ਨਕੋਦਰ/ਚੰਡੀਗੜ੍ਹ: ਪੰਜਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ‘ਆਮ ਆਦਮੀ ਪਾਰਟੀ’ (ਆਪ) ਦੀ ਸਰਕਾਰ ਨੇ ਇੱਕ ਵੱਡਾ ਲੋਕ-ਪੱਖੀ ਫੈਸਲਾ ਲੈਂਦੇ ਹੋਏ ਜਗਰਾਓ-ਨਕੋਦਰ ਟੋਲ ਪਲਾਜ਼ਾ ਨੂੰ ਮਿਆਦ ਤੋਂ ਦੋ ਸਾਲ ਪਹਿਲਾਂ ਹੀ ਬੰਦ ਕਰਵਾ ਦਿੱਤਾ ਹੈ। ਇਹ ਟੋਲ ਅਸਲ ਵਿੱਚ ਮਈ 2027 ਤੱਕ ਚੱਲਣਾ ਸੀ, ਜਿਸ ‘ਤੇ ਰੋਜ਼ਾਨਾ ਲੋਕਾਂ ਨੂੰ ਲਗਭਗ 3 ਲੱਖ ਰੁਪਏ ਦਾ ਬੋਝ ਪੈਂਦਾ ਸੀ। ਸਰਕਾਰ ਦੇ ਇਸ ਕਦਮ ਨਾਲ ਸੂਬੇ ਵਿੱਚ ਹੁਣ ਤੱਕ ਬੰਦ ਕੀਤੇ ਗਏ ਟੋਲ ਪਲਾਜ਼ਿਆਂ ਦੀ ਕੁੱਲ ਗਿਣਤੀ 19 ਹੋ ਗਈ ਹੈ। ਇਨ੍ਹਾਂ 19 ਟੋਲਾਂ ਦੇ ਬੰਦ ਹੋਣ ਨਾਲ ਪੰਜਾਬ ਦੇ ਲੋਕਾਂ ਦਾ ਰੋਜ਼ਾਨਾ ਲਗਭਗ 67 ਲੱਖ ਰੁਪਏ ਦਾ ਬੋਝ ਘੱਟ ਹੋਇਆ ਹੈ।
ਦੋਆਬਾ ਅਤੇ ਮਾਲਵਾ ਦੇ ਕਾਰੋਬਾਰੀਆਂ ਨੂੰ ਲਾਭ
ਹਲਕਾ ਨਕੋਦਰ ਦੇ ਵਿਧਾਇਕਾ ਸਾਹਿਬਾ ਇੰਦਰਜੀਤ ਕੌਰ ਮਾਨ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਲਵਾ ਅਤੇ ਦੋਆਬਾ ਖੇਤਰ ਨੂੰ ਜੋੜਨ ਵਾਲੇ ਇਸ ਮਹੱਤਵਪੂਰਨ ਹਾਈਵੇਅ ਤੋਂ ਲੰਘਣ ਵਾਲੇ ਲੋਕਾਂ ਲਈ ਇਹ ਖ਼ਬਰ ਬਹੁਤ ਖੁਸ਼ੀ ਵਾਲੀ ਹੈ। ਉਨ੍ਹਾਂ ਖਾਸ ਤੌਰ ‘ਤੇ ਜ਼ਿਕਰ ਕੀਤਾ ਕਿ ਨਕੋਦਰ ਇਲਾਕੇ ਦੇ ਕਾਰੋਬਾਰੀਆਂ ਦੀ ਇਹ ਪੁਰਜ਼ੋਰ ਮੰਗ ਸੀ, ਜਿਸ ਨੂੰ ਪੂਰਾ ਕੀਤਾ ਗਿਆ ਹੈ, ਅਤੇ ਹੁਣ ਉਨ੍ਹਾਂ ਨੂੰ ਵੱਡਾ ਲਾਭ ਮਿਲੇਗਾ।
ਵਿਧਾਇਕਾ ਸਾਹਿਬਾ ਨੇ ਕਿਹਾ ਕਿ ‘ਆਪ’ ਸਰਕਾਰ ਲਗਾਤਾਰ ਹਰ ਵਰਗ ਦੀ ਤਰੱਕੀ ਲਈ ਕਾਰਜਸ਼ੀਲ ਹੈ ਅਤੇ ਲੋਕਾਂ ਨਾਲ ਕੀਤੇ ਵਾਅਦੇ ਨਿਭਾਅ ਰਹੀ ਹੈ। ਇਸੇ ਕਾਰਨ ਲੋਕ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਵੱਡੀ ਗਿਣਤੀ ਵਿੱਚ ‘ਆਪ’ ਦਾ ਹਿੱਸਾ ਬਣ ਰਹੇ ਹਨ।
ਬੁਨਿਆਦੀ ਢਾਂਚਾ ਅਤੇ ਨੌਜਵਾਨਾਂ ਦੀ ਸ਼ਮੂਲੀਅਤ
ਵਿਧਾਇਕਾ ਸਾਹਿਬਾ ਨੇ ਬੁਨਿਆਦੀ ਢਾਂਚੇ ਦੇ ਕੰਮਾਂ ‘ਤੇ ਰੋਸ਼ਨੀ ਪਾਉਂਦੇ ਹੋਏ ਕਿਹਾ ਕਿ ਲੋਕਾਂ ਦੀਆਂ ਨਵੀਆਂ ਸੜਕਾਂ ਦੀਆਂ ਮੰਗਾਂ ਵੀ ਤੇਜ਼ੀ ਨਾਲ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਇਨ੍ਹਾਂ ਸੜਕਾਂ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਫਲਾਇੰਗ ਸਕੁਐਡ (Flying Squad) ਵੱਲੋਂ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ।ਇਸ ਦੌਰਾਨ, ਵਿਧਾਇਕਾ ਸਾਹਿਬਾ ਨੇ ਨੌਜਵਾਨਾਂ ਦੀ ਸਿਆਸਤ ਵਿੱਚ ਸ਼ਮੂਲੀਅਤ ਨੂੰ ਪਾਰਟੀ ਦੀ ਵੱਡੀ ਪ੍ਰਾਪਤੀ ਦੱਸਿਆ। ਉਨ੍ਹਾਂ ਕਿਹਾ ਕਿ ਪਾਰਟੀ ਸੰਗਠਨ ਵਿੱਚ ਹਰ ਵਰਗ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਗਿਆ ਹੈ, ਅਤੇ ਨੌਜਵਾਨਾਂ ਨੂੰ ਸਰਗਰਮ ਸਿਆਸਤ ਵਿੱਚ ਹਿੱਸਾ ਲੈਣ ਦਾ ਪਹਿਲੀ ਵਾਰ ਮੌਕਾ ਮਿਲਿਆ ਹੈ, ਜਿਸ ਦੇ ਆਉਣ ਵਾਲੇ ਸਮੇਂ ਵਿੱਚ ਚੰਗੇ ਪ੍ਰਭਾਵ ਦੇਖਣ ਨੂੰ ਮਿਲਣਗੇ।
