ਲੁਧਿਆਣਾ: ਸਿਵਲ ਸਰਜਨ ਲੁਧਿਆਣਾ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਭਰ ਵਿੱਚ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਸਬੰਧੀ ਆਮ ਲੋਕਾਂ ਅਤੇ ਸਕੂਲਾਂ ਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਵਿਆਪਕ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਲੜੀ ਤਹਿਤ ਅੱਜ ਮਾਸ ਮੀਡੀਆ ਵਿੰਗ ਲੁਧਿਆਣਾ ਦੇ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਪਰਮਿੰਦਰ ਸਿੰਘ ਨੇ ਸਰਕਾਰੀ ਐਲੀਮੈਂਟਰੀ ਸਕੂਲ ਕਾਦੀਆਂ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਾਢੋਵਾਲ ਵਿਖੇ ਸੈਂਕੜੇ ਵਿਦਿਆਰਥੀਆਂ ਨੂੰ ਅਹਿਮ ਜਾਣਕਾਰੀ ਦਿੱਤੀ।
ਰੇਬੀਜ਼ (ਹਲਕਾਅ) ਤੋਂ ਬਚਾਅ ਲਈ ਜਾਗਰੂਕਤਾ
ਪਰਮਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਰੇਬੀਜ਼ (ਹਲਕਾਅ) ਬਾਰੇ ਦੱਸਦਿਆਂ ਕਿਹਾ ਕਿ ਇਹ ਇੱਕ ਗੰਭੀਰ ਅਤੇ ਜਾਨਲੇਵਾ ਬਿਮਾਰੀ ਹੈ ਜੋ ਮੁੱਖ ਤੌਰ ‘ਤੇ ਜਾਨਵਰਾਂ, ਖਾਸ ਤੌਰ ‘ਤੇ ਕੁੱਤੇ ਦੇ ਕੱਟਣ ਨਾਲ ਹੁੰਦੀ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਇਸ ਬਿਮਾਰੀ ਤੋਂ ਬਚਣ ਲਈ ਵੈਕਸੀਨ ਲਗਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਸਮਝਾਇਆ ਕਿ ਰੇਬੀਜ਼ ਇੱਕ ਵਾਇਰਲ ਬਿਮਾਰੀ ਹੈ ਜੋ ਜਾਨਵਰਾਂ (ਜਿਵੇਂ ਕੁੱਤੇ, ਬਿੱਲੀਆਂ, ਚਮਗਿੱਦੜ, ਬਘਿਆੜ) ਦੀ ਲਾਰ ਰਾਹੀਂ ਮਨੁੱਖਾਂ ਵਿੱਚ ਫੈਲਦੀ ਹੈ, ਆਮ ਤੌਰ ‘ਤੇ ਜਾਨਵਰਾਂ ਦੇ ਕੱਟਣ ਨਾਲ। ਜਾਨਵਰ ਦੇ ਕੱਟਣ ਤੋਂ ਬਾਅਦ ਮਰੀਜ਼ ਨੂੰ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਇੱਕ ਹੋਰ ਵੱਡੀ ਖ਼ਬਰ ਦਿੱਤੀ ਕਿ ਹਲਕਾਅ ਵਿਰੋਧੀ ਵੈਕਸੀਨ ਜੋ ਪਹਿਲਾਂ ਸਿਰਫ਼ ਹਸਪਤਾਲਾਂ ਅਤੇ ਕਮਿਊਨਿਟੀ ਸਿਹਤ ਕੇਂਦਰਾਂ ਵਿੱਚ ਉਪਲਬਧ ਸੀ, ਹੁਣ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸਾਰੇ ਆਮ ਆਦਮੀ ਕਲੀਨਿਕਾਂ ‘ਤੇ ਵੀ ਮੁਫ਼ਤ ਲਗਾਈ ਜਾਵੇਗੀ।
