ਜਲੰਧਰ: ਫਗਵਾੜਾ ’ਚ ਗੋਲੀ ਮਾਰ ਕੇ ਕਤਲ ਕੀਤੇ ਗਏ ਆਰਟੀਆਈ ਕਾਰਕੁੰਨ ਸਿਮਰਨਜੀਤ ਸਿੰਘ ਦਾ ਨਾਂ ਪਿਛਲੇ ਕੁਝ ਸਾਲਾਂ ਤੋਂ ਜਲੰਧਰ ਤੇ ਆਸ-ਪਾਸ ਦੇ ਇਲਾਕਿਆਂ ’ਚ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿੱਥੇ ਇੱਕ ਪਾਸੇ ਉਹ ਆਪਣੇ-ਆਪ ਨੂੰ ਭ੍ਰਿਸ਼ਟਾਚਾਰ ਤੇ ਪ੍ਰਸ਼ਾਸਨਿਕ ਬੇਨਿਯਮੀਆਂ ਵਿਰੁੱਧ ਲੜਨ ਵਾਲਾ ਆਰਟੀਆਈ ਕਾਰਕੁੰਨ ਦੱਸਦਾ ਸੀ, ਉੱਥੇ ਹੀ ਦੂਜੇ ਪਾਸੇ ਕਈ ਮਾਮਲਿਆਂ ’ਚ ਉਸ ਖ਼ਿਲਾਫ਼ ਦੋਸ਼ ਤੇ ਵਿਵਾਦ ਵੀ ਸਾਹਮਣੇ ਆਉਂਦੇ ਰਹਿੰਦੇ ਸਨ। ਸਿਮਰਨਜੀਤ ਸਿੰਘ ਨੇ ਨਗਰ ਨਿਗਮ, ਸਥਾਨਕ ਪ੍ਰਸ਼ਾਸਨ ਤੇ ਕਈ ਸਰਕਾਰੀ ਵਿਭਾਗਾਂ ਵਿਰੁੱਧ ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਕਈ ਸ਼ਿਕਾਇਤਾਂ ਤੇ ਅਰਜ਼ੀਆਂ ਦਾਇਰ ਕੀਤੀਆਂ ਸਨ, ਜਿਸ ਨਾਲ ਕਈ ਵਿਭਾਗਾਂ ਵਿੱਚ ਹੜਕੰਪ ਮਚਿਆ ਹੋਇਆ ਸੀ।
ਸੱਤਾ ਅਤੇ ਸਿਸਟਮ ਨਾਲ ਸਿੱਧੀ ਟੱਕਰ
ਸਿਮਰਨਜੀਤ ਸਿੰਘ ਨੇ ਜਲੰਧਰ ਨਗਰ ਨਿਗਮ ਦੀ ਕਾਰਜਪ੍ਰਣਾਲੀ, ਨਿਰਮਾਣ ਪ੍ਰਾਜੈਕਟਾਂ ਤੇ ਅਧਿਕਾਰੀਆਂ ਦੀ ਕਾਰਜਪ੍ਰਣਾਲੀ ’ਤੇ ਕਈ ਵੱਡੇ ਸਵਾਲ ਖੜ੍ਹੇ ਕੀਤੇ ਸਨ। ਹਾਲ ਹੀ ’ਚ ਉਨ੍ਹਾਂ ਨੇ ਜਲੰਧਰ ਦੇ ਮੇਅਰ ਖ਼ਿਲਾਫ਼ ਲਾਲ-ਨੀਲੀਆਂ ਬੱਤੀਆਂ ਤੇ ਸਰਕਾਰੀ ਪ੍ਰੋਟੋਕੋਲ ਦੀ ਦੁਰਵਰਤੋਂ ਨੂੰ ਲੈ ਕੇ ਇੱਕ ਅਹਿਮ ਸ਼ਿਕਾਇਤ ਦਰਜ ਕਰਵਾਈ ਸੀ। ਇਸ ਦੌਰਾਨ ਨਗਰ ਨਿਗਮ ਪ੍ਰਸ਼ਾਸਨ ਨਾਲ ਉਨ੍ਹਾਂ ਦਾ ਸਿੱਧਾ ਟਕਰਾਅ ਵੀ ਸਾਹਮਣੇ ਆਇਆ, ਜਿਸ ਨੇ ਕਈ ਸਿਆਸੀ ਅਤੇ ਪ੍ਰਸ਼ਾਸਨਿਕ ਗਲਿਆਰਿਆਂ ਵਿੱਚ ਤਣਾਅ ਪੈਦਾ ਕਰ ਦਿੱਤਾ ਸੀ।
