ਲੁਧਿਆਣਾ, 25 ਅਗਸਤ: ਬਰਸਾਤ ਦੇ ਮੌਸਮ ਵਿੱਚ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ, ਖਾਸ ਕਰਕੇ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਇਹ ਬਿਮਾਰੀਆਂ ਮੱਛਰਾਂ ਦੇ ਪੈਦਾ ਹੋਣ ਵਾਲੇ ਪਾਣੀ ਨੂੰ ਰੋਕ ਕੇ ਹੀ ਖ਼ਤਮ ਕੀਤੀਆਂ ਜਾ ਸਕਦੀਆਂ ਹਨ। ਡਾ. ਰਮਨਦੀਪ ਕੌਰ ਨੇ ਦੱਸਿਆ ਕਿ ਡੇਂਗੂ ਦਾ ਮੱਛਰ (ਏਡੀਜ਼) ਸਾਫ਼ ਅਤੇ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ, ਜਦੋਂਕਿ ਮਲੇਰੀਆ ਦਾ ਮੱਛਰ (ਐਨਾਫਲੀਜ਼) ਨਾਲੀਆਂ ਅਤੇ ਛੱਪੜਾਂ ਵਰਗੇ ਗੰਦੇ ਪਾਣੀ ਵਿੱਚ ਪਲਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਆਲੇ-ਦੁਆਲੇ ਸਫ਼ਾਈ ਰੱਖਣ ਅਤੇ ਪਾਣੀ ਜਮ੍ਹਾਂ ਨਾ ਹੋਣ ਦੇਣ।
ਘਰਾਂ ਵਿੱਚ ਇਹ ਸਾਵਧਾਨੀਆਂ ਵਰਤੋ:
ਮੱਛਰਾਂ ਦੀ ਪੈਦਾਇਸ਼ ਨੂੰ ਰੋਕਣ ਲਈ ਸਿਹਤ ਵਿਭਾਗ ਨੇ ਕਈ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਹੈ:
- ਘਰਾਂ ਦੇ ਕੂਲਰਾਂ, ਗਮਲਿਆਂ, ਟਾਇਰਾਂ, ਬਰਤਨਾਂ, ਡਰੰਮਾਂ ਅਤੇ ਫਰਿੱਜਾਂ ਪਿੱਛੇ ਪਈ ਵੇਸਟ ਪਾਣੀ ਦੀ ਟਰੇਅ ਨੂੰ ਲਗਾਤਾਰ ਸਾਫ਼ ਕੀਤਾ ਜਾਵੇ।
- ਘਰਾਂ ਦੇ ਆਲੇ-ਦੁਆਲੇ ਗੰਦਾ ਪਾਣੀ ਖੜ੍ਹਾ ਨਾ ਹੋਣ ਦਿਓ।
- ਜੇਕਰ ਕਿਤੇ ਪਾਣੀ ਖੜ੍ਹਾ ਹੈ ਤਾਂ ਉਸ ‘ਤੇ ਸੜੇ ਹੋਏ ਤੇਲ ਦਾ ਛਿੜਕਾਅ ਕੀਤਾ ਜਾਵੇ।
ਬਚਾਅ ਲਈ ਹੋਰ ਉਪਾਅ
ਸਿਵਲ ਸਰਜਨ ਨੇ ਕਿਹਾ ਕਿ ਮੱਛਰਾਂ ਦੇ ਕੱਟਣ ਤੋਂ ਬਚਣ ਲਈ ਮੱਛਰ ਭਜਾਉਣ ਵਾਲੀਆਂ ਕਰੀਮਾਂ, ਯੰਤਰਾਂ ਅਤੇ ਮੱਛਰਦਾਨੀਆਂ ਦੀ ਵਰਤੋਂ ਕੀਤੀ ਜਾਵੇ। ਜੇਕਰ ਕਿਸੇ ਨੂੰ ਬੁਖਾਰ ਹੋਵੇ ਤਾਂ ਉਸ ਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਕੇ ਜਾਂਚ ਕਰਵਾਉਣੀ ਚਾਹੀਦੀ ਹੈ, ਕਿਉਂਕਿ ਸਮੇਂ ਸਿਰ ਇਲਾਜ ਨਾਲ ਇਨ੍ਹਾਂ ਬਿਮਾਰੀਆਂ ‘ਤੇ ਕਾਬੂ ਪਾਇਆ ਜਾ ਸਕਦਾ ਹੈ।

