ਨਕੋਦਰ: ਨਕੋਦਰ ਨਗਰ ਕੌਂਸਲ ਰਿਕਾਰਡ ਟੈਂਪਰਿੰਗ ਮਾਮਲੇ ਵਿੱਚ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਲਗਾਏ ਗਏ “ਸਿਆਸੀ ਬਦਲਾਖੋਰੀ” ਦੇ ਇਲਜ਼ਾਮਾਂ ‘ਤੇ ਹਲਕਾ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਤਿੱਖਾ ਪਲਟਵਾਰ ਕੀਤਾ ਹੈ। ਵਿਧਾਇਕਾ ਮਾਨ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਸੱਚ ਦਾ ਸਾਥ ਦੇਵੇਗੀ ਅਤੇ ਇਲਜ਼ਾਮ ਲਗਾਉਣ ਤੋਂ ਪਹਿਲਾਂ ਲਾਡੀ ਸ਼ੇਰੋਵਾਲੀਆ ਨੂੰ ਤੱਥਾਂ ਦੀ ਜਾਂਚ ਕਰਨੀ ਚਾਹੀਦੀ ਹੈ।
“ਬਦਲੇ ਦੀ ਰਾਜਨੀਤੀ ਕਾਂਗਰਸ ਕਰਦੀ ਹੋਵੇਗੀ”:
ਲਾਡੀ ਸ਼ੇਰੋਵਾਲੀਆ ਦੇ ਬਿਆਨਾਂ ‘ਤੇ ਪ੍ਰਤੀਕਿਰਿਆ ਦਿੰਦਿਆਂ ਵਿਧਾਇਕਾ ਇੰਦਰਜੀਤ ਕੌਰ ਮਾਨ ਨੇ ਬੜੇ ਸਖਤ ਲਹਿਜ਼ੇ ਵਿੱਚ ਕਿਹਾ, “ਇਹ ਬਦਲੇ ਦੀ ਰਾਜਨੀਤੀ ਕਾਂਗਰਸ ਕਰਦੀ ਹੋਵੇਗੀ ਜਾਂ ਉਨ੍ਹਾਂ ਦੇ ਵਿਧਾਇਕ ਕਰਦੇ ਹੋਣਗੇ। ਆਮ ਆਦਮੀ ਪਾਰਟੀ ਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਹੈ। ਜੋ ਗਲਤ ਹੈ, ਉਹ ਗਲਤ ਹੈ-ਭਾਵੇਂ ਉਹ ਸਾਡੀ ਆਪਣੀ ਪਾਰਟੀ ਦਾ ਹੋਵੇ ਜਾਂ ਕੋਈ ਹੋਰ।”
ਉਨ੍ਹਾਂ ਨੇ ਮਾਮਲੇ ਤੋਂ ਆਪਣੇ ਆਪ ਨੂੰ ਵੱਖ ਕਰਦਿਆਂ ਸਵਾਲ ਕੀਤਾ ਕਿ, “ਇਹ ਮਾਮਲਾ ਨਗਰ ਕੌਂਸਲ ਪ੍ਰਸ਼ਾਸਨ ਅਤੇ ਪ੍ਰਧਾਨ ਦੇ ਵਿਚਕਾਰ ਦਾ ਹੈ, ਮੇਰਾ ਇਸ ਵਿੱਚ ਕੀ ਰੋਲ?”
CCTV ਕੈਮਰਿਆਂ ਵਾਲਾ ਸਵਾਲ ਅਤੇ ਚੁਣੌਤੀ:
ਵਿਧਾਇਕਾ ਮਾਨ ਨੇ ਵਿਰੋਧੀਆਂ ਨੂੰ ਲਾਜਵਾਬ ਕਰਦਿਆਂ ਸਿੱਧਾ ਸਵਾਲ ਕੀਤਾ ਕਿ, “ਕੀ ਮੈਂ ਉਨ੍ਹਾਂ (ਪ੍ਰਧਾਨਾਂ) ਨੂੰ ਕਿਹਾ ਸੀ ਕਿ ਜਾਓ ਦਫਤਰ ਜਾ ਕੇ ਰਿਕਾਰਡ ਨਾਲ ਛੇੜਛਾੜ ਕਰੋ? ਕੀ ਮੈਂ ਕਿਹਾ ਸੀ ਕਿ CCTV ਕੈਮਰਿਆਂ ਦੇ ਸਾਹਮਣੇ ਆਪਣੀ ਵੀਡੀਓ ਬਣਵਾਓ? ਜੇਕਰ ਚੋਰੀ ਕੀਤੀ ਹੈ ਤਾਂ ਜਵਾਬ ਵੀ ਖੁਦ ਦੇਣਾ ਪਵੇਗਾ।“
ਉਨ੍ਹਾਂ ਨੇ ਲਾਡੀ ਸ਼ੇਰੋਵਾਲੀਆ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਸ਼ਾਹਕੋਟ ਦੇ ਵਿਧਾਇਕ ਕੋਲ ਕਿਸੇ ਵੀ ਸਾਜ਼ਿਸ਼ ਦਾ ਕੋਈ ਸਬੂਤ ਹੈ ਤਾਂ ਉਹ ਤੁਰੰਤ ਜਨਤਾ ਦੇ ਸਾਹਮਣੇ ਰੱਖਣ। ਵਿਧਾਇਕਾ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਹੁਣ ਸਿਰਫ ਹਵਾ ਵਿੱਚ ਗੱਲਾਂ ਕਰਕੇ ਲੋਕਾਂ ਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ। ਉਨ੍ਹਾਂ ਦਾਅਵਾ ਕੀਤਾ ਕਿ ਜਿੱਥੇ ਸੱਚਾਈ ਹੈ, ਉੱਥੇ ਹੀ ‘ਆਪ’ ਹੈ, ਅਤੇ ਨਿੱਜੀ ਰੰਜਿਸ਼ਾਂ ਕੌਣ ਕੱਢਦਾ ਹੈ, ਇਹ ਨਕੋਦਰ ਦੀ ਜਨਤਾ ਭਲੀ-ਭਾਂਤ ਜਾਣਦੀ ਹੈ।