ਸਰਕਾਰੀ ਦਫ਼ਤਰ ‘ਚ ਨੋ-ਐਂਟਰੀ ਅਤੇ ਤਿੱਖੇ ਦੋਸ਼
ਸਾਲ 2025 ’ਚ ਨਗਰ ਨਿਗਮ ਪ੍ਰਸ਼ਾਸਨ ਨੇ ਸਖ਼ਤ ਕਦਮ ਚੁੱਕਦਿਆਂ ਉਸ ਦੇ ਨਿਗਮ ਦਫ਼ਤਰ ’ਚ ਦਾਖ਼ਲ ਹੋਣ ’ਤੇ ਮੁਕੰਮਲ ਪਾਬੰਦੀ ਲਾ ਦਿੱਤੀ ਸੀ। ਪ੍ਰਸ਼ਾਸਨ ਦਾ ਦੋਸ਼ ਸੀ ਕਿ ਉਸ ਨੇ ਬਿਨਾਂ ਮਨਜ਼ੂਰੀ ਦਸਤਾਵੇਜ਼ਾਂ ਦੀਆਂ ਫੋਟੋਆਂ ਖਿੱਚੀਆਂ ਅਤੇ ਉੱਥੇ ਮੌਜੂਦ ਸਰਕਾਰੀ ਮੁਲਾਜ਼ਮਾਂ ਨਾਲ ਮਾੜਾ ਸਲੂਕ ਕੀਤਾ। ਦੂਜੇ ਪਾਸੇ, ਸਿਮਰਨਜੀਤ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਦੇ ਕੇਸਾਂ ਦਾ ਪਰਦਾਫਾਸ਼ ਕਰਨ ਤੋਂ ਰੋਕਣ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸੋਸ਼ਲ ਮੀਡੀਆ ਦੀ ਜੰਗ ਅਤੇ ਬਲੈਕਮੇਲਿੰਗ ਦੇ ਦੋਸ਼
ਸਿਮਰਨਜੀਤ ਸਿੰਘ ਅਕਸਰ ਹੀ ਸੋਸ਼ਲ ਮੀਡੀਆ ਤੇ ਲੋਕ ਹਿੱਤ ਸ਼ਿਕਾਇਤਾਂ ਰਾਹੀਂ ਵੱਖ-ਵੱਖ ਸਰਕਾਰੀ ਅਧਿਕਾਰੀਆਂ ਤੇ ਵਿਭਾਗਾਂ ਵਿਰੁੱਧ ਲਗਾਤਾਰ ਮੁੱਦੇ ਉਠਾਉਂਦੇ ਰਹੇ ਹਨ। ਉਨ੍ਹਾਂ ਦੇ ਸਮਰਥਕਾਂ ਦਾ ਕਹਿਣਾ ਸੀ ਕਿ ਉਹ ਪ੍ਰਸ਼ਾਸਨਿਕ ਪਾਰਦਰਸ਼ਤਾ ਲਈ ਲਗਾਤਾਰ ਸੰਘਰਸ਼ ਕਰ ਰਹੇ ਹਨ। ਹਾਲਾਂਕਿ, ਉਨ੍ਹਾਂ ਦੇ ਵਿਰੋਧੀਆਂ ਨੇ ਉਨ੍ਹਾਂ ’ਤੇ ਆਰਟੀਆਈ ਨੂੰ ਇੱਕ ਦਬਾਅ ਦੇ ਹਥਿਆਰ ਵਜੋਂ ਵਰਤਣ ਦਾ ਗੰਭੀਰ ਦੋਸ਼ ਵੀ ਲਾਇਆ ਸੀ। ਨਗਰ ਨਿਗਮ ਦੇ ਕੁਝ ਅਧਿਕਾਰੀਆਂ ਨੇ ਤਾਂ ਜਨਤਕ ਤੌਰ ’ਤੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਮੁਲਾਜ਼ਮਾਂ ਵੱਲੋਂ ਉਸ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ ਸਨ ਅਤੇ ਉਸ ’ਤੇ ਅਧਿਕਾਰੀਆਂ ਨੂੰ ਤੰਗ-ਪਰੇਸ਼ਾਨ ਕਰਨ ਦੇ ਆਰੋਪ ਲਾਏ ਗਏ ਸਨ।
ਮਾਡਲ ਟਾਊਨ ਦੀਆਂ ਗੋਲੀਆਂ ਅਤੇ ਗੈਂਗਸਟਰਾਂ ਦਾ ਖ਼ੌਫ਼
ਸਿਮਰਨਜੀਤ ਸਿੰਘ ਦਾ ਨਾਂ ਉਸ ਵੇਲੇ ਵੀ ਸੁਰਖੀਆਂ ’ਚ ਆਇਆ ਸੀ ਜਦੋਂ ਪਹਿਲਾਂ ਉਸ ’ਤੇ ਇੱਕ ਜਾਨਲੇਵਾ ਹਮਲਾ ਹੋਇਆ ਸੀ। ਜਲੰਧਰ ਦੇ ਪੌਸ਼ ਇਲਾਕੇ ਮਾਡਲ ਟਾਊਨ ਵਿੱਚ ਇੱਕ ਜਿਮ ‘ਚੋਂ ਬਾਹਰ ਆਉਂਦੇ ਸਮੇਂ 2 ਅਗਿਆਤ ਨੌਜਵਾਨਾਂ ਨੇ ਉਸ ’ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਸਨ, ਜਿਸ ਦੌਰਾਨ ਉਹ ਵਾਲ-ਵਾਲ ਬਚ ਗਿਆ ਸੀ। ਉਸ ਹਮਲੇ ਤੋਂ ਬਾਅਦ ਉਸ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਗੈਂਗਸਟਰਾਂ ਵੱਲੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ ਅਤੇ ਇਸ ਬਾਰੇ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ। ਦੱਸਿਆ ਜਾਂਦਾ ਹੈ ਕਿ ਉਸ ਨੇ ਅਦਾਲਤ ’ਚ ਇੱਕ ਪਟੀਸ਼ਨ ਵੀ ਦਾਇਰ ਕਰ ਕੇ ਕਿਹਾ ਸੀ ਕਿ ਉਸ ਦੀ ਜਾਨ ਨੂੰ ਅੱਤ ਦਾ ਖ਼ਤਰਾ ਹੈ। ਹਾਲ ਹੀ ’ਚ ਹੋਏ ਇਸ ਖ਼ੂਨੀ ਕਤਲ ਤੋਂ ਬਾਅਦ ਇਹ ਮਾਮਲਾ ਇੱਕ ਵਾਰ ਫਿਰ ਸੁਰਖੀਆਂ ’ਚ ਹੈ ਅਤੇ ਪੁਲਿਸ ਹੁਣ ਉਨ੍ਹਾਂ ਸਾਰੇ ਵਿਵਾਦਾਂ, ਸ਼ਿਕਾਇਤਾਂ ਤੇ ਪੁਰਾਣੀਆਂ ਰੰਜਿਸ਼ਾਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ, ਜਿਨ੍ਹਾਂ ਨਾਲ ਸਿਮਰਨਜੀਤ ਸਿੰਘ ਦਾ ਨਾਂ ਜੁੜਿਆ ਹੋਇਆ ਸੀ।
