ਜਲੰਧਰ: ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਦੀ ਪ੍ਰਧਾਨ ਅੰਮ੍ਰਿਤ ਪਾਲ ਕੌਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਕਰਤਾਰਪੁਰ ਹਲਕੇ ਦੇ ਪਿੰਡ ਨੁੱਸੀ ਵਿਖੇ ‘ਮਮਤਾ ਦਿਵਸ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਔਰਤਾਂ ਅਤੇ ਬੱਚਿਆਂ ਦੀ ਸਿਹਤ ਸੰਭਾਲ ਪ੍ਰਤੀ ਜਾਗਰੂਕਤਾ ਵਧਾਉਣਾ ਸੀ।
ਮਾਂ ਦੇ ਦੁੱਧ ਦੀ ਮਹੱਤਤਾ ਅਤੇ ਟੀਕਾਕਰਨ
ਇਸ ਮੌਕੇ ‘ਤੇ ਔਰਤਾਂ ਨੂੰ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ, ਕਿਵੇਂ ਇਹ ਬੱਚੇ ਲਈ ਸਭ ਤੋਂ ਵਧੀਆ ਅਤੇ ਸੰਪੂਰਨ ਪੋਸ਼ਣ ਦਾ ਸਰੋਤ ਹੈ। ਇਸ ਦੇ ਨਾਲ ਹੀ, ਗਰਭਵਤੀ ਔਰਤਾਂ ਅਤੇ ਛੋਟੇ ਬੱਚਿਆਂ ਦਾ ਟੀਕਾਕਰਨ ਵੀ ਕੀਤਾ ਗਿਆ ਤਾਂ ਜੋ ਉਹ ਕਈ ਗੰਭੀਰ ਬਿਮਾਰੀਆਂ ਤੋਂ ਸੁਰੱਖਿਅਤ ਰਹਿ ਸਕਣ।
ਸਰਕਾਰੀ ਹਸਪਤਾਲ ਵਿੱਚ ਜਨੇਪੇ ਦੀ ਸਲਾਹ ਅਤੇ ਨਮੂਨੀਏ ਤੋਂ ਬਚਾਅ
ਪ੍ਰੋਗਰਾਮ ਦੌਰਾਨ ਔਰਤਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਉਹ ਆਪਣੇ ਜਨੇਪੇ ਸਰਕਾਰੀ ਹਸਪਤਾਲਾਂ ਵਿੱਚ ਹੀ ਕਰਵਾਉਣ, ਕਿਉਂਕਿ ਉੱਥੇ ਬਿਹਤਰ ਸਹੂਲਤਾਂ ਅਤੇ ਮਾਹਿਰ ਡਾਕਟਰ ਉਪਲਬਧ ਹੁੰਦੇ ਹਨ। ਇਸ ਤੋਂ ਇਲਾਵਾ, ਬੱਚਿਆਂ ਨੂੰ ਨਮੂਨੀਏ ਤੋਂ ਬਚਾਉਣ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਗਈ। ਮਾਤਾਵਾਂ ਨੂੰ ਸਲਾਹ ਦਿੱਤੀ ਗਈ ਕਿ ਬੱਚਿਆਂ ਨੂੰ ਲੋੜ ਤੋਂ ਵੱਧ ਕੱਪੜੇ ਨਾ ਪਾਉਣ, ਸਗੋਂ ਹਵਾ ਤੋਂ ਬਚਾਉਣ ਲਈ ਢੁਕਵੇਂ ਅਤੇ ਲੋੜ ਮੁਤਾਬਿਕ ਕੱਪੜੇ ਹੀ ਪਹਿਨਾਉਣ।
