ਖਰੜ:
ਜਿਸ ਵੀਡੀਓ ਨੂੰ ਇੱਕ ਆਮ ਰਾਹਗੀਰ ਨੇ ਮਹਿਜ਼ ਇੱਕ ਸੈਕਿੰਡ ਲਈ ਆਪਣੇ ਮੋਬਾਈਲ ਵਿੱਚ ਕੈਦ ਕੀਤਾ, ਉਸ ਨੇ ਪਲਾਂ ਵਿੱਚ ਹੀ ਪੂਰੇ ਸ਼ਹਿਰ ਦੀ ਜ਼ੁਬਾਨ ‘ਤੇ ਨਗਰ ਕੌਂਸਲ ਦੇ ਕੰਮ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਖੜ੍ਹੇ ਕਰ ਦਿੱਤੇ। ਅੱਜ ਸਵੇਰੇ ਖਰੜ-ਲਾਂਡਰਾਂ ਰੋਡ ‘ਤੇ ਨਗਰ ਕੌਂਸਲ ਖਰੜ ਦੇ ਠੇਕੇਦਾਰ ਵੱਲੋਂ ਸੜਕ ਕਿਨਾਰੇ ਬਣੇ ਪਾਣੀ ਦੇ ਨਿਕਾਸੀ ਨਾਲ਼ੇ ਵਿੱਚ ਪਾਣੀ ਭਰੇ ਹੋਣ ਦੇ ਬਾਵਜੂਦ ਵੀ ਇੱਟਾਂ ਦੀ ਚੁਣਾਈ ਕਰਦਿਆਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਸ਼ਹਿਰ ਵਿੱਚ ਇਸ ਕੰਮ ਦੀ ਕਾਫ਼ੀ ਚਰਚਾ ਹੋਈ ਕਿ ਜੇਕਰ ਨਗਰ ਕੌਂਸਲ ਦੇ ਠੇਕੇਦਾਰ ਪਾਣੀ ਵਿੱਚ ਵੀ ਚੁਣਾਈ ਕਰ ਸਕਦੇ ਹਨ ਤਾਂ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੁਣ ਖੰਭ ਹੀ ਲੱਗ ਜਾਣਗੇ।
ਨਿਕਾਸੀ ਨਾਲ਼ੇ ‘ਤੇ ਸਲੈਬਾਂ ਰੱਖਣ ਦਾ ਕੰਮ
ਜ਼ਿਕਰਯੋਗ ਹੈ ਕਿ ਅੱਜ ਖਰੜ-ਲਾਂਡਰਾਂ ਮੁੱਖ ਸੜਕ ਦੇ ਕਿਨਾਰੇ ਬਣੇ ਗੰਦੇ ਪਾਣੀ ਦੇ ਨਿਕਾਸੀ ਨਾਲ਼ੇ ਉੱਤੇ ਸਥਾਨਕ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸੁਵਿਧਾ ਅਤੇ ਸੁਰੱਖਿਆ ਲਈ ਸੀਮਿੰਟ ਦੀਆਂ ਸਲੈਬਾਂ ਰੱਖੀਆਂ ਜਾਣੀਆਂ ਹਨ।
ਪਾਣੀ ਵਿੱਚ ਹੀ ਇੱਟਾਂ ਦੀ ਚੁਣਾਈ
ਪ੍ਰੰਤੂ ਇਸ ਕੰਮ ਵਿੱਚ ਕਥਿਤ ਵੱਡੀ ਲਾਪਰਵਾਹੀ ਉਸ ਸਮੇਂ ਦੇਖਣ ਨੂੰ ਮਿਲੀ, ਜਦੋਂ ਇਸ ਕੰਮ ‘ਤੇ ਲੱਗੇ ਹੋਏ ਮਜ਼ਦੂਰ ਨਾਲ਼ੇ ਦੇ ਕਿਨਾਰੇ (ਕੰਢੇ) ਮਜ਼ਬੂਤ ਬਣਾਉਣ ਲਈ ਪਾਣੀ ਵਿੱਚ ਹੀ ਇੱਟਾਂ ਲਗਾ ਰਹੇ ਸਨ। ਇਹੀ ਨਹੀਂ, ਗੰਦੇ ਨਾਲ਼ੇ ਦੀ ਵੀ ਸਫ਼ਾਈ ਨਹੀਂ ਕੀਤੀ ਲੱਗ ਰਹੀ ਸੀ।
ਵੀਡੀਓ ਵਾਇਰਲ ਹੁੰਦੇ ਹੀ ਮੌਕੇ ਤੋਂ ਗਾਇਬ ਹੋਏ ਕਰਿੰਦੇ
ਇਹ ਸਭ ਕੁਝ ਹੁੰਦਾ ਹੋਇਆ ਇੱਕ ਰਾਹਗੀਰ ਵੱਲੋਂ ਆਪਣੇ ਕੈਮਰੇ ਵਿੱਚ ਕੈਦ ਕਰਕੇ ਸ਼ਹਿਰ ਦੇ ਸੋਸ਼ਲ ਮੀਡੀਆ ਗਰੁੱਪਾਂ ਵਿੱਚ ਇਸ ਦੀ ਵੀਡੀਓ ਪਾ ਦਿੱਤੀ ਗਈ। ਇਸ ਤੋਂ ਬਾਅਦ ਜਦੋਂ ਇਹ ਸਭ ਕੁਝ ਵੇਖਣ ਲਈ ਮੌਕੇ ‘ਤੇ ਪਹੁੰਚ ਕੀਤੀ ਗਈ ਤਾਂ ਠੇਕੇਦਾਰ ਦੇ ਕਰਿੰਦੇ ਆਪਣਾ ਸਾਮਾਨ ਮੌਕੇ ‘ਤੇ ਹੀ ਛੱਡ ਉੱਥੋਂ ਗਾਇਬ ਹੋ ਚੁੱਕੇ ਸਨ।