ਸੰਪਾਦਕੀ ਟਿੱਪਣੀ: ਫਗਵਾੜਾ ਵਿੱਚ ਆਰਟੀਆਈ ਕਾਰਕੁੰਨ ਸਿਮਰਨਜੀਤ ਸਿੰਘ ਦਾ ਕਤਲ ਸੂਬੇ ਦੀ ਕਾਨੂੰਨ ਵਿਵਸਥਾ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਇੱਕ ਗੰਭੀਰ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ। ਜੇਕਰ ਇੱਕ ਵਿਅਕਤੀ ਪਹਿਲਾਂ ਹੀ ਜਾਨਲੇਵਾ ਹਮਲੇ ਦਾ ਸ਼ਿਕਾਰ ਹੋ ਚੁੱਕਾ ਸੀ ਅਤੇ ਗੈਂਗਸਟਰਾਂ ਦੀਆਂ ਧਮਕੀਆਂ ਖ਼ਿਲਾਫ਼ ਅਦਾਲਤ ਤੱਕ ਪਹੁੰਚ ਕਰ ਚੁੱਕਾ ਸੀ, ਤਾਂ ਉਸ ਦੀ ਸੁਰੱਖਿਆ ਨੂੰ ਯਕੀਨੀ ਕਿਉਂ ਨਹੀਂ ਬਣਾਇਆ ਗਿਆ? ਸਿਮਰਨਜੀਤ ਸਿੰਘ ਦੀ ਸ਼ਖਸੀਅਤ ਭਾਵੇਂ ਪ੍ਰਸ਼ਾਸਨਿਕ ਟਕਰਾਅ ਅਤੇ ਦੋਸ਼ਾਂ ਕਾਰਨ ਵਿਵਾਦਾਂ ਵਿੱਚ ਰਹੀ ਹੋਵੇ, ਪਰ ਇਸ ਤਰ੍ਹਾਂ ਦਿਨ-ਦਿਹੜੇ ਗੋਲੀਆਂ ਮਾਰ ਕੇ ਕਿਸੇ ਦੀ ਆਵਾਜ਼ ਨੂੰ ਹਮੇਸ਼ਾ ਲਈ ਬੰਦ ਕਰ ਦੇਣਾ ਲੋਕਤੰਤਰ ਅਤੇ ਕਾਨੂੰਨ ਦੇ ਰਾਜ ਲਈ ਬੇਹੱਦ ਖ਼ਤਰਨਾਕ ਹੈ। ਪੁਲਿਸ ਪ੍ਰਸ਼ਾਸਨ ਨੂੰ ਹੁਣ ਨਿਰਪੱਖਤਾ ਨਾਲ ਇਸ ਕਤਲ ਦੇ ਪਿੱਛੇ ਛੁਪੇ ਅਸਲ ਚਿਹਰਿਆਂ, ਨਿਗਮ ਦੇ ਵਿਵਾਦਾਂ ਅਤੇ ਗੈਂਗਸਟਰ ਨੈੱਟਵਰਕ ਦੇ ਆਪਸੀ ਸਬੰਧਾਂ ਨੂੰ ਬੇਨਕਾਬ ਕਰਨਾ ਹੋਵੇਗਾ ਤਾਂ ਜੋ ਸੂਬੇ ਵਿੱਚ ਸੂਚਨਾ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੇ ਬਾਕੀ ਲੋਕਾਂ ਅੰਦਰ ਪੈਦਾ ਹੋਏ ਡਰ ਦੇ ਮਾਹੌਲ ਨੂੰ ਖ਼ਤਮ ਕੀਤਾ ਜਾ ਸਕੇ।
