ਕਿੱਥੇ ਐ ਹੁਣ ਤੇਰੀ ਪਾਕ ਮੁਹੱਬਤ?
ਸਭ ਕੁਝ ਕਰ ਗਈ ਰਾਖ਼ ਮੁਹੱਬਤ।
ਅਸੀਂ ਤਾਂ ਇਸ਼ਕ ‘ਚ ਝੱਲੇ ਹੋ ਗਏ,
ਆਈ ਨਾ ਸਾਨੂੰ ਰਾਸ ਮੁਹੱਬਤ।
ਜਾ ਸਿਆਲਾਂ ਦੇ ਵਿਹੜੇ ਵੱਸ ਗਈ,
ਰਾਂਝੇ ਲਈ ਸੀ ਆਸ ਮੁਹੱਬਤ।
ਰੁਖ਼ਸਤ ਵੇਲੇ ਵੀ ਦੂਰ ਨਾ ਹੋਈ,
ਦਿਲ ਵਿੱਚ ਕਰ ਗਈ ਵਾਸ ਮੁਹੱਬਤ।
ਅਜ਼ੀਅਤ ਕਰ ਗਈ ਜਾਂਦੀ ਜਾਂਦੀ,
ਪਰਦੇ ਕਰ ਗਈ ਫ਼ਾਸ਼ ਮੁਹੱਬਤ।
ਆਪਣੀ ਖ਼ਲਕਤ ਦੇ ਸੀ ਰਾਜੇ,
ਪਲ ਵਿੱਚ ਕਰ ਗਈ ਦਾਸ ਮੁਹੱਬਤ।
ਤੇਰੇ ਲਈ ਇਹ ਆਮ ਹੋਵੇਗੀ,
‘ਰੂਪੀ’ ਲਈ ਸੀ ਖ਼ਾਸ ਮੁਹੱਬਤ।
– ਰੁਪਿੰਦਰ ਕੌਰ (ਬਰਨਾਲਾ)

