪੁਰਾ ਅਤੇ ਹੋਰ ਥਾਵਾਂ ‘ਤੇ ਵੇਖਣ ਨੂੰ ਮਿਲਦਾ ਹੈ, ਜਿੱਥੇ ਰੋਜ਼ ਦੁੱਧ ਦੀ ਸਪਲਾਈ ਦੇਣ ਲਈ ਟਰੱਕ ਆਉਂਦਾ ਹੈ ਤੇ ਉਸ ਦੇ ਡਰਾਈਵਰ ਅਤੇ ਸਹਾਇਕ ਟਰੱਕ ਨੂੰ ਆਪਣੀ ਸਹੂਲਤ ਲਈ ਪੂਰੀ ਸੜਕ ਦਾ ਰਸਤਾ ਰੋਕ ਕੇ ਖੜ੍ਹਾ ਕਰਦੇ ਹਨ ਤੇ ਦੁੱਧ ਦੀ ਸਪਲਾਈ ਦਿੰਦੇ ਹਨ।
ਵਿਰੋਧ ਦਾ ਵੀ ਕੋਈ ਅਸਰ ਨਹੀਂ
ਟ੍ਰੈਫਿਕ ਜਾਮ ਹੋਣ ਕਰਕੇ ਕਈ ਵਾਰ ਰਾਹਗੀਰ ਇਸ ਗੱਲ ਦਾ ਵਿਰੋਧ ਵੀ ਕਰ ਚੁੱਕੇ ਹਨ ਪਰ ਇਨ੍ਹਾਂ ‘ਤੇ ਇਸ ਗੱਲ ਦਾ ਭੋਰਾ ਵੀ ਅਸਰ ਨਹੀਂ ਹੁੰਦਾ ਹੈ। ਇਨ੍ਹਾਂ ਇਲਾਕਿਆਂ ‘ਚ ਮਿਲੇ ਕੁੱਝ ਲੋਕਾਂ ਰਾਜੇਸ਼ ਕੁਮਾਰ, ਅਜੇ ਕੁਮਾਰ, ਮਲਕੀਤ ਸਿੰਘ, ਗੁਰਮਿੰਦਰ ਸਿੰਘ ਨੇ ਦੱਸਿਆ ਕਿ ਹਰ ਰੋਜ਼ ਸ਼ਾਮ ਤਕਰੀਬਨ 4 ਵਜੇ ਤੋਂ 5 ਵਜੇ ਦੇ ਵਿਚਕਾਰ ਸ਼ਹਿਰ ਦੀਆਂ ਕਈ ਥਾਵਾਂ ‘ਤੇ ਤੰਗ ਬਾਜ਼ਾਰਾਂ ਜਿੱਥੇ ਦੁੱਧ ਦੀ ਸਪਲਾਈ ਹੁੰਦੀ ਹੈ, ਉੱਥੇ ਹਰ ਰੋਜ਼ ਟਰੱਕ ਇਸੇ ਤਰ੍ਹਾਂ ਹੀ ਪੂਰਾ ਰਸਤਾ ਰੋਕ ਕੇ ਖੜ੍ਹੇ ਕੀਤੇ ਜਾਂਦੇ ਹਨ ਤੇ ਲੋਕ ਜਾਮ ਕਰਕੇ ਜਾਂ ਲਾਂਘੇ ਨੂੰ ਲੈ ਕੇ ਪ੍ਰੇਸ਼ਾਨ ਹੁੰਦੇ ਹਨ। ਉਨ੍ਹਾਂ ਕਿਹਾ ਕਿ ਸ਼ਾਇਦ ਇਨ੍ਹਾਂ ਦੇ ਪਿੱਛੇ ਦੀ ਵੱਡੀ ਪਹੁੰਚ ਅਤੇ ਪੈਸੇ ਦੀ ਤਾਕਤ ਕਰਕੇ ਇਨ੍ਹਾਂ ਗੱਡੀਆਂ ਦੇ ਡਰਾਈਵਰ ਕਿਸੇ ਦੀ ਨਹੀਂ ਮੰਨਦੇ ਤੇ ਤਰੀਕੇ ਨਾਲ ਕਦੇ ਵੀ ਗੱਡੀ ਨਹੀਂ ਖੜ੍ਹੀ ਕਰਦੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਪਿੱਛੇ ਮਾਲਕਾਂ ਦਾ ਕੋਈ ਕਸੂਰ ਨਹੀਂ ਹੁੰਦਾ, ਕਿਉਂਕਿ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੀਆਂ ਗੱਡੀਆਂ ਦੇ ਡਰਾਈਵਰ ਬਾਹਰ ਕਿਸ ਤਰ੍ਹਾਂ ਗੱਡੀ ਚਲਾਉਂਦੇ ਹਨ ਤੇ ਖੜ੍ਹੀ ਕਰਦੇ ਹਨ ਤੇ ਉਨ੍ਹਾਂ ਨੂੰ ਰੋਕਣ ਵਾਲੇ ਲੋਕਾਂ ਨਾਲ ਉਨ੍ਹਾਂ ਦਾ ਵਤੀਰਾ ਕੀ ਹੁੰਦਾ ਹੈ।