ਕਾਰਜਸਾਧਕ ਅਫ਼ਸਰ ਦੀ ਸਫ਼ਾਈ
ਜਦੋਂ ਇਸ ਸਬੰਧੀ ਨਗਰ ਕੌਂਸਲ ਖਰੜ ਦੇ ਕਾਰਜਸਾਧਕ ਅਫ਼ਸਰ ਅਸ਼ੋਕ ਪੱਥਰੀਆ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਖਰੜ-ਲਾਂਡਰਾਂ ਰੋਡ ‘ਤੇ ਬਣੇ ਗੰਦੇ ਪਾਣੀ ਦੇ ਨਿਕਾਸੀ ਨਾਲ਼ੇ ਦੀਆਂ ਸਲੈਬਾਂ ਨਵੀਆਂ ਬਣਾਈਆਂ ਜਾ ਰਹੀਆਂ ਸਨ, ਜਿਸ ਲਈ ਨਾਲ਼ੇ ਦੇ ਉੱਤੇ ਸਲੈਬਾਂ ਦਾ ਲੈਂਟਰ ਪਾਉਣ ਲਈ ਸਟਰਿੰਗ ਕੀਤੀ ਜਾਣੀ ਸੀ, ਜਿਸ ਕਾਰਨ ਠੇਕੇਦਾਰ ਦੇ ਮਜ਼ਦੂਰਾਂ ਵੱਲੋਂ ਕੱਚੀ ਚੁਣਾਈ ਕੀਤੀ ਜਾ ਰਹੀ ਸੀ।
ਜੇਈ ਨੂੰ ਭੇਜ ਕੇ ਸ਼ੁਰੂ ਕਰਵਾਇਆ ਸਹੀ ਕੰਮ
ਪਰ ਇਹ ਵੀਡੀਓ ਬਾਰੇ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਵੱਲੋਂ ਠੇਕੇਦਾਰ ਨੂੰ ਕੰਮ ਵਿੱਚ ਸਾਵਧਾਨੀ ਅਤੇ ਵਧੀਆ ਤਰੀਕੇ ਨਾਲ ਕੰਮ ਕਰਵਾਉਣ ਲਈ ਆਪਣੇ ਜੇਈ ਮਨੋਜ ਕੁਮਾਰ ਨੂੰ ਮੌਕੇ ‘ਤੇ ਭੇਜਿਆ ਗਿਆ, ਜਿਨ੍ਹਾਂ ਵੱਲੋਂ ਕੰਮ ਨੂੰ ਸਹੀ ਤਰੀਕੇ ਨਾਲ ਸ਼ੁਰੂ ਕਰਵਾ ਦਿੱਤਾ ਗਿਆ ਹੈ।
ਸੰਪਾਦਕੀ ਟਿੱਪਣੀ: ਸ਼ਹਿਰੀ ਵਿਕਾਸ ਕਾਰਜਾਂ ਦੀ ਗੁਣਵੱਤਾ ਸਿੱਧੇ ਤੌਰ ‘ਤੇ ਲੋਕਾਂ ਦੀ ਸੁਰੱਖਿਆ ਅਤੇ ਜਨਤਕ ਪੈਸੇ ਦੀ ਸਹੀ ਵਰਤੋਂ ਨਾਲ ਜੁੜੀ ਹੁੰਦੀ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇਸ ਵੀਡੀਓ ਨੇ ਇੱਕ ਵਾਰ ਫਿਰ ਇਹ ਸਾਬਤ ਕੀਤਾ ਹੈ ਕਿ ਆਮ ਨਾਗਰਿਕ ਦੀ ਚੌਕਸੀ ਪ੍ਰਸ਼ਾਸਨਿਕ ਜਵਾਬਦੇਹੀ ਵਧਾਉਣ ਵਿੱਚ ਕਿੰਨੀ ਅਹਿਮ ਭੂਮਿਕਾ ਨਿਭਾ ਸਕਦੀ ਹੈ। ਠੇਕੇਦਾਰ ਦੇ ਕਰਿੰਦਿਆਂ ਦਾ ਮੌਕੇ ਤੋਂ ਗਾਇਬ ਹੋਣਾ ਆਪਣੇ ਆਪ ਵਿੱਚ ਕੰਮ ਦੀ ਗੁਣਵੱਤਾ ‘ਤੇ ਸਵਾਲ ਖੜ੍ਹੇ ਕਰਦਾ ਹੈ। ਲੋੜ ਹੈ ਕਿ ਨਗਰ ਕੌਂਸਲ ਅਜਿਹੇ ਪ੍ਰੋਜੈਕਟਾਂ ਦੀ ਨਿਯਮਤ ਨਿਗਰਾਨੀ ਕਰੇ, ਤਾਂ ਜੋ ਸਿਰਫ਼ ਵੀਡੀਓ ਵਾਇਰਲ ਹੋਣ ‘ਤੇ ਹੀ ਨਹੀਂ, ਸਗੋਂ ਹਰ ਪ੍ਰੋਜੈਕਟ ਵਿੱਚ ਸ਼ੁਰੂ ਤੋਂ ਹੀ ਮਿਆਰ ਕਾਇਮ ਰੱਖਿਆ ਜਾਵੇ।
