ਤਰਨ ਤਾਰਨ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ‘ਯੁੱਧ ਨਸ਼ਿਆਂ ਦੇ ਵਿਰੁੱਧ’ ਤਹਿਤ ਤਰਨ ਤਾਰਨ ਜ਼ਿਲ੍ਹੇ ਦੇ ਥਾਣਾ ਵੈਰੋਵਾਲ ਹਦੂਦੀ ਪਿੰਡ ਗਗੜਆਲ ‘ਚ ਇੱਕ ਨੌਜਵਾਨ ਨੂੰ ਗਲਤ ਤਰੀਕੇ ਨਾਲ ਫਸਾਉਣ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ, ਪਿੰਡ ਦੇ ਕੁਝ ਸ਼ਰਾਰਤੀ ਤੱਤਾਂ ਵੱਲੋਂ 17 ਸਾਲਾ ਨੌਜਵਾਨ ਦਾ ਨਾਂ ਨਸ਼ਿਆਂ ਨਾਲ ਜੁੜੇ ਕੇਸ ਵਿੱਚ ਪੇਸ਼ ਕਰਕੇ ਪੁਲਿਸ ਨੂੰ ਭੇਜ ਦਿੱਤਾ ਗਿਆ। ਜਦ ਕਿ ਉਸ ਨੌਜਵਾਨ ਦਾ ਇਸ ਗੱਲ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਇਸ ਮਾਮਲੇ ਦੀ ਜਾਣਕਾਰੀ ਮਿਲਣ ‘ਤੇ ਸਮਾਜ ਸੇਵੀ ਸੰਸਥਾ ਅਤੇ ਨੌਜਵਾਨਾਂ ਦੀ ਆਵਾਜ਼ ਬਣੀ ਟੀਮ ਦੇ ਵਾਈਸ ਪ੍ਰਧਾਨ ਸ੍ਰੀ ਅਮਨ ਪ੍ਰਤਾਪ ਸਿੰਘ ਬਾਜਵਾ ਨੇ ਤੁਰੰਤ ਮਾਮਲੇ ਵਿਚ ਦਖ਼ਲ ਦਿੱਤਾ।
ਉਨ੍ਹਾਂ ਨੇ ਨੌਜਵਾਨ ਦੇ ਪਰਿਵਾਰ ਨਾਲ ਸੰਪਰਕ ਕਰਕੇ ਮਾਮਲੇ ਦੀ ਪੁਸ਼ਟੀ ਕੀਤੀ ਅਤੇ ਫਿਰ ਨੌਜਵਾਨ ਨੂੰ ਨਾਲ ਲੈ ਕੇ ਥਾਣਾ ਵੈਰੋਵਾਲ ਦੇ ਐਸ.ਐਚ.ਓ. ਸਾਹਿਬ ਨਾਲ ਮੁਲਾਕਾਤ ਕੀਤੀ। ਉੱਥੇ ਪੂਰੀ ਪਿੰਡ ਪੰਚਾਇਤ ਅਤੇ ਗਵਾਹਾਂ ਦੀ ਹਾਜ਼ਰੀ ‘ਚ ਨੌਜਵਾਨ ਦੀ ਵੈਰੀਫਿਕੇਸ਼ਨ ਕਰਵਾਈ ਗਈ। ਪਿੰਡ ਦੇ ਬੁਜ਼ੁਰਗਾਂ, ਪੰਚਾਇਤੀ ਮੈਂਬਰਾਂ ਅਤੇ ਸਮੂਹ ਪਿੰਡ ਵਾਸੀਆਂ ਦੀ ਗਵਾਹੀ ‘ਤੇ ਨੌਜਵਾਨ ਨੂੰ ਬੇਕਸੂਰ ਸਾਬਤ ਕੀਤਾ ਗਿਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਨੌਜਵਾਨ ਨੂੰ ਰਿਆਸਤ ‘ਚੋਂ ਛੱਡ ਦਿੱਤਾ ਗਿਆ ਅਤੇ ਉਸ ਦੇ ਖਿਲਾਫ ਲਾਏ ਗਏ ਦੋਸ਼ ਝੂਠੇ ਸਾਬਤ ਹੋਏ। ਸਮਾਜ ਸੇਵੀ ਅਮਨ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡਣ ਵਾਲਿਆਂ ਨੂੰ ਕਦੇ ਵੀ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ ਦਾ ਸਹੀ ਭਲਾ ਤਾਂ ਓਦੋ ਹੋਵੇਗਾ ਜਦੋਂ ਕਿਸੇ ਬੇਗੁਨਾਹ ਨੂੰ ਅਜਿਹੇ ਝੂਠੇ ਦੋਸ਼ਾਂ ਵਿੱਚ ਨਹੀਂ ਫਸਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਾਡੀ ਟੀਮ ਹਮੇਸ਼ਾ ਇਨਸਾਫ਼ ਲਈ ਖੜੀ ਰਹੇਗੀ ਤੇ ਜੇ ਕਿਸੇ ਨੌਜਵਾਨ ਨੂੰ ਇਸ ਤਰ੍ਹਾਂ ਦਾ ਇਨਸਾਫ਼ ਚਾਹੀਦਾ ਹੋਵੇ ਤਾਂ ਉਹ ਡਰਣ ਨਹੀਂ, ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਐਸ.ਐਚ.ਓ. ਵੈਰੋਵਾਲ ਵੱਲੋਂ ਵੀ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਇਲਾਕੇ ਵਿੱਚ ਨਸ਼ਿਆਂ ਖਿਲਾਫ਼ ਸਰਗਰਮ ਹੋਣ ਦੇ ਨਾਲ-ਨਾਲ ਕਿਸੇ ਬੇਗੁਨਾਹ ਦੀ ਜ਼ਿੰਦਗੀ ਬਰਬਾਦ ਕਰਨ ਵਾਲੇ ਅਨਸਰਾਂ ਦੀ ਸ਼ਿਨਾਖਤ ਕਰਕੇ ਉਨ੍ਹਾਂ ਦੀ ਜਾਣਕਾਰੀ ਪੁਲਿਸ ਨੂੰ ਦੇਣ। ਪਿੰਡ ਦੀ ਪੰਚਾਇਤ ਤੇ ਨੌਜਵਾਨ ਦੇ ਪਰਿਵਾਰ ਨੇ ਵੀ ਟੀਮ ਤੇ ਅਮਨ ਪ੍ਰਤਾਪ ਸਿੰਘ ਬਾਜਵਾ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਇੱਕ ਨੌਜਵਾਨ ਦੀ ਜ਼ਿੰਦਗੀ ਤਬਾਹ ਹੋਣ ਤੋਂ ਬਚਾਈ। ਇਸ ਮਾਮਲੇ ਦੀ ਪ੍ਰਸ਼ੰਸਾ ਕਰਦਿਆਂ ਸਮਾਜਿਕ ਵਰਕਰਾਂ ਨੇ ਕਿਹਾ ਕਿ ਜੇਕਰ ਹਰ ਪਿੰਡ ਵਿੱਚ ਇਨ੍ਹਾਂ ਦੀ ਤਰ੍ਹਾਂ ਨੌਜਵਾਨਾਂ ਦੀ ਹੱਕੀ ਆਵਾਜ਼ ਬਣਨ ਵਾਲੇ ਹੋਣ, ਤਾਂ ਨਾ ਕੇਵਲ ਨਸ਼ਿਆਂ ਦਾ ਸਮੂਲ ਨਾਸ਼ ਹੋ ਸਕਦਾ ਹੈ, ਸਗੋਂ ਬੇਗੁਨਾਹਾਂ ਨੂੰ ਇਨਸਾਫ਼ ਵੀ ਮਿਲ ਸਕਦਾ ਹੈ।