ਬਠਿੰਡਾ: ਕਈ ਵਾਰ ਕਿਸੇ ਨਹਿਰ ਦੇ ਕਿਨਾਰੇ, ਕਿਸੇ ਸੁੰਨੀ ਸੂਈ ਵਿੱਚ ਜਾਂ ਕਿਸੇ ਝੀਲ ਦੇ ਪਾਣੀ ਵਿੱਚੋਂ ਮਿਲੀ ਇੱਕ ਲਾਸ਼ ਸਿਰਫ਼ ਇੱਕ ਮੌਤ ਦੀ ਕਹਾਣੀ ਨਹੀਂ ਹੁੰਦੀ, ਸਗੋਂ ਉਸ ਨਾਲ ਜੁੜੇ ਪਰਿਵਾਰ ਦੇ ਟੁੱਟੇ ਸੁਪਨਿਆਂ, ਅਧੂਰੀਆਂ ਉਡੀਕਾਂ ਅਤੇ ਬੇਜਵਾਬ ਸਵਾਲਾਂ ਦੀ ਦਾਸਤਾਨ ਵੀ ਹੁੰਦੀ ਹੈ। ਬਠਿੰਡਾ ਜ਼ਿਲ੍ਹੇ ਵਿੱਚੋਂ ਪਿਛਲੇ 16 ਸਾਲਾਂ ਦੌਰਾਨ ਮਿਲੀਆਂ ਲਾਵਾਰਿਸ ਲਾਸ਼ਾਂ ਦੇ ਅੰਕੜੇ ਇੱਕ ਅਜਿਹੀ ਹੀ ਦਰਦਨਾਕ ਤਸਵੀਰ ਪੇਸ਼ ਕਰਦੇ ਹਨ। ਸੂਚਨਾ ਦੇ ਅਧਿਕਾਰ (ਆਰਟੀਆਈ) ਤਹਿਤ ਜਾਣਕਾਰੀ ਮੁਤਾਬਕ ਵਿੱਤੀ ਸਾਲ 2010-11 ਤੋਂ 2025-26 ਤੱਕ ਜ਼ਿਲ੍ਹੇ ਵਿੱਚੋਂ ਕੁੱਲ 1023 ਲਾਵਾਰਿਸ ਲਾਸ਼ਾਂ ਬਰਾਮਦ ਹੋਈਆਂ, ਜਿਨ੍ਹਾਂ ਵਿੱਚੋਂ 666 ਦੀ ਪਛਾਣ ਕਦੇ ਨਹੀਂ ਹੋ ਸਕੀ। ਮਤਲਬ ਹਰ ਤਿੰਨ ਵਿੱਚੋਂ ਲਗਭਗ ਦੋ ਮ੍ਰਿਤਕ ਅਜਿਹੇ ਰਹੇ, ਜਿਨ੍ਹਾਂ ਦੇ ਨਾਮ, ਪਤੇ ਤੇ ਆਪਣੇ ਲੋਕਾਂ ਤਕ ਉਨ੍ਹਾਂ ਦੀ ਮੌਤ ਦੀ ਖ਼ਬਰ ਵੀ ਨਹੀਂ ਪਹੁੰਚ ਸਕੀ, ਜਦੋਂ ਕਿ ਸਿਰਫ਼ 357 ਮ੍ਰਿਤਕਾਂ ਦੀ ਸ਼ਨਾਖ਼ਤ ਹੋ ਪਾਈ।
ਆਰਟੀਆਈ ਕਾਰਕੁਨ ਦੀ ਅਰਜ਼ੀ ਅਤੇ ਪੁਲਿਸ ਦਾ ਸਰਕਾਰੀ ਜਵਾਬ
ਆਰਟੀਆਈ ਕਾਰਕੁਨ ਅਤੇ ਸਮਾਜ ਸੇਵੀ ਸੰਜੀਵ ਗੋਇਲ ਨੇ 13 ਫਰਵਰੀ 2026 ਨੂੰ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਦਫ਼ਤਰ ਵਿਖੇ ਸੂਚਨਾ ਅਧਿਕਾਰ ਐਕਟ-2005 ਤਹਿਤ ਅਰਜ਼ੀ ਦੇ ਕੇ ਜ਼ਿਲ੍ਹੇ ‘ਚ ਮਿਲੀਆਂ ਲਾਵਾਰਿਸ ਲਾਸ਼ਾਂ ਦਾ ਰਿਕਾਰਡ ਮੰਗਿਆ ਸੀ। ਇਸਦੇ ਜਵਾਬ ਵਿੱਚ 19 ਮਈ 2026 ਨੂੰ ਪੁਲਿਸ ਵਿਭਾਗ ਨੇ ਅੰਕੜੇ ਉਪਲਬਧ ਕਰਵਾਏ। ਪੁਲਿਸ ਰਿਕਾਰਡ ਅਨੁਸਾਰ ਜ਼ਿਲ੍ਹੇ ਅੰਦਰ ਇਸ ਦੌਰਾਨ ਕੁੱਲ 1023 ਲਾਸ਼ਾਂ ਮਿਲੀਆਂ ਸਨ ਜਿਸ ਵਿੱਚੋਂ ਸਿਰਫ਼ 34.90 ਫ਼ੀਸਦੀ ਦੀ ਪਛਾਣ ਹੋ ਸਕੀ, ਜਦੋਂ ਕਿ 65.10 ਫ਼ੀਸਦੀ ਲਾਸ਼ਾਂ ਅਣਪਛਾਤੀਆਂ ਹੀ ਰਹੀਆਂ ਹਨ। ਇਨ੍ਹਾਂ ਮ੍ਰਿਤਕਾਂ ਦਾ ਅਜੇ ਤਕ ਪਤਾ ਨਹੀਂ ਲੱਗਾ ਕਿ ਉਹ ਕੌਣ ਸਨ। ਪਛਾਣ ਨਾ ਹੋਣ ਵਾਲੀਆਂ ਬਹੁਤੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਵੱਖ-ਵੱਖ ਸਮਾਜਿਕ, ਧਾਰਮਿਕ ਸੰਸਥਾਵਾਂ ਤੇ ਐੱਨਜੀਓ ਦੇ ਮਾਧਿਅਮ ਰਾਹੀਂ ਕਰਵਾਇਆ ਗਿਆ। ਹਾਲਾਂਕਿ ਜ਼ਿਲ੍ਹੇ ਵਿੱਚੋਂ ਮਿਲੀਆਂ ਕੁੱਲ ਲਾਸ਼ਾਂ ਵਿੱਚੋਂ 65 ਫੀਸਦੀ ਦੀ ਪਛਾਣ ਨਾਂ ਹੋਣਾ ਚਿੰਤਾ ਦਾ ਵਿਸ਼ਾ ਹੈ।
ਮੌਤ ਦੇ ਸਭ ਤੋਂ ਵੱਡੇ ਅੰਕੜੇ ਵਾਲੇ ਸਾਲ
ਪੁਲਿਸ ਵਿਭਾਗ ਵੱਲੋ ਪ੍ਰਾਪਤ ਅੰਕੜਿਆਂ ਅਨੁਸਾਰ ਵਿੱਤੀ ਸਾਲ 2021-22 ਵਿੱਚ ਜ਼ਿਲ੍ਹੇ ਅੰਦਰ ਸਭ ਤੋਂ ਵੱਧ 99 ਲਾਵਾਰਿਸ ਲਾਸ਼ਾਂ ਮਿਲੀਆਂ। ਇਸ ਤੋਂ ਬਾਅਦ 2022-23 ਵਿੱਚ 93 ਲਾਵਾਰਿਸ ਲਾਸ਼ਾਂ ਬਰਾਮਦ ਹੋਈਆਂ ਸਨ। ਇਸ ਤਰ੍ਹਾਂ ਹੀ ਸਾਲ 2024-25 ਵਿੱਚ 92 ਲਾਸ਼ਾਂ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਬਰਾਮਦ ਕੀਤੀਆਂ ਅਤੇ 2025-26 ਵਿੱਚ 90 ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਹਰ ਮਹੀਨੇ ਪੰਜ ਤੋਂ ਵਧੇਰੇ ਮੌਤਾਂ ਦੀ ਭਿਆਨਕ ਔਸਤ
