ਲੁਧਿਆਣਾ, 27 ਅਗਸਤ 2025 – ਬੱਚਿਆਂ ਨੂੰ ਗਲ ਘੋਟੂ, ਕਾਲਾ ਪੀਲੀਆ ਅਤੇ ਹੋਰ ਗੰਭੀਰ ਬਿਮਾਰੀਆਂ ਤੋਂ ਬਚਾਉਣ ਲਈ ਟੀਕਾਕਰਨ ਬੇਹੱਦ ਮਹੱਤਵਪੂਰਨ ਹੈ। ਸਿਹਤ ਵਿਭਾਗ ਵੱਲੋਂ ਯੂਨੀਵਰਸਲ ਇਮਿਊਨਾਈਜ਼ੇਸ਼ਨ ਪ੍ਰੋਗਰਾਮ ਤਹਿਤ ਹਰ ਹਫ਼ਤੇ ਹਜ਼ਾਰਾਂ ਬੱਚਿਆਂ ਦਾ ਮੁਫਤ ਟੀਕਾਕਰਨ ਕੀਤਾ ਜਾ ਰਿਹਾ ਹੈ। ਆਮ ਲੋਕਾਂ ਦੀ ਸਹੂਲਤ ਲਈ ਘਰਾਂ ਦੇ ਨੇੜੇ ਹੀ ਟੀਕਾਕਰਨ ਕੈਂਪ ਲਗਾਏ ਜਾਂਦੇ ਹਨ ਤਾਂ ਜੋ ਹਰੇਕ ਬੱਚੇ ਨੂੰ ਸੁਰੱਖਿਆ ਮਿਲ ਸਕੇ।
ਜਨਮ ਤੋਂ 16 ਸਾਲ ਤੱਕ ਦਾ ਟੀਕਾਕਰਨ
ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦਾ ਮੁੱਖ ਉਦੇਸ਼ ਬੱਚਿਆਂ ਅਤੇ ਮਾਵਾਂ ਦੀ ਸਿਹਤ ਦੀ ਰੱਖਿਆ ਕਰਨਾ ਅਤੇ ਸਮਾਜ ਨੂੰ ਰੋਗ ਮੁਕਤ ਬਣਾਉਣਾ ਹੈ। ਇਸ ਲਈ ਜਨਮ ਤੋਂ ਲੈ ਕੇ 16 ਸਾਲ ਦੀ ਉਮਰ ਤੱਕ ਵੱਖ-ਵੱਖ ਬਿਮਾਰੀਆਂ ਤੋਂ ਬਚਾਅ ਲਈ ਟੀਕਾਕਰਨ ਕੀਤਾ ਜਾ ਰਿਹਾ ਹੈ। ਡਾ. ਰਮਨਦੀਪ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਨਜ਼ਦੀਕੀ ਸਿਹਤ ਕੇਂਦਰ ਵਿਖੇ ਜਾ ਕੇ ਟੀਕਾਕਰਨ ਜ਼ਰੂਰ ਕਰਵਾਉਣ।
ਕਿਹੜੇ-ਕਿਹੜੇ ਟੀਕੇ ਲਗਾਏ ਜਾਂਦੇ ਹਨ?
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਅਮਿਤਾ ਅਰੋੜਾ ਨੇ ਵੱਖ-ਵੱਖ ਉਮਰਾਂ ਦੇ ਬੱਚਿਆਂ ਲਈ ਜ਼ਰੂਰੀ ਟੀਕਿਆਂ ਬਾਰੇ ਜਾਣਕਾਰੀ ਦਿੱਤੀ:
- ਜਨਮ ਸਮੇਂ: ਟੀਬੀ ਲਈ (BCG), ਕਾਲਾ ਪੀਲੀਆ ਲਈ (ਹੈਪੇਟਾਈਟਸ-ਬੀ) ਅਤੇ ਪੋਲੀਓ ਬੂੰਦਾਂ।
- ਡੇਢ ਮਹੀਨੇ ਦੀ ਉਮਰ: ਪੈਂਟਾਵੈਲੈਂਟ ਦਾ ਟੀਕਾ ਜੋ ਗਲ ਘੋਟੂ, ਕਾਲੀ ਖਾਂਸੀ, ਕਾਲਾ ਪੀਲੀਆ, ਟੈਟਨਸ ਅਤੇ ਨਮੂਨੀਆ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਰੋਟਾਵਾਇਰਸ ਵੈਕਸੀਨ ਅਤੇ ਪੋਲੀਓ ਬੂੰਦਾਂ ਵੀ ਦਿੱਤੀਆਂ ਜਾਂਦੀਆਂ ਹਨ।
- ਅਗਲੀਆਂ ਖੁਰਾਕਾਂ: ਢਾਈ ਅਤੇ ਸਾਢੇ ਤਿੰਨ ਮਹੀਨੇ ਦੀ ਉਮਰ ‘ਤੇ ਪੈਂਟਾਵੈਲੈਂਟ, ਪੀ.ਸੀ.ਵੀ., ਰੋਟਾਵਾਇਰਸ ਅਤੇ ਪੋਲੀਓ ਦੀਆਂ ਅਗਲੀਆਂ ਖੁਰਾਕਾਂ ਦਿੱਤੀਆਂ ਜਾਂਦੀਆਂ ਹਨ।
- 9 ਮਹੀਨੇ: ਖਸਰਾ ਅਤੇ ਰੁਬੇਲਾ (MR), ਪੀ.ਸੀ.ਵੀ. ਅਤੇ ਵਿਟਾਮਿਨ-ਏ ਦੀ ਖੁਰਾਕ।
- 16-18 ਮਹੀਨੇ: MR ਦਾ ਦੂਜਾ ਟੀਕਾ, DPT ਦਾ ਬੂਸਟਰ, ਵਿਟਾਮਿਨ-ਏ ਅਤੇ ਪੋਲੀਓ ਦੀਆਂ ਬੂੰਦਾਂ।
- 5, 10 ਅਤੇ 16 ਸਾਲ ਦੀ ਉਮਰ: DPT ਅਤੇ TD ਦੇ ਟੀਕੇ ਲਗਾਏ ਜਾਂਦੇ ਹਨ।
ਸਿਵਲ ਹਸਪਤਾਲ ਲੁਧਿਆਣਾ ਵਿਖੇ ਲੱਗੇ ਕੈਂਪ ਦੌਰਾਨ LHV ਜਸਪਾਲ ਕੌਰ, ANM ਪਰਮਜੀਤ ਕੌਰ ਅਤੇ ਪ੍ਰਿਆ ਕੁਮਾਰੀ ਵੱਲੋਂ ਬੱਚਿਆਂ ਦਾ ਟੀਕਾਕਰਨ ਕੀਤਾ ਗਿਆ।