ਮੌਸਮੀ ਬਿਮਾਰੀਆਂ ਤੋਂ ਬਚਾਅ ਲਈ ਸੁਝਾਅ
ਇਸ ਮੌਕੇ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਬਰਜਿੰਦਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਡੇਂਗੂ, ਮਲੇਰੀਆ, ਚਿਕਨਗੁਨੀਆ, ਟਾਈਫਾਇਡ, ਹੈਜ਼ਾ ਅਤੇ ਹੈਪੇਟਾਈਟਸ ਆਦਿ ਮੌਸਮੀ ਬਿਮਾਰੀਆਂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਡੇਂਗੂ ਇੱਕ ਵਾਇਰਲ ਬੁਖਾਰ ਹੈ ਜੋ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਮੱਛਰ ਸਾਫ਼ ਖੜ੍ਹੇ ਪਾਣੀ ਵਿੱਚ ਪਲਦਾ ਹੈ ਅਤੇ ਦਿਨ ਵੇਲੇ ਕੱਟਦਾ ਹੈ।
ਬਰਾੜ ਨੇ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਕਿ ਉਹ ਘਰਾਂ ਵਿੱਚ ਕੂਲਰਾਂ, ਗਮਲਿਆਂ, ਫਰਿੱਜਾਂ ਦੀਆਂ ਟਰੇਆਂ, ਟੁੱਟੇ ਹੋਏ ਬਰਤਨਾਂ, ਟਾਇਰਾਂ ਆਦਿ ਵਿੱਚ ਪਏ ਪਾਣੀ ਨੂੰ ਚੰਗੀ ਤਰ੍ਹਾਂ ਸਾਫ਼ ਕਰਨ। ਮੱਛਰਾਂ ਤੋਂ ਬਚਣ ਲਈ ਮੱਛਰ ਭਜਾਊ ਕਰੀਮਾਂ ਅਤੇ ਯੰਤਰਾਂ ਦਾ ਇਸਤੇਮਾਲ ਕੀਤਾ ਜਾਵੇ। ਬੁਖਾਰ ਹੋਣ ਦੀ ਸੂਰਤ ਵਿੱਚ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਤੋਂ ਜਾਂਚ ਕਰਵਾ ਕੇ ਇਲਾਜ ਲਿਆ ਜਾਵੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਜ਼ਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ਵਿੱਚ ਡੇਂਗੂ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਉਪਲਬਧ ਹੈ।
ਇਸ ਮੌਕੇ ਪਿੰਡ ਕਾਦੀਆਂ ਦੇ ਸਰਪੰਚ ਕਿਰਨਦੀਪ ਕੌਰ ਅਤੇ ਹੋਰ ਪੰਚਾਇਤ ਮੈਂਬਰ, ਸਕੂਲ ਦੇ ਮੁੱਖ ਅਧਿਆਪਕ ਕੁਲਬੀਰ ਕੁਮਾਰ, ਟੀਚਰ ਜਗਜੀਤ ਸਿੰਘ, ਮੈਡਮ ਮੋਨਿਕਾ, ਮੈਡਮ ਸੋਭਾ ਅਤੇ ਲਾਡੋਵਾਲ ਸਕੂਲ ਦੇ ਪ੍ਰਿੰਸੀਪਲ ਮੈਡਮ ਜ਼ਰੀਨਾ ਤੋਂ ਇਲਾਵਾ ਹੋਰ ਸਟਾਫ਼ ਵੀ ਹਾਜ਼ਰ ਸੀ। ਇਹ ਜਾਗਰੂਕਤਾ ਮੁਹਿੰਮ ਨਾ ਸਿਰਫ਼ ਵਿਦਿਆਰਥੀਆਂ ਨੂੰ ਸਿਹਤ ਸਬੰਧੀ ਗਿਆਨ ਪ੍ਰਦਾਨ ਕਰੇਗੀ, ਬਲਕਿ ਸਮੁੱਚੇ ਭਾਈਚਾਰੇ ਵਿੱਚ ਸਿਹਤ ਪ੍ਰਤੀ ਚੇਤਨਾ ਵੀ ਵਧਾਏਗੀ।