16 ਵਰ੍ਹਿਆਂ ਵਿੱਚ ਮਿਲੀਆਂ 1023 ਲਾਸ਼ਾਂ ਦੀ ਔਸਤ ਕੱਢੀ ਜਾਵੇ ਤਾਂ ਜ਼ਿਲ੍ਹੇ ਵਿੱਚ ਪ੍ਰਤੀ ਵਰ੍ਹੇ ਕਰੀਬ 64 ਲਾਵਾਰਿਸ ਲਾਸ਼ਾਂ ਮਿਲ ਰਹੀਆਂ ਹਨ, ਉੱਥੇ ਹੀ ਪ੍ਰਤੀ ਮਹੀਨਾ ਔਸਤਨ ਪੰਜ ਤੋਂ ਵਧੇਰੇ ਲਾਸ਼ਾਂ ਮਿਲਣ ਦਾ ਅੰਕੜਾ ਸਾਹਮਣੇ ਆਇਆ ਹੈ। ਇਹ ਸਥਿਤੀ ਕਈ ਗੰਭੀਰ ਸਵਾਲ ਖੜ੍ਹੇ ਕਰਦੀ ਹੈ ਕਿ ਆਖ਼ਰ ਇਨ੍ਹੀਆਂ ਲਾਸ਼ਾਂ ਜ਼ਿਲ੍ਹੇ ਵਿੱਚ ਕਿੱਥੋਂ ਪਹੁੰਚ ਰਹੀਆਂ ਹਨ ਤੇ ਇਨ੍ਹਾਂ ਪਿੱਛੇ ਕੀ ਕਾਰਨ ਹਨ।
ਫਾਈਲਾਂ ਬੰਦ ਕਰਨ ਦੀ ਕਾਰਵਾਈ ਅਤੇ ਪ੍ਰਸ਼ਾਸਨਿਕ ਉਦਾਸੀਨਤਾ
ਰਿਕਾਰਡ ਅਨੁਸਾਰ 1023 ਵਿੱਚੋਂ 666 ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ, ਯਾਨੀ ਹਰ ਤਿੰਨ ਵਿੱਚੋਂ ਲਗਭਗ ਦੋ ਮ੍ਰਿਤਕ ਅਣਪਛਾਤੇ ਰਹੇ। ਮਾਹਿਰਾਂ ਦਾ ਮੰਨਣਾ ਹੈ ਕਿ ਅਜਿਹੇ ਮਾਮਲਿਆਂ ਵਿੱਚ ਆਧੁਨਿਕ ਤਕਨੀਕ, ਡਿਜੀਟਲ ਰਿਕਾਰਡ ਅਤੇ ਅੰਤਰਰਾਜੀ ਤਾਲਮੇਲ ਵਧਾ ਕੇ ਪਛਾਣ ਦਰ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ, ਪਰ ਪੁਲਿਸ ਅਜਿਹੇ ਮਾਮਲਿਆਂ ਨੂੰ ਜਿਆਦਾ ਗੰਭੀਰਤਾ ਨਾਲ ਨਹੀਂ ਲੈਂਦੀ। ਪੁਲਿਸ ਸਿਰਦਰਦੀ ਲੈਣ ਦੀ ਬਜਾਏ 174 ਸੀਆਰਪੀਸੀ ਦੀ ਕਾਰਵਾਈ ਕਰਕੇ ਫਾਇਲ ਬੰਦ ਕਰ ਦਿੰਦੀ ਹੈ।
| ਸਾਲ | ਕੁੱਲ ਲਾਸ਼ਾਂ | ਪਛਾਣ | ਅਣਪਛਾਤੀਆਂ |
|---|---|---|---|
| 2010-11 | 58 | 11 | 47 |
| 2011-12 | 45 | 5 | 40 |
| 2012-13 | 33 | 3 | 30 |
| 2013-14 | 54 | 7 | 47 |
| 2014-15 | 33 | 3 | 30 |
| 2015-16 | 36 | 4 | 32 |
| 2016-17 | 42 | 5 | 37 |
| 2017-18 | 38 | 9 | 29 |
| 2018-19 | 64 | 32 | 32 |
| 2019-20 | 84 | 42 | 42 |
| 2020-21 | 82 | 39 | 43 |
| 2021-22 | 99 | 51 | 48 |
