ਚੰਡੀਗੜ੍ਹ: ਟੀ ਕੇ ਪ੍ਰੋਡਕਸ਼ਨ (ਯੂ ਐੱਸ ਏ) ਦੇ ਬੈਨਰ ਹੇਠ ਰਿਲੀਜ਼ ਹੋਇਆ ਪੰਜਾਬੀ ਸਿੰਗਲ ਟਰੈਕ “ਸਦਾ ਰਹਿਣ ਸਲਾਮਤ ਮਾਵਾਂ” ਨੂੰ ਦੇਸ਼-ਵਿਦੇਸ਼ ਦੇ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਮਾਂ ਦੇ ਅਟੁੱਟ ਪਿਆਰ, ਤਿਆਗ ਅਤੇ ਮਮਤਾ ਨੂੰ ਸਮਰਪਿਤ ਇਹ ਗੀਤ ਹਰ ਉਮਰ ਵਰਗ ਦੇ ਸਰੋਤਿਆਂ ਦੇ ਦਿਲਾਂ ਨੂੰ ਛੂਹ ਰਿਹਾ ਹੈ ਅਤੇ ਸੋਸ਼ਲ ਮੀਡੀਆ ‘ਤੇ ਵੀ ਇਸ ਦੀ ਖੂਬ ਚਰਚਾ ਹੋ ਰਹੀ ਹੈ।
ਇਸ ਗੀਤ ਨੂੰ ਪ੍ਰਸਿੱਧ ਗਾਇਕ ਹਰਸ਼ ਗੋਗੀ ਨੇ ਆਪਣੀ ਦਿਲ ਨੂੰ ਛੂਹ ਜਾਣ ਵਾਲੀ ਮਖਮਲੀ ਆਵਾਜ਼ ਨਾਲ ਸਜਾਇਆ ਹੈ। ਗੀਤ ਦੇ ਪ੍ਰਭਾਵਸ਼ਾਲੀ ਬੋਲ ਉੱਘੇ ਗੀਤਕਾਰ ਜਸਵੰਤ ਸਿੰਘ (ਪਾਰਾ ਕੰਗ) ਨੇ ਲਿਖੇ ਹਨ, ਜਦਕਿ ਸੰਗੀਤਕਾਰ ਸੂਰਜ ਕਸ਼ਯਪ ਨੇ ਆਪਣੀਆਂ ਸੁਰੀਲੀਆਂ ਧੁਨਾਂ ਰਾਹੀਂ ਇਸ ਗੀਤ ਨੂੰ ਹੋਰ ਵੀ ਰੂਹਾਨੀ ਰੰਗ ਬਖ਼ਸ਼ਿਆ ਹੈ। ਇਸ ਦਾ ਨਿਰਦੇਸ਼ਨ ਜਰਨੈਲ ਸਿੰਘ ਕੰਗ (ਯੂਕੇ) ਨੇ ਕੀਤਾ ਹੈ, ਜਦਕਿ ਇਸ ਨੂੰ ਡਾ. ਤੇਜਿੰਦਰ ਕੌਰ ਕੰਗ (ਯੂਐਸਏ) ਦੇ ਪ੍ਰੋਡਕਸ਼ਨ ਹਾਊਸ ਟੀ ਕੇ ਪ੍ਰੋਡਕਸ਼ਨ (ਯੂ ਐੱਸ ਏ) ਵੱਲੋਂ ਪੇਸ਼ ਕੀਤਾ ਗਿਆ ਹੈ।
ਸੰਗੀਤ ਪ੍ਰੇਮੀਆਂ ਦਾ ਕਹਿਣਾ ਹੈ ਕਿ ਹਰਸ਼ ਗੋਗੀ ਦੀ ਮਿੱਠੀ ਅਤੇ ਭਾਵਪੂਰਤ ਆਵਾਜ਼ ਗੀਤ ਨੂੰ ਇੱਕ ਵੱਖਰੀ ਪਛਾਣ ਦਿੰਦੀ ਹੈ। ਦੂਜੇ ਪਾਸੇ, ਪਾਰਾ ਕੰਗ ਦੀ ਕਲਮ ਪੰਜਾਬੀ ਸੱਭਿਆਚਾਰ, ਰਿਸ਼ਤਿਆਂ ਅਤੇ ਸਮਾਜਿਕ ਕਦਰਾਂ-ਕੀਮਤਾਂ ਨੂੰ ਬੇਹੱਦ ਖੂਬਸੂਰਤੀ ਨਾਲ ਸ਼ਬਦਾਂ ਵਿੱਚ ਪੇਸ਼ ਕਰਦੀ ਹੈ, ਜਿਸ ਕਾਰਨ ਉਨ੍ਹਾਂ ਦੇ ਗੀਤ ਹਰ ਵਰਗ ਦੇ ਸਰੋਤਿਆਂ ਵੱਲੋਂ ਪਸੰਦ ਕੀਤੇ ਜਾਂਦੇ ਹਨ।
ਜਾਣਕਾਰੀ ਅਨੁਸਾਰ, ਪਾਰਾ ਕੰਗ ਅਤੇ ਹਰਸ਼ ਗੋਗੀ ਬਹੁਤ ਜਲਦ ਇੱਕ ਹੋਰ ਸੱਭਿਆਚਾਰਕ ਪੰਜਾਬੀ ਗੀਤ ਲੈ ਕੇ ਸਰੋਤਿਆਂ ਦੇ ਰੂਬਰੂ ਹੋਣ ਵਾਲੇ ਹਨ। ਇਸ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਨਵੇਂ ਗੀਤ ਨੂੰ ਲੈ ਕੇ ਕਾਫ਼ੀ ਉਤਸ਼ਾਹ ਹੈ ਅਤੇ ਉਹ ਇਸ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਇਸ ਮੌਕੇ ਹਰਸ਼ ਗੋਗੀ ਨੇ ਕਿਹਾ ਕਿ “ਸਦਾ ਰਹਿਣ ਸਲਾਮਤ ਮਾਵਾਂ” ਨੂੰ ਮਿਲੇ ਪਿਆਰ ਅਤੇ ਸਤਿਕਾਰ ਲਈ ਉਨ੍ਹਾਂ ਨੂੰ ਦੇਸ਼-ਵਿਦੇਸ਼ ਤੋਂ ਬੇਸ਼ੁਮਾਰ ਵਧਾਈ ਸੰਦੇਸ਼ ਪ੍ਰਾਪਤ ਹੋਏ ਹਨ। ਉਨ੍ਹਾਂ ਨੇ ਸਮੂਹ ਸਰੋਤਿਆਂ, ਸੰਗੀਤ ਪ੍ਰੇਮੀਆਂ ਅਤੇ ਟੀ ਕੇ ਪ੍ਰੋਡਕਸ਼ਨ (ਯੂ ਐੱਸ ਏ) ਦੀ ਪੂਰੀ ਟੀਮ ਦਾ ਦਿਲੋਂ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਆਰੀ ਅਤੇ ਸੱਭਿਆਚਾਰਕ ਪੰਜਾਬੀ ਗੀਤ ਸਰੋਤਿਆਂ ਦੀ ਝੋਲੀ ਵਿੱਚ ਪਾਉਣ ਲਈ ਵਚਨਬੱਧ ਹਨ।

