ਲੁਧਿਆਣਾ: ਵਾਰਡ ਨੰਬਰ 3, ਨੂਰ ਵਾਲਾ ਰੋਡ ਦੇ ਇਲਾਕਾ ਬਸੰਤ ਬਿਹਾਰ ਵਿਖੇ ਅੱਜ ਇੱਕ ਨਵੇਂ ਅਦਾਰੇ ‘ਬਾਜਵਾ ਜਿਮ’ ਦਾ ਸ਼ੁਭ ਆਰੰਭ ਹੋਇਆ। ਇਸ ਜਿਮ ਨੂੰ ਸਰਦਾਰ ਸੁਰਿੰਦਰ ਸਿੰਘ ਬਾਜਵਾ ਦੇ ਸਪੁੱਤਰ ਗੁਰਪ੍ਰੀਤ ਸਿੰਘ ਬਾਜਵਾ ਨੇ ਖੋਲ੍ਹਿਆ ਹੈ, ਜੋ ਕਿ ਇਲਾਕੇ ਦੇ ਲੋਕਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰੇਗਾ। ਜਿਮ ਦੇ ਉਦਘਾਟਨ ਦੇ ਮੌਕੇ ‘ਤੇ ਧਾਰਮਿਕ ਰਸਮਾਂ ਨਿਭਾਈਆਂ ਗਈਆਂ। ਇਸ ਸੁਭਾਗੇ ਮੌਕੇ ‘ਤੇ ਜਿਮ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕਰਵਾਏ ਗਏ ਅਤੇ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਸੰਤ ਬਾਬਾ ਫਕੀਰ ਸਿੰਘ ਜੀ ਖੰਨੇ ਵਾਲਿਆਂ ਨੇ ਆਪਣੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਨੇ ਸ਼ਰਧਾ ਅਤੇ ਭਾਵਨਾ ਨਾਲ ਕੀਰਤਨ ਦਾ ਆਨੰਦ ਮਾਣਿਆ।
ਇਸ ਦੌਰਾਨ, ਸੰਤ ਬਾਬਾ ਫਕੀਰ ਸਿੰਘ ਜੀ ਖੰਨੇ ਵਾਲਿਆਂ ਨੇ ਗੁਰਪ੍ਰੀਤ ਸਿੰਘ ਬਾਜਵਾ ਨੂੰ ਸਰੋਪਾ ਪਾ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਇਸ ਨਵੀਂ ਪਹਿਲਕਦਮੀ ਲਈ ਅਸ਼ੀਰਵਾਦ ਦਿੱਤਾ। ਸਮਾਗਮ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਪ੍ਰਸ਼ਾਦ ਛਕਿਆ। ਸਰਦਾਰ ਸੁਰਿੰਦਰ ਸਿੰਘ ਬਾਜਵਾ ਜੀ ਨੇ ਇਸ ਮੌਕੇ ‘ਤੇ ਪਹੁੰਚੀਆਂ ਸਮੂਹ ਸੰਗਤਾਂ ਅਤੇ ਪਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਸ਼ੁਭ ਮੌਕੇ ‘ਤੇ ਸੁਰਿੰਦਰ ਸਿੰਘ ਕੋਹਲੀ, ਪਰਮਜੀਤ ਸਿੰਘ ਪੰਮਾ (ਬਿੱਲਾ), ਲੱਕੀ ਬਾਜਵਾ, ਹਰਪਾਲ ਸਿੰਘ ਖਾਲਸਾ, ਤਨਪ੍ਰੀਤ ਸਿੰਘ ਕੋਹਲੀ, ਤੇਜਵੀਰ ਸਿੰਘ ਬਾਜਵਾ, ਪ੍ਰੇਮ ਕੁਮਾਰ, ਅਤੇ ਬਲਵਿੰਦਰ ਸਿੰਘ ਬਾਜਵਾ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।