| 2022-23 | 93 | 49 | 44 |
| 2023-24 | 80 | 30 | 50 |
| 2024-25 | 92 | 33 | 59 |
| 2025-26 | 90 | 34 | 56 |
| ਕੁੱਲ | 1023 | 357 | 666 |
ਸੰਪਾਦਕੀ ਟਿੱਪਣੀ: ਬਠਿੰਡਾ ਜ਼ਿਲ੍ਹੇ ਵਿੱਚੋਂ ਪਿਛਲੇ 16 ਸਾਲਾਂ ਦੌਰਾਨ 1023 ਲਾਵਾਰਿਸ ਲਾਸ਼ਾਂ ਦਾ ਮਿਲਣਾ ਅਤੇ ਉਨ੍ਹਾਂ ਵਿੱਚੋਂ 65 ਫ਼ੀਸਦੀ ਤੋਂ ਵਧੇਰੇ ਦੀ ਸ਼ਨਾਖ਼ਤ ਨਾ ਹੋ ਪਾਉਣਾ ਸਾਡੀ ਪੁਲਿਸ ਪ੍ਰਣਾਲੀ ਅਤੇ ਸਮਾਜਿਕ ਸੁਰੱਖਿਆ ਢਾਂਚੇ ‘ਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਹੈ। ਜਦੋਂ ਹਰ ਤਿੰਨ ਵਿੱਚੋਂ ਦੋ ਲਾਸ਼ਾਂ ਬਿਨਾਂ ਪਛਾਣ ਦੇ ਅੰਤਿਮ ਸੰਸਕਾਰ ਲਈ ਭੇਜ ਦਿੱਤੀਆਂ ਜਾਂਦੀਆਂ ਹਨ, ਤਾਂ ਇਹ ਸਾਫ਼ ਦਰਸਾਉਂਦਾ ਹੈ ਕਿ ਪੁਲਿਸ ਵਿਭਾਗ ਆਧੁਨਿਕ ਤਕਨੀਕਾਂ, ਡਿਜੀਟਲ ਰਿਕਾਰਡਾਂ ਅਤੇ ਅੰਤਰਰਾਜੀ ਤਾਲਮੇਲ ਦੀ ਵਰਤੋਂ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ। ਮਹਿਜ਼ 174 ਸੀਆਰਪੀਸੀ ਦੀ ਕਾਰਵਾਈ ਕਰਕੇ ਫਾਈਲ ਬੰਦ ਕਰ ਦੇਣਾ ਪੁਲਿਸ ਦੀ ਕਾਰਜਪ੍ਰਣਾਲੀ ਦੀ ਉਦਾਸੀਨਤਾ ਨੂੰ ਉਜਾਗਰ ਕਰਦਾ ਹੈ। ਪ੍ਰਤੀ ਮਹੀਨਾ ਔਸਤਨ ਪੰਜ ਤੋਂ ਵਧੇਰੇ ਲਾਸ਼ਾਂ ਦਾ ਮਿਲਣਾ ਇਹ ਮੰਗ ਕਰਦਾ ਹੈ ਕਿ ਇਨ੍ਹਾਂ ਮੌਤਾਂ ਦੇ ਪਿੱਛੇ ਛੁਪੇ ਅਸਲ ਕਾਰਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ, ਤਾਂ ਜੋ ਕਿਸੇ ਵੀ ਸੰਭਾਵਿਤ ਅਪਰਾਧਿਕ ਨੈੱਟਵਰਕ ਦਾ ਪਰਦਾਫਾਸ਼ ਹੋ ਸਕੇ ਅਤੇ ਲਾਪਤਾ ਲੋਕਾਂ ਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਮਿਲ ਸਕਣ।