ਖੰਘ-ਰੇਸ਼ੇ ਦੀ ਦਵਾਈ ਬਾਰੇ ਜਾਗਰੂਕਤਾ
ਮਾਤਾਵਾਂ ਨੂੰ ਖੰਘ-ਰੇਸ਼ੇ ਦੀ ਦਵਾਈ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਲੈਣ ਲਈ ਵੀ ਕਿਹਾ ਗਿਆ। ਉਨ੍ਹਾਂ ਨੂੰ ਜ਼ੋਰ ਦੇ ਕੇ ਕਿਹਾ ਗਿਆ ਕਿ ਜੇਕਰ ਬੱਚੇ ਨੂੰ ਖੰਘ, ਜ਼ੁਕਾਮ ਜਾਂ ਰੇਸ਼ਾ ਹੈ ਤਾਂ ਆਪਣੇ ਨੇੜੇ ਦੇ ਸਿਵਲ ਹਸਪਤਾਲ ਜਾਂ ਕਿਸੇ ਬਾਲ ਰੋਗਾਂ ਦੇ ਮਾਹਿਰ ਡਾਕਟਰ ਤੋਂ ਹੀ ਚੈੱਕ ਕਰਵਾ ਕੇ ਦਵਾਈ ਲੈਣ। ਆਪਣੀ ਮਰਜ਼ੀ ਨਾਲ ਕੋਈ ਵੀ ਕਾਫ਼ ਸਿਰਪ ਆਦਿ ਨਾ ਦੇਣ, ਜਿਸ ਨਾਲ ਬੱਚੇ ਨੂੰ ਨੁਕਸਾਨ ਹੋ ਸਕਦਾ ਹੈ। ਬੱਚਿਆਂ ਨੂੰ ਵੈਕਸੀਨ ਲਗਵਾਉਣ ਅਤੇ ਪਾਣੀ ਦੀ ਭਾਫ਼ ਦੇਣ ਦੀ ਸਲਾਹ ਵੀ ਦਿੱਤੀ ਗਈ।
ਇਸ ਮੌਕੇ ‘ਤੇ ਬੱਚਿਆਂ ਦੀ ਸਿਹਤ ਸੰਭਾਲ, ਸਫ਼ਾਈ ਅਤੇ ਸਹੀ ਪੋਸ਼ਣ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਇਸ ਪ੍ਰੋਗਰਾਮ ਵਿੱਚ AAk staff ਅਤੇ ਆਸ਼ਾ ਵਰਕਰ ਸ਼ਾਮਲ ਸਨ। ਹਾਜ਼ਰ ਮੈਂਬਰਾਂ ਵਿੱਚ ਅੰਮ੍ਰਿਤ ਪਾਲ ਕੌਰ, ਦਰਸ਼ਨਾ, ਗੁਰਵਿੰਦਰ ਕੌਰ, ਅਨੀਤਾ ਰਾਣੀ, ਬਲਜੀਤ ਕੌਰ, ਰਣਜੀਤ ਕੌਰ, ਪਰਮਜੀਤ ਕੌਰ ਪੱਤੜਾਂ, ਧਰਮਿੰਦਰ ਕੌਰ, ਬਲਵੀਰ ਕੌਰ, ਹਰਪ੍ਰੀਤ ਕੌਰ, ਇੰਦਰਜੀਤ ਕੌਰ, ਕੁਲਵਿੰਦਰ ਕੌਰ, ਸੰਦੀਪ ਕੌਰ, ਹਰਬੰਸ ਕੌਰ, ਅਮਰਜੀਤ ਕੌਰ, ਰਜਨੀ, ਸੰਦੀਪ ਕੌਰ, ਮਨਪ੍ਰੀਤ ਕੌਰ, ਸੰਦੀਪ ਕੌਰ, ਮੀਨਾ ਕੁਮਾਰੀ, ਪੂਜਾ ਕੁਮਾਰ, ਪ੍ਰੀਤ ਕੌਰ, ਪਰਮਜੀਤ, ਸੁਨੀਤਾ, ਨਰੇਸ਼ ਕੁਮਾਰੀ, ਸੁਖਵਿੰਦਰ ਕੌਰ ਆਦਿ ਸ਼ਾਮਲ ਸਨ।

