ਬਟਾਲਾ: ਪੰਜਾਬ ਭਾਜਪਾ ਦੇ ਐਸ.ਸੀ. ਮੋਰਚਾ ਮੀਤ ਪ੍ਰਧਾਨ ਸਰਦਾਰ ਸਤਨਾਮ ਸਿੰਘ ਉਮਰਪੁਰਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪੰਜਾਬ ਵਿੱਚ ਹਰ ਆਏ ਦਿਨ ਵੱਧ ਰਹੀ ਕਤਲੋਗਾਰਤ ਅਤੇ ਅਪਰਾਧਿਕ ਗਤੀਵਿਧੀਆਂ ‘ਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰ ਇੱਕ ਪਿੰਡ, ਗਲੀ ਅਤੇ ਮੋੜ ‘ਤੇ ਕਤਲ ਹੋ ਰਹੇ ਹਨ, ਜਦਕਿ ਸ਼ਹਿਰਾਂ ਅਤੇ ਕਸਬਿਆਂ ਵਿੱਚ ਲੁੱਟਾਂ-ਖੋਹਾਂ ਦੀ ਭਰਮਾਰ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਇਸ ‘ਤੇ ਪੁਲਿਸ ਪ੍ਰਸ਼ਾਸਨ ਕਿਤੇ ਵੀ ਕੰਮ ਕਰਦਾ ਨਜ਼ਰ ਨਹੀਂ ਆ ਰਿਹਾ। ਸਤਨਾਮ ਸਿੰਘ ਉਮਰਪੁਰਾ ਨੇ ਕਿਹਾ ਕਿ ਆਮ ਹੀ ਸੀ.ਸੀ.ਟੀ.ਵੀ. ਫੁਟੇਜ ਰਾਹੀਂ ਲੋਕ ਦੇਖ ਰਹੇ ਹਨ ਕਿ ਛੋਟੇ-ਛੋਟੇ ਬੱਚਿਆਂ ਦੇ ਹੱਥਾਂ ਵਿੱਚ ਪਿਸਤੌਲ ਹਨ ਅਤੇ ਉਹ ਸ਼ਰੇਆਮ ਲੋਕਾਂ ਦਾ ਕਤਲ ਕਰ ਰਹੇ ਹਨ। ਇਸ ਤੋਂ ਇੰਜ ਜਾਪ ਰਿਹਾ ਹੈ ਕਿ ਪੰਜਾਬ ਵਿੱਚ ਆਏ ਦਿਨ ਗੈਂਗ ਵਾਰ ਵੱਧ ਰਿਹਾ ਹੈ, ਜਿਸ ਕਾਰਨ ਵਪਾਰੀ ਵਰਗ, ਦੁਕਾਨਦਾਰ ਅਤੇ ਆਮ ਜਨਤਾ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਵਿਰੁੱਧ ਯੁੱਧ ਛੇੜਿਆ ਹੋਇਆ ਹੈ, ਤਦ ਵੀ ਆਏ ਦਿਨ ਪੰਜਾਬ ਵਿੱਚ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਦਿਨੋਂ-ਦਿਨ ਪੰਜਾਬ ਸਰਕਾਰ ਹਰ ਫਰੰਟ ‘ਤੇ ਫੇਲ੍ਹ ਹੁੰਦੀ ਨਜ਼ਰ ਆ ਰਹੀ ਹੈ ਅਤੇ ਚੋਰਾਂ ਤੇ ਗੁੰਡਿਆਂ ਨੂੰ ਪੁਲਿਸ ਦਾ ਕੋਈ ਡਰ ਨਹੀਂ ਰਿਹਾ।
ਸਰਦਾਰ ਉਮਰਪੁਰਾ ਨੇ ਮਾਨਯੋਗ ਦੇਸ਼ ਦੇ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ ਨੂੰ ਬੇਨਤੀ ਕੀਤੀ ਹੈ ਕਿ ਉਹ ਪੰਜਾਬ ਦੇ ਮਸਲੇ ਵਿੱਚ ਜਲਦ ਦਖਲ ਦੇਣ, ਤਾਂ ਜੋ ਪੰਜਾਬ ਦੇ ਲੋਕ ਅਮਨ-ਸ਼ਾਂਤੀ ਨਾਲ ਰਹਿ ਸਕਣ ਅਤੇ ਪੰਜਾਬ ਵਿੱਚੋਂ ਡਰ ਦਾ ਮਾਹੌਲ ਜਲਦ ਖਤਮ ਹੋ ਸਕੇ। ਉਨ੍ਹਾਂ ਪੰਜਾਬ ਦੇ ਡੀ.ਜੀ.ਪੀ. ਨੂੰ ਵੀ ਅਪੀਲ ਕੀਤੀ ਕਿ ਪੰਜਾਬ ਵਿੱਚ ਪੁਲਿਸ ਦੀ ਨਫ਼ਰੀ ਵਧਾਈ ਜਾਵੇ ਅਤੇ ਦਿਨ-ਰਾਤ ਸ਼ਹਿਰ ਵਾਸੀਆਂ ਤੇ ਪਿੰਡ ਵਾਸੀਆਂ ਦੀ ਰੱਖਿਆ ਕੀਤੀ ਜਾਵੇ ਤਾਂ ਜੋ ਪੰਜਾਬ ਦੀ ਅਮਨ-ਸ਼ਾਂਤੀ ਬਣੀ ਰਹੇ। ਉਨ੍ਹਾਂ ਜ਼ੋਰ ਦਿੱਤਾ ਕਿ ਅਜਿਹੇ ਮਾੜੇ ਅਨਸਰਾਂ ‘ਤੇ ਜੋ ਆਏ ਦਿਨ ਕਿਸੇ ਨਾ ਕਿਸੇ ਗਰੀਬ ਇਨਸਾਨ ਦੇ ਪੁੱਤ ਨੂੰ ਬਿਨਾਂ ਵਜ੍ਹਾ ਮਾਰ ਦਿੰਦੇ ਹਨ, ਜਲਦ ਤੋਂ ਜਲਦ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚੋਂ ਡਰ ਅਤੇ ਸਹਿਮ ਦਾ ਮਾਹੌਲ ਨਿਕਲ ਸਕੇ। ਉਮਰਪੁਰਾ ਨੇ ਇਹ ਵੀ ਦੱਸਿਆ ਕਿ ਜਲਦ ਹੀ ਐਸ.ਸੀ. ਮੋਰਚਾ, ਪੰਜਾਬ ਭਾਜਪਾ ਦੀ ਇੱਕ ਮੀਟਿੰਗ ਬੁਲਾਈ ਜਾਵੇਗੀ ਅਤੇ ਇਸ ਦੌਰਾਨ ਪੰਜਾਬ ਦੇ ਡੀ.ਜੀ.ਪੀ. ਨੂੰ ਇੱਕ ਮੰਗ ਪੱਤਰ ਵੀ ਦਿੱਤਾ ਜਾਵੇਗਾ।