ਲੁਧਿਆਣਾ: ਜਨਤਾ ਨੂੰ ਸੁਰੱਖਿਅਤ ਅਤੇ ਖਾਣਯੋਗ ਭੋਜਨ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸਿਹਤ ਵਿਭਾਗ ਲੁਧਿਆਣਾ ਵੱਲੋਂ ਖਾਦ ਸੁਰੱਖਿਆ ਮੁਹਿੰਮ ਨੂੰ ਤੇਜ਼ੀ ਨਾਲ ਚਲਾਇਆ ਜਾ ਰਿਹਾ ਹੈ। ਡਿਸਟ੍ਰਿਕਟ ਹੈਲਥ ਅਫ਼ਸਰ (DHO) ਡਾ. ਅਮਰਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਦੌਰਾਨ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਖਾਦ ਸੈਂਪਲ ਇਕੱਤਰ ਕੀਤੇ ਗਏ ਹਨ।
ਵੱਖ-ਵੱਖ ਖੇਤਰਾਂ ਤੋਂ ਲਏ ਗਏ ਨਮੂਨੇ
ਡਾ. ਕੌਰ ਨੇ ਦੱਸਿਆ ਕਿ ਲੁਧਿਆਣਾ ਦੇ ਪ੍ਰਮੁੱਖ ਖੇਤਰਾਂ ਜਿਵੇਂ ਮਾਡਲ ਟਾਊਨ, ਘੁਮਾਰ ਮੰਡੀ, ਸਿਵਲ ਲਾਈਨ, ਮਲੌਦ, ਸ਼ਿੰਗਾਰ ਸਿਨੇਮਾ ਰੋਡ, ਤਹਿਸੀਲ ਪਾਇਲ, ਜਲ ਬਾਈਪਾਸ, ਸਲੇਮ ਟਬਰੀ, ਕਾਰਾਬਾਰਾ ਰੋਡ ਅਤੇ ਪਿੰਡ ਸੇਉੜਾ ਤੋਂ ਨਮੂਨੇ ਲਏ ਗਏ ਹਨ। ਇਸ ਮੁਹਿੰਮ ਤਹਿਤ ਗੋਲਗੱਪੇ ਦੇ ਪਾਣੀ ਦੇ 30 ਸੈਂਪਲ ਅਤੇ ਦੇਸੀ ਘੀ ਦੇ 30 ਸੈਂਪਲ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ, ਯੂਜ਼ਡ ਕੁਕਿੰਗ ਆਇਲ, ਆਈਸਕ੍ਰੀਮ ਅਤੇ ਮੈਰੀਨੇਟੇਡ ਮਸਾਲਿਆਂ ਦੇ ਵੀ ਸੈਂਪਲ ਇਕੱਠੇ ਕਰਕੇ ਜਾਂਚ ਲਈ ਭੇਜੇ ਗਏ ਹਨ।
ਗੈਰ-ਸਿਹਤਮੰਦ ਹਾਲਾਤਾਂ ‘ਤੇ ਕਾਰਵਾਈ
ਸਿਹਤ ਵਿਭਾਗ ਨੇ ਖਾਦ ਸੁਰੱਖਿਆ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਤਿੰਨ ਫੂਡ ਬਿਜ਼ਨਸ ਆਪਰੇਟਰਾਂ ਨੂੰ ਗੈਰ-ਸਿਹਤਮੰਦ ਹਾਲਾਤਾਂ ਵਿੱਚ ਖਾਦ ਸਮੱਗਰੀ ਤਿਆਰ ਕਰਨ ਦੇ ਆਧਾਰ ‘ਤੇ ਚਲਾਣ ਵੀ ਜਾਰੀ ਕੀਤੇ ਹਨ। ਇਹ ਕਾਰਵਾਈ ਉਨ੍ਹਾਂ ਵਿਕਰੇਤਾਵਾਂ ਲਈ ਇੱਕ ਚੇਤਾਵਨੀ ਹੈ ਜੋ ਜਨਤਕ ਸਿਹਤ ਨਾਲ ਖਿਲਵਾੜ ਕਰਦੇ ਹਨ।
ਲੈਬ ਰਿਪੋਰਟ ਉਪਰੰਤ ਹੋਵੇਗੀ ਕਾਰਵਾਈ
ਡਾ. ਕੌਰ ਨੇ ਦੱਸਿਆ ਕਿ ਇਕੱਤਰ ਕੀਤੇ ਗਏ ਸਾਰੇ ਸੈਂਪਲ ਲੈਬ ਵਿੱਚ ਜਾਂਚ ਲਈ ਭੇਜੇ ਗਏ ਹਨ ਅਤੇ ਰਿਪੋਰਟ ਆਉਣ ਉਪਰੰਤ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਰਫ਼ ਰਜਿਸਟਰਡ ਅਤੇ ਸਾਫ਼-ਸੁਥਰੇ ਥਾਵਾਂ ਤੋਂ ਹੀ ਖਾਣ-ਪੀਣ ਦੀਆਂ ਚੀਜ਼ਾਂ ਖਰੀਦਣ ਅਤੇ ਵਰਤਣ ਦੀ ਆਦਤ ਬਣਾਉਣ, ਤਾਂ ਜੋ ਖਾਦ ਸੰਬੰਧੀ ਬਿਮਾਰੀਆਂ ਤੋਂ ਬਚਿਆ ਜਾ ਸਕੇ। ਇਹ ਮੁਹਿੰਮ ਲੁਧਿਆਣਾ ਵਾਸੀਆਂ ਨੂੰ ਸੁਰੱਖਿਅਤ ਭੋਜਨ ਯਕੀਨੀ ਬਣਾਉਣ ਲਈ ਸਿਹਤ ਵਿਭਾਗ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।