ਟ੍ਰੈਫਿਕ ਪੁਲਿਸ ਦੀ ਚੁੱਪੀ ‘ਤੇ ਉੱਠੇ ਸਵਾਲ
ਅੱਜ ਤੱਕ ਕਿਸੇ ਵੀ ਟਰੈਫ਼ਿਕ ਪੁਲਿਸ ਵਾਲਿਆਂ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਤੇ ਨਾ ਹੀ ਤੰਗ ਬਾਜ਼ਾਰਾਂ ‘ਚ ਇਨ੍ਹਾਂ ਭਾਰੀ ਵਾਹਨਾਂ ਦੀ ਐਂਟਰੀ ਬੰਦ ਕੀਤੀ ਜਾਂਦੀ ਹੈ ਤੇ ਨਾ ਹੀ ਇਨ੍ਹਾਂ ਦਾ ਚਲਾਨ ਕੱਟਿਆ ਜਾਂਦਾ ਹੈ। ਲੋਕਾਂ ਨੇ ਟਰੈਫ਼ਿਕ ਪੁਲਿਸ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਸ ਪਾਸੇ ਵੀ ਧਿਆਨ ਦਿੱਤਾ ਜਾਵੇ ਤੇ ਇਨ੍ਹਾਂ ਦੀਆਂ ਮਨਮਰਜ਼ੀਆਂ ਨੂੰ ਰੋਕਿਆ ਜਾਵੇ।
ਸੰਪਾਦਕੀ ਟਿੱਪਣੀ: ਇਹ ਮਾਮਲਾ ਸਿਰਫ਼ ਦੁੱਧ ਦੇ ਟਰੱਕਾਂ ਦਾ ਨਹੀਂ, ਸਗੋਂ ਇਸ ਗੱਲ ਦਾ ਵੀ ਹੈ ਕਿ ਸ਼ਹਿਰ ਦੇ ਆਮ ਨਿਯਮ-ਕਾਨੂੰਨ ਕੁਝ ਲੋਕਾਂ ਲਈ ਕਿਸ ਹੱਦ ਤੱਕ ਬੇਅਸਰ ਹੋ ਜਾਂਦੇ ਹਨ ਜਦੋਂ ਪਿੱਛੇ ਪਹੁੰਚ ਜਾਂ ਤਾਕਤ ਹੋਵੇ। ਰੋਜ਼ਾਨਾ ਹਜ਼ਾਰਾਂ ਰਾਹਗੀਰਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਇਹ ਸਮੱਸਿਆ ਜੇ ਲਗਾਤਾਰ ਬਣੀ ਰਹੇ ਤਾਂ ਇਹ ਟ੍ਰੈਫਿਕ ਪ੍ਰਬੰਧਨ ਦੀ ਨਾਕਾਮੀ ਵੱਲ ਇਸ਼ਾਰਾ ਕਰਦੀ ਹੈ। ਲੋੜ ਹੈ ਕਿ ਟਰੈਫ਼ਿਕ ਪੁਲਿਸ ਅਤੇ ਪ੍ਰਸ਼ਾਸਨ ਬਿਨਾਂ ਕਿਸੇ ਦਬਾਅ ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰੇ, ਤਾਂ ਜੋ ਆਮ ਲੋਕਾਂ ਨੂੰ ਰੋਜ਼ਾਨਾ ਦੀ ਇਸ ਖੱਜਲ-ਖੁਆਰੀ ਤੋਂ ਰਾਹਤ ਮਿਲ ਸਕੇ।